ਬਠਿੰਡਾ: ਅੱਜ ਦੇ ਨੌਜਵਾਨ ਚੰਗੀ ਸਿਹਤ ਬਣਾਉਣ ਲਈ ਬਜ਼ਾਰ ਵਿੱਚ ਮਿਲਣ ਵਾਲੇ ਪਾਊਡਰ ਅਤੇ ਐਨਰਜੀ ਡਰਿੰਕ ਦੀ ਵਰਤੋਂ ਕਰਦੇ ਹਨ। ਜਿਸ ਕਾਰਨ ਕਈ ਨੌਜਵਾਨ ਭਿਆਨਕ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਜਾਂਦੇ ਹਨ ਪਰ ਬਠਿੰਡਾ ਦੇ ਮਾਡਲ ਟਾਊਨ ਵਿਚਲੇ ਪਾਸ਼ ਇਲਾਕੇ ਵਿੱਚ ਨਿਹੰਗ ਸਿੰਘ ਵੱਲੋਂ ਤਿਆਰ ਕੀਤੀ ਸ਼ਰਦਾਈ ਦੀ ਦੂਰ-ਦੂਰ ਤੱਕ ਚਰਚਾ ਹੋ ਰਹੀ ਹੈ। 12ਵੀਂ ਪਾਸ ਨਿਹੰਗ ਸਿੰਘ ਮਨਮੋਹਨ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਪੁਰਾਤਨ ਵਿਧੀ ਰਾਹੀਂ ਤਿਆਰ ਕੀਤੀ ਸ਼ਰਦਾਈ ਇਸ ਲਈ ਉਪਲਬਧ ਕਰਾ ਰਿਹਾ ਹੈ ਤਾਂ ਕਿ ਉਹ ਸਿਹਤਮੰਦ ਹੋ ਸਕਣ।
ਐਨਰਜ਼ੀ ਡਰਿੰਕਸ ਤੋਂ ਦੂਰੀ: ਨਿਹੰਗ ਸਿੰਘ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਦੀ ਨੌਜਵਾਨੀ ਨਸ਼ਿਆਂ ਵਿੱਚ ਗ਼ਲਤਾਨ ਹੋ ਚੁੱਕੀ ਹੈ। ਇਨ੍ਹਾਂ ਨਸ਼ਿਆਂ ਕਾਰਨ ਹੀ ਉਹ ਆਪਣੀ ਸਿਹਤ ਨੂੰ ਤਾਕਤਵਰ ਬਣਾਉਣ ਲਈ ਪਾਊਡਰ ਅਤੇ ਐਨਰਜੀ ਡਰਿੰਕ ਦਾ ਇਸਤੇਮਾਲ ਕਰਦੀ ਹੈ, ਜਿਸ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਹੁੰਦੇ ਹਨ ਅਤੇ ਨੌਜਵਾਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਉਹਨਾਂ ਦੱਸਿਆ ਕਿ ਜੋ ਸ਼ਰਦਾਈ ਉਹਨਾਂ ਵੱਲੋਂ ਤਿਆਰ ਕੀਤੀ ਜਾਂਦੀ ਹੈ ਉਸ ਵਿੱਚ ਬਦਾਮ, ਕਾਜੂ, ਖਸਖਸ, ਕਾਲੀ ਮਿਰਚ, ਮਗਜ਼, ਛੋਟੀ ਇਲਾਚੀ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਸਾਰੀਆਂ ਵਸਤੂਆਂ ਨੂੰ ਪੁਰਾਤਨ ਵਿਧੀ ਰਾਹੀਂ ਪਹਿਲਾਂ ਕੁੰਡੇ ਜਿਸ ਨੂੰ ਨਿਹੰਗ ਸਿੰਘ ਸੁਨੇਰਾ ਕਹਿੰਦੇ ਹਨ ਇਕੱਠਿਆਂ ਪਾਇਆ ਜਾਂਦਾ ਹੈ ਫਿਰ ਨਿੰਮ ਦੇ ਘੋਟੇ ਨਾਲ ਇੱਕ ਘੰਟੇ ਤੱਕ ਰਗੜਿਆ ਜਾਂਦਾ ਹੈ, ਫਿਰ ਕੱਪੜੇ ਨਾਲ ਦੋ ਵਾਰ ਛਾਣਿਆ ਜਾਂਦਾ ਹੈ ਅਤੇ ਫਿਰ ਸਰਦਾਈ ਤਿਆਰ ਹੋਣ ਤੋਂ ਬਾਅਦ ਉਸ ਵਿੱਚ ਸ਼ੱਕਰ ਦੀ ਵਰਤੋਂ ਕੀਤੀ ਜਾਂਦੀ ਫਿਰ ਇਹ ਸ਼ਰਦਾਈ ਆਮ ਲੋਕਾਂ ਨੂੰ ਵਰਤਾਈ ਜਾਂਦੀ ਹੈ।
20 ਰੁਪਏ 'ਚ ਸ਼ਰੀਰ ਤਾਕਤਵਰ: ਨਿਹੰਗ ਸਿੰਘ ਮਨਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਤਿਆਰ ਕੀਤੀ ਸ਼ਰਦਾਈ ਵਾਜਬ ਰੇਟ ਵੀਹ ਰੁਪਏ ਪ੍ਰਤੀ ਗਲਾਸ ਵਿੱਚ ਵੇਚੀ ਜਾਂਦੀ ਹੈ। ਪੰਜਾਬ ਦੇ ਨੌਜਵਾਨਾਂ ਨੂੰ ਪੁਰਾਤਨ ਐਨਰਜੀ ਡਰਿੰਕ ਸਸਤੇ ਭਾਅ 'ਤੇ ਉਪਲਬਧ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਸ਼ਰਦਾਈ ਦੇ ਪੀਣ ਨਾਲ ਖੂਨ ਸਾਫ ਹੁੰਦਾ ਹੈ ਅਤੇ ਚਮੜੀ ਦੇ ਰੋਗਾਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਪੇਟ ਦੀਆਂ ਬਿਮਾਰੀਆਂ ਜਿਵੇਂ ਕਿ ਕਬਜ਼, ਗੈਸ ਤੋਂ ਛੁਟਕਾਰਾ ਮਿਲਦਾ ਹੈ। ਉਸ ਤੋਂ ਵੀ ਵੱਡੀ ਗੱਲ ਛੋਟੇ ਬੱਚਿਆਂ ਦੇ ਦਿਮਾਗ ਤੇਜ਼ ਹੁੰਦੇ ਹਨ ਅਤੇ ਸਰੀਰ ਦੀ ਫਿਟਨੈਸ ਬਹੁਤ ਵਧੀਆ ਹੁੰਦੀ ਹੈ। ਮਨਮੋਹਨ ਸਿੰਘ ਨੇ ਕਿਹਾ ਕਿ ਜੇ ਕੋਈ ਵਿਅਕਤੀ ਸ਼ਰਦਾਈ ਨੂੰ ਘਰ ਤਿਆਰ ਕਰਨਾ ਚਾਹੁੰਦਾ ਹੈ ਤਾਂ ਉਹ ਇਸ ਦੀ ਵਿਧੀ ਦੱਸਣ ਨੂੰ ਤਿਆਰ ਹਨ ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਪੁਰਾਤਨ ਐਨਰਜੀ ਡਰਿੰਕ ਨਾਲ ਜੋੜਿਆ ਜਾ ਸਕੇ। ਉਨ੍ਹਾਂ ਨੇ ਪੰਜਾਬ ਦੇ ਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਰਾਹ ਛੱਡ ਕੇ ਆਪਣੀ ਸਿਹਤ ਵੱਲ ਧਿਆਨ ਦੇਣ ਤਾਂ ਜੋ ਉਹ ਅਤੇ ਉਨਹਾਂ ਦੀ ਆਉਣ ਵਾਲੀ ਪੀੜ੍ਹੀ ਸਿਹਤਮੰਦ ਰਹਿ ਸਕੇ।