ਤਲਵੰਡੀ ਸਾਬੋ: ਜ਼ਮੀਨ ਦੇ ਲਾਲਚ ਵਿੱਚ ਇੱਕ ਨੂੰਹ ਵੱਲੋਂ ਆਪਣੇ ਬਜ਼ੁਰਗ ਸਹੁਰੇ ਨੂੰ ਕਤਲ ਕਰਵਾਉਣ ਮਾਮਲਾ ਸਾਹਮਣੇ ਆਇਆ ਹੈ। ਕਤਲ ਕਰਨ ਤੋਂ ਬਾਅਦ ਮੁਲਜ਼ਮਾਂ ਵੱਲੋਂ ਮਾਮਲੇ ਨੂੰ ਖੁਰਦਬੁਰਦ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਮ੍ਰਿਤਕ ਦੀ ਸੁਖਦੇਵ ਸਿੰਘ ਵਜੋਂ ਪਛਾਣ ਹੋਈ ਹੈ। ਜਿਸ ਦੀ ਉਮਰ 68 ਸਾਲ ਦੇ ਕਰੀਬ ਹੈ। ਕਤਲ ਨੂੰ ਅੰਜਾਮ ਦੇਣ ਵਾਲੀ ਨੂੰਹ ਨੇ ਆਪਣੇ ਪਤੀ ਨੂੰ ਸੁਖਦੇਵ ਸਿੰਘ ਦੀ ਮੌਤ ਦਾ ਕਾਰਨ ਖੂਨ ਦੀਆਂ ਉਲਟੀਆਂ ਦੱਸੀਆ ਸਨ।
ਪਰ ਜਦੋਂ ਮ੍ਰਿਤਕ ਸੁਖਦੇਵ ਸਿੰਘ ਦੀ ਲਾਸ਼ ਨੂੰ ਅੰਤਿਮ ਰਸਮਾ ਲਈ ਨਲਾਇਆ ਜਾ ਰਿਹਾ ਸੀ, ਤਾਂ ਉਸ ਦੇ ਸਰੀਰ ‘ਤੇ ਸੱਟ ਦੇ ਨਿਸ਼ਾਨ ਸਨ। ਜਿਸ ਤੋਂ ਬਾਅਦ ਮੌਕੇ ‘ਤੇ ਮੌਜੂਦ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਸੁਖਦੇਵ ਸਿੰਘ ਦੇ ਕਤਲ ਹੋਣ ‘ਤੇ ਸ਼ੱਕ ਜਤਾਇਆ।
ਮੌਕੇ ‘ਤੇ ਮੌਜੂਦ ਲੋਕਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਜਾਣਕਾਰੀ ਮਿਲਣ ਤੋਂ ਬਾਅਦ ਡੀ.ਐੱਸ.ਪੀ. ਮਨੋਜ ਗੋਰਸੀ ਮੌਕੇ ‘ਤੇ ਪਹੁੰਚੇ। ਜਿਨ੍ਹਾਂ ਨੇ ਖੁਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਜਾਂਚ ਅਫ਼ਸਰ ਅਵਤਾਰ ਸਿੰਘ ਨੇ ਕਿਹਾ, ਕਿ ਜ਼ਮੀਨ ਨੂੰ ਲੈਕੇ ਨੂੰਹ ਵੱਲੋਂ ਆਪਣੇ ਹੀ ਸੁਹਰੇ ਦਾ ਕਤਲ ਕੀਤਾ ਗਿਆ ਹੈ।
ਪੁਲਿਸ ਕੋਲ ਮ੍ਰਿਤਕ ਦੇ ਇੱਕ ਪੁੱਤਰ ਜਗਵੀਰ ਸਿੰਘ ਨੇ ਬਿਆਨ ਦਰਜ਼ ਕਰਵਾਏ ਹਨ। ਜਿਸ ਅਨੁਸਾਰ ਉਨ੍ਹਾਂ ਦੀ ਭਰਜਾਈ ਗਗਨਦੀਪ ਕੌਰ ਜਿਸ ਦੇ ਬੇਟਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ, ਅਤੇ ਹੁਣ ਉਸ ਦੀ ਇੱਕ ਕੁੜੀ ਹੈ, ਅਤੇ ਉਹ ਪਰਿਵਾਰ ਨੂੰ ਛੱਡ ਕੇ ਕਿਤੇ ਹੋਰ ਜਾਣਾ ਚਾਹੁੰਦੀ ਸੀ, ਪਰ ਉਸ ਦੀ ਅੱਖ ਉਸ ਦੇ ਸਹੁਰੇ ਦੀ 3-4 ਏਕੜ ਜ਼ਮੀਨ ‘ਤੇ ਸੀ।
ਮੁਲਜ਼ਮ ਔਰਤ ਆਪਣੇ ਸਹੁਰੇ ਤੇ ਆਪਣੇ ਪਤੀ ‘ਤੇ ਦਬਾਅ ਬਣਾਂਉਦੀ ਸੀ, ਕਿ ਜ਼ਮੀਨ ਉਸ ਦੇ ਨਾਮ ਲਗਵਾਈ ਜਾਵੇ, ਪਰ ਉਹ ਦੋਵੇਂ ਲਗਾਤਾਰ ਜਵਾਬ ਦੇ ਰਹੇ ਸਨ। ਜਿਸ ‘ਤੇ ਗਗਨਦੀਪ ਕੌਰ ਨੇ ਆਪਣੀ ਵਚੋਲਣ ਧਨ ਕੌਰ ਅਤੇ ਕੁਝ ਹੋਰ ਲੋਕਾਂ ਦੀ ਸਹਾਇਤਾ ਨਾਲ ਆਪਣੇ ਪਤੀ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਸਹੁਰੇ ਦਾ ਕਤਲ ਕਰ ਦਿੱਤਾ।
ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ, ਕਿ ਮਾਮਲੇ ਦੀ ਗੰਭੀਰਤਾਂ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਹੋਰ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।