ਬਠਿੰਡਾ: ਬਠਿੰਡਾ ਦਿਹਾਤੀ ’ਚ ਪੈਂਦੇ ਪਿੰਡ ਘੁੱਦਾ ਦੇ ਸਰਪੰਚ ਦੇ ਪਤੀ ਤੋਂ ਕਥਿਤ ਤੌਰ ’ਤੇ 4 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਨੂੰ ਅੱਜ ਵੀਰਵਾਰ ਨੂੰ ਜੁਡੀਸ਼ੀਅਲ ਰਿਮਾਂਡ 'ਤੇ 16 ਮਾਰਚ ਤੱਕ ਪਟਿਆਲਾ ਜੇਲ੍ਹ ਭੇਜ ਦਿੱਤਾ ਹੈ।
ਵਿਧਾਇਕ ਅਮਿਤ ਰਤਨ ਨੂੰ ਨਿਆਂਪਾਲਿਕਾ ’ਤੇ ਪੂਰਾ ਭਰੋਸਾ:- ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਨੂੰ 22 ਫਰਵਰੀ ਦੀ ਰਾਤ ਨੂੰ ਰਾਜਪੁਰਾ ਕੋਲੋਂ ਗ੍ਰਿਫ਼ਤਾਰ ਕੀਤਾ ਸੀ। ਉਸੇ ਦਿਨ ਤੋਂ ਹੀ ਉਹ ਪੁਲਿਸ ਰਿਮਾਂਡ ਉੱਤੇ ਹੋਣ ਕਰਕੇ ਵਿਜੀਲੈਂਸ ਦੀ ਹਿਰਾਸਤ ’ਚ ਸੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਨੇ ਕਿਹਾ ਕਿ ਉਹਨਾਂ ਨੂੰ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ। ਵਿਜੀਲੈਂਸ ਦੇ ਡੀਐਸਪੀ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਜੋ ਪੁੱਛਗਿੱਛ ਕੀਤੀ ਜਾਣੀ ਸੀ। ਉਹ ਪੁਲਿਸ ਰਿਮਾਂਡ ਦੌਰਾਨ ਕਰ ਲਈ ਗਈ, ਇਸ ਲਈ ਹੋਰ ਪੁਲਿਸ ਰਿਮਾਂਡ ਨਹੀਂ ਮੰਗਿਆ ਗਿਆ।
ਵਿਧਾਇਕ ਵੱਲੋਂ ਜਾਇਦਾਦ ਦਾ ਪੂਰਾ ਵੇਰਵਾ ਦਿੱਤਾ ਸੀ:- ਉਧਰ ਦੂਜੇ ਪਾਸੇ ਵਿਧਾਇਕ ਅਮਿਤ ਰਤਨ ਦੇ ਵਕੀਲ ਹਰਪਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੁਲਿਸ ਰਿਮਾਂਡ ਦੌਰਾਨ ਵਿਜੀਲੈਂਸ ਵਿਧਾਇਕ ਕੋਲੋਂ ਕੋਈ ਬਰਾਮਦਗੀ ਨਹੀਂ ਕਰਵਾ ਸਕੀ। ਉਨ੍ਹਾਂ ਦਾਅਵਾ ਕੀਤਾ ਕਿ ਵਿਧਾਇਕ ਵੱਲੋਂ ਸਾਲ 2017 ’ਚ ਚੋਣ ਲੜੀ ਗਈ ਸੀ ਤਾਂ ਉਸ ਵੇਲੇ ਵੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਆਪਣੀ ਜਾਇਦਾਦ ਦਾ ਵੇਰਵਾ ਦਿੱਤਾ ਸੀ ਅਤੇ 2022 ਦੀਆਂ ਚੋਣਾਂ ਮੌਕੇ ਵੀ ਦਿੱਤਾ ਗਿਆ ਸੀ। ਜਿਸ ਮੁਤਾਬਿਕ ਵਿਧਾਇਕ ਵੱਲੋਂ ਕੋਈ ਨਵੀਂ ਜਾਇਦਾਦ ਨਹੀਂ ਬਣਾਈ ਗਈ।
ਪਟਿਆਲਾ ਜੇਲ੍ਹ ਭੇਜਣ ਦਾ ਕਾਰਨ ? ਇਸ ਦੌਰਾਨ ਹੀ ਵਕੀਲ ਹਰਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਵਿਧਾਇਕ ਦੀ ਚੰਡੀਗੜ੍ਹ ਰਿਹਾਇਸ਼ ਤੋਂ ਜੋ ਕਾਗਜ਼ਾਤ ਵਿਜੀਲੈਂਸ ਨੇ ਲਏ ਸੀ। ਉਨ੍ਹਾਂ ਦੀ ਪੜਤਾਲ ਦੌਰਾਨ ਵੀ ਵਿਜੀਲੈਂਸ ਨੂੰ ਕੁੱਝ ਨਹੀਂ ਮਿਲਿਆ ਅਤੇ ਨਾ ਹੀ ਪਟਿਆਲਾ ਸਥਿਤ ਰਿਹਾਇਸ਼ ਤੋਂ ਕੁੱਝ ਮਿਲਿਆ। ਅਮਿਤ ਰਤਨ ਨੂੰ ਬਠਿੰਡਾ ਦੀ ਥਾਂ ਪਟਿਆਲਾ ਜੇਲ੍ਹ ਭੇਜੇ ਜਾਣ ਦੇ ਸਵਾਲ ਦੇ ਜਵਾਬ ’ਚ ਉਨ੍ਹਾਂ ਦੱਸਿਆ ਕਿ ਇਹ ਉਨ੍ਹਾਂ ਵੱਲੋਂ ਹੀ ਅਪੀਲ ਕੀਤੀ ਗਈ ਸੀ। ਕਿ ਬਠਿੰਡਾ ਜ਼ੇਲ੍ਹ ਵਿੱਚ ਏ ਕੈਟਾਗਿਰੀ ਦੇ ਨਾਮੀ ਗੈਂਗਸਟਰ ਹਨ, ਜਿੱਥੇ ਵਿਧਾਇਕ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ। ਦੱਸਣਯੋਗ ਹੈ ਕਿ ਇਸੇ ਮਾਮਲੇ ਵਿੱਚ ਇਸ ਤੋਂ ਪਹਿਲਾਂ ਵਿਧਾਇਕ ਦੇ ਨਜ਼ਦੀਕੀ ਰਿਸ਼ਮ ਗਰਗ ਨੂੰ 16 ਫਰਵਰੀ ਨੂੰ ਸਰਕਟ ਹਾਊਸ ਬਠਿੰਡਾ ਤੋਂ ਗ੍ਰਿਫ਼ਤਾਰ ਕੀਤਾ ਸੀ, ਜੋ ਹੁਣ 10 ਮਾਰਚ ਤੱਕ ਜੁਡੀਸ਼ੀਅਲ ਰਿਮਾਂਡ ਉੱਤੇ ਹੈ।
ਇਹ ਵੀ ਪੜੋ:- MLA Amit Ratan: ਆਪ ਵਿਧਾਇਕ ਅਮਿਤ ਰਤਨ ਨੂੰ 2 ਮਾਰਚ ਤੱਕ ਭੇਜਿਆ ਪੁਲਿਸ ਰਿਮਾਂਡ 'ਤੇ