ਬਠਿੰਡਾ: ਰੁਜ਼ਗਾਰ ਦੀ ਤਲਾਸ਼ ਵਿੱਚ, ਜਿੱਥੇ ਪੰਜਾਬ ਦੀ ਨੌਜਵਾਨੀ ਲਗਾਤਾਰ ਵਿਦੇਸ਼ ਦਾ ਰੁੱਖ ਕਰ ਰਹੀ ਹੈ, ਉੱਥੇ ਹੀ ਜ਼ਿਲ੍ਹਾ ਬਠਿੰਡਾ ਦੇ ਨੇੜਲੇ ਪਿੰਡ ਦੇ ਰਹਿਣ ਵਾਲੇ ਨੌਜਵਾਨ ਵੱਲੋਂ ਅਨੋਖਾ ਢੰਗ ਅਪਣਾ ਕੇ ਆਪਣਾ ਸਵੈ ਰੁਜ਼ਗਾਰ ਸ਼ੁਰੂ ਕੀਤਾ ਹੈ। ਇਹ ਢੰਗ-ਤਰੀਕਾ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬਠਿੰਡਾ ਦੇ ਹਨੂੰਮਾਨ ਚੌਂਕ ਨੇੜੇ ਇਮਾਰਤ ਦੀ ਛੱਤ ਉੱਪਰ ਏਅਰ ਫੋਰਸ ਦੇ ਰਿਟਾਇਰਡ ਹੈਲੀਕਾਪਟਰ ਵਿੱਚ ਨੌਜਵਾਨ ਲਵਦੀਪ ਸਿੰਘ ਵੱਲੋਂ ਰੈਸਟੋਰੈਂਟ ਬਣਾਇਆ ਗਿਆ ਹੈ, ਜੋ ਕਿ ਬਠਿੰਡਾ ਵਾਸੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਲੋਕ ਦੂਰੋਂ ਦੂਰੋਂ ਰਿਟਾਇਰਡ ਹੈਲੀਕਾਪਟਰ ਵਿੱਚ ਬਣਾਏ ਗਏ ਰੈਸਟੋਰੈਂਟ ਨੂੰ ਦੇਖਣ ਅਤੇ ਇੱਥੇ ਖਾਣਾ ਖਾਣ ਲਈ ਪਹੁੰਚ ਰਹੇ ਹਨ ਅਤੇ ਵੀਡੀਓ ਅਤੇ ਸੈਲਫੀਆਂ ਲੈ ਰਹੇ ਹਨ।
ਲਵਦੀਪ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਵੱਲੋਂ ਆਪਣੇ ਦੇਸ਼ ਵਿੱਚ ਹੀ ਰਹਿ ਕੇ ਆਪਣਾ ਰੁਜ਼ਗਾਰ ਕਰਨ ਦਾ ਫੈਸਲਾ ਲਿਆ ਗਿਆ। ਕਿਸੇ ਵੱਖਰੇ ਢੰਗ ਨਾਲ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ ਉਨ੍ਹਾਂ ਵੱਲੋਂ ਆਪਣੇ ਹੀ ਰਿਸ਼ਤੇਦਾਰ ਨਾਲ ਰਾਏ ਮਸ਼ਵਰਾ (Helicopter Restaurant Bathinda) ਕੀਤਾ ਗਿਆ ਅਤੇ ਫਿਰ ਉਨਾਂ ਵੱਲੋਂ ਆਰਮੀ ਦਾ ਰਿਟਾਇਰਡ ਹੈਲੀਕਾਪਟਰ ਖ਼ਰੀਦਿਆ ਗਿਆ।
ਕਿਵੇਂ ਦਿੱਤਾ ਪਲਾਨ ਨੂੰ ਸਫਲ ਰੂਪ: ਭਾਵੇਂ ਲਵਦੀਪ ਵੱਲੋਂ ਇਹ ਆਰਮੀ ਦਾ ਰਿਟਾਇਰਡ ਹੈਲੀਕਾਪਟਰ ਖ਼ਰੀਦ ਲਿਆ ਗਿਆ ਸੀ, ਪਰ ਇਸ ਨੂੰ ਬਠਿੰਡਾ ਲੈ ਕੇ ਆਉਣ ਲਈ ਉਨ੍ਹਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਟਰਾਲੇ ਉੱਪਰ ਲਿਆਂਦੇ ਜਾ ਰਹੇ ਹੈਲੀਕਾਪਟਰ ਨੂੰ ਬਠਿੰਡਾ ਤੱਕ ਲਿਆਉਣ ਲਈ ਉਨ੍ਹਾਂ ਨੂੰ ਬੋਰਡ, ਨੀਵੇਂ ਦਰਖਤਾਂ ਅਤੇ ਅੰਡਰ ਬ੍ਰਿਜ ਰਾਹੀਂ ਨਿਕਲਣ ਵਿੱਚ ਵੱਡੀਆਂ ਦਿੱਕਤਾਂ ਪੇਸ਼ ਆਉਣੀਆਂ ਸਨ। ਇਸ ਲਈ ਉਨ੍ਹਾਂ ਵੱਲੋਂ ਪਹਿਲਾਂ ਇਸ ਰਿਟਾਇਰਡ ਹੈਲੀਕਾਪਟਰ ਨੂੰ ਬਠਿੰਡਾ ਲੈ ਕੇ ਆਉਣ ਲਈ ਰੂਟ ਪਲਾਨ ਕਰਨਾ ਪਿਆ ਅਤੇ ਫਿਰ ਇਸ ਰਿਟਾਇਰਡ ਹੈਲੀਕਾਪਟਰ ਨੂੰ ਬਠਿੰਡਾ ਲਿਆ ਕੇ ਹੈਡ ਰਿਹਾ ਰਾਹੀਂ ਛੱਤ ਉੱਤੇ ਰੱਖਵਾਇਆ।
ਅਜੇ ਵੀ ਰੇਸਟੋਰੈਂਟ ਵਿੱਚ ਕੰਮ ਜਾਰੀ: ਫਿਰ ਮੋਡੀਫਾਈ ਕਰਕੇ ਇਸ ਵਿੱਚ 24 ਲੋਕਾਂ ਦੇ ਬੈਠ ਕੇ ਖਾਣਾ ਖਾਣ ਦਾ ਪ੍ਰਬੰਧ ਕੀਤਾ ਗਿਆ ਅਤੇ ਰਿਟਾਇਰਡ ਹੈਲੀਕਾਪਟਰ ਮੋਡੀਫਿਕੇਸ਼ਨ ਲਗਾਤਾਰ ਕੀਤੀ ਜਾ ਰਹੀ ਹੈ। ਭਾਵੇਂ ਹਾਲੇ ਹੈਲੀਕਾਪਟਰ ਵਿਚਲਾ ਰੈਸਟੋਰੈਂਟ ਪੂਰੀ ਤਰ੍ਹਾਂ ਬਣ ਕੇ ਤਿਆਰ ਨਹੀਂ ਹੋਇਆ, ਪਰ ਇਹ ਰੈਸਟੋਰੈਂਟ ਲੋਕਾਂ ਦੀ ਖਿੱਚ ਦਾ ਕੇਂਦਰ ਲਗਾਤਾਰ ਬਣਿਆ ਹੋਇਆ ਹੈ। ਲੋਕ ਦੂਰੋਂ ਦੂਰੋਂ ਉਹਨਾਂ ਦੇ ਹੈਲੀਕਾਪਟਰ ਵਿੱਚ ਬਣੇ ਹੋਏ ਰੈਸਟੋਰੈਂਟ ਵਿੱਚ ਖਾਣਾ ਖਾਣ ਲਈ ਆਉਂਦੇ ਹਨ।
3-4 ਤਰ੍ਹਾਂ ਦਾ ਫੂਡ ਉਪਲਬਧ: ਇਸ ਰੇਸਤਰਾਂ ਵਿੱਚ ਚਾਈਨੀਜ਼, ਇਟਾਈਲਨ, ਥਾਈ ਅਤੇ ਇੰਡੀਅਨ ਖਾਣਾ ਉਪਲਬਧ ਕਰਾਇਆ ਜਾ ਰਿਹਾ ਹੈ। ਲਵਦੀਪ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੋ ਚੀਜ਼ਾਂ ਦਾ ਸਭ ਤੋਂ ਵੱਧ ਖਿਆਲ ਰੱਖਿਆ ਜਾਂਦਾ ਹੈ ਕਿ ਉਹ ਵਧੀਆ ਖਾਣੇ ਦੇ ਨਾਲ ਨਾਲ ਚੰਗਾ ਟੇਸਟ ਆਪਣੇ ਗਾਹਕਾਂ ਨੂੰ ਦੇ ਸਕਣ। ਉਨ੍ਹਾਂ ਦੱਸਿਆ ਕਿ ਖਾਣਾ ਅਤੇ ਹੋਰ ਡਿਸ਼ ਤਿਆਰ ਕਰਨ ਲਈ ਵਧੀਆਂ ਕੁੱਕ ਰੱਖੇ ਗਏ ਹਨ।
ਨੌਜਵਾਨਾਂ ਲਈ ਮਿਸਾਲ ਕਾਇਮ: ਲਵਦੀਪ ਸਿੰਘ ਨੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ ਜਾਣ ਦੀ ਬਜਾਏ ਭਾਰਤ ਵਿੱਚ ਰਹਿ ਕੇ ਆਪਣਾ ਰੁਜ਼ਗਾਰ ਕਰਨ ਆਪਣੀ ਸਿਹਤ ਦਾ ਖਿਆਲ ਰੱਖਣ ਅਤੇ ਨਸ਼ਿਆਂ ਤੋਂ ਦੂਰ ਰਹਿਣ, ਇੱਕ ਚੰਗੀ ਸੋਚ ਅਪਣਾ ਕੇ ਕਾਰੋਬਾਰ ਸ਼ੁਰੂ ਕਰਨ, ਤਾਂ ਲੋਕ ਵੀ ਉਨਾਂ ਦਾ ਸਾਥ ਦੇਣ। ਲਵਦੀਪ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹੈਲੀਕਾਪਟਰ ਵਿੱਚ ਸ਼ੁਰੂ ਕੀਤੇ ਗਏ ਰੇਸਟੋਰੈਂਟ ਵਿੱਚ ਖਾਣਾ ਖਾਣ ਦੀ ਕੋਈ ਵਾਧੂ ਚਾਰਜ ਨਹੀਂ ਲਿਆ ਜਾਂਦਾ।