ਬਠਿੰਡਾ : ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਨਾ ਮਿਲਣ ਤੋਂ ਪਰੇਸ਼ਾਨ ਤਲਵੰਡੀ ਸਾਬੋ ਵਿਖੇ ਇਕ ਵਿਅਕਤੀ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਵਿਅਕਤੀ ਵੱਲੋਂ ਜ਼ਹਿਰੀਲੀ ਵਸਤੂ ਨਿਗਲ ਸਮੇਂ ਬਣਾਈ ਗਈ ਵੀਡੀਓ ਸੋਸ਼ਲ ਮੀਡੀਆ ਉਤੇ ਹੋਈ ਵਾਇਰਲ ਹੋ ਰਹੀ ਹੈ। ਇਸ ਦੇ ਰੋਸ ਵਜੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਥਾਣਾ ਤਲਵੰਡੀ ਸਾਬੋ ਅੱਗੇ ਹੰਗਾਮਾ ਕੀਤਾ ਗਿਆ। ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਜਦਕਿ ਪੁਲਿਸ ਨੇ ਮ੍ਰਿਤਕ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਅੱਠ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਵੀਡੀਓ ਵਿਚ ਜ਼ਹਿਰੀਲੀ ਵਸਤੂ ਨਿਗਲ ਰਿਹਾ ਤਲਵੰਡੀ ਸਾਬੋ ਦਾ ਰਹਿਣ ਵਾਲਾ ਚਾਰ ਕੁੜੀਆਂ ਦਾ ਬੇਬਸ ਪਿਤਾ ਪੁਲਿਸ ਪ੍ਰਸ਼ਾਸਨ ਵੱਲੋਂ ਇਨਸਾਫ ਨਾ ਮਿਲਣ ਕਾਰਨ ਪ੍ਰੇਸ਼ਾਨ ਸੀ।
ਮ੍ਰਿਤਕ ਦੀ ਲੜਕੀ ਨੂੰ ਵਰਗਲਾ ਕੇ ਲੈ ਗਿਆ ਸੀ ਪਿੰਡ ਦਾ ਹੀ ਨੌਜਵਾਨ : ਜਾਣਕਾਰੀ ਅਨੁਸਾਰ ਪਿਛਲੇ ਮਹੀਨੇ ਮ੍ਰਿਤਕ ਦੀ ਇੱਕ ਲੜਕੀ ਨੂੰ ਉਨ੍ਹਾਂ ਦੇ ਹੀ ਗੁਆਂਢ ਵਿੱਚ ਰਹਿੰਦਾ ਇੱਕ ਲੜਕਾ ਕਥਿਤ ਤੌਰ ਉਤੇ ਵਰਗਲਾ ਕੇ ਲੈ ਗਿਆ। ਭਾਵੇਂ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਲੜਕੇ ਖਿਲਾਫ ਮਾਮਲਾ ਵੀ ਦਰਜ ਕੀਤਾ ਸੀ, ਪਰ ਉਸ ਦੀ ਗ੍ਰਿਫ਼ਤਾਰੀ ਅਤੇ ਲੜਕੀ ਨਾ ਮਿਲਣ ਕਾਰਨ ਪੀੜਤ ਲਗਾਤਾਰ ਪੁਲਿਸ ਥਾਣੇ ਦੇ ਚੱਕਰ ਕੱਢ ਰਿਹਾ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਪੀੜਤ ਨੇ ਤਲਵੰਡੀ ਸਾਬੋ ਥਾਣੇ ਤੋਂ ਕੁਝ ਦੂਰੀ ਉਤੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਧਰ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਥਾਣਾ ਤਲਵੰਡੀ ਸਾਬੋ ਅੱਗੇ ਆ ਕੇ ਹੰਗਾਮਾ ਕੀਤਾ ਤੇ ਮੌਤ ਦੇ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਾਇਆ ਕਿ ਪੁਲਿਸ ਨੇ ਸਖਤ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਾਰਿਆਂ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਉਹ ਥਾਣੇ ਅੱਗੇ ਰੋਸ ਪ੍ਰਦਰਸ਼ਨ ਕਰਨਗੇ।
- ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ 26 ਜੂਨ ਨੂੰ ਸੱਦਿਆ ਜਨਰਲ ਇਜਲਾਸ, ਪੜ੍ਹੋ ਕਿਹੜੇ ਚੁੱਕੇ ਜਾਣਗੇ ਮੁੱਦੇ
- ਪੰਜਾਬ ਦੇਵੇਗਾ ਕਰਨਾਟਕਾ ਨੂੰ ਚੌਲ਼, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਭਰੀ ਹਾਮੀ, ਪੜ੍ਹੋ ਕਰਨਾਟਕਾ ਦੇ ਕਾਂਗਰਸੀ ਵਰਕਰ ਕਿਉਂ ਕਰ ਰਹੇ ਬੀਜੇਪੀ ਦਾ ਵਿਰੋਧ
- ਨਸ਼ਾ ਤਸਕਰ ਨੂੰ ਰਿਸ਼ਵਤ ਲੈਕੇ ਛੱਡਣ ਦੇ ਮਾਮਲੇ 'ਚ ਪੁਲਿਸ ਮੁਲਾਜ਼ਮਾਂ ਉੱਤੇ ਕਾਰਵਾਈ
ਪੁਲਿਸ ਕਰ ਰਹੀ ਡੂੰਘਾਈ ਨਾਲ ਜਾਂਚ : ਇੱਥੇ ਦੱਸਣਾ ਬਣਦਾ ਹੈ ਕਿ ਮ੍ਰਿਤਕ ਆਪਣੇ ਪਿੱਛੇ ਚਾਰ ਕੁੜੀਆਂ ਅਤੇ ਇੱਕ ਮੁੰਡਾ ਛੱਡ ਗਿਆ ਹੈ, ਜਦਕਿ ਉਹ ਆਪਣੀਆਂ ਭੈਣਾਂ ਦਾ ਇਕਲੌਤਾ ਭਰਾ ਸੀ। ਉਧਰ ਤਲਵੰਡੀ ਸਾਬੋ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਬਕਾ ਐਮਸੀ ਸਮੇਤ ਅੱਠ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਡੀਐਸਪੀ ਤਲਵੰਡੀ ਸਾਬੋ ਦਾ ਕਹਿਣਾ ਹੈ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।