ਬਠਿੰਡਾ: ਜ਼ਿਲ੍ਹੇ ਦੇ ਰਹਿਣ ਵਾਲੇ ਕੁਝ ਨੌਜਵਾਨਾਂ ਵੱਲੋਂ ਇੱਕ ਪੰਥ ਦੋ ਕਾਜ ਕਰਦੇ ਹੋਏ ਇੱਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਨੌਜਵਾਨਾਂ ਵੱਲੋਂ ਗਰੀਬ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਵਾਤਾਵਰਣ ਨੂੰ ਬਚਾਉਣ ਲਈ ਇੱਕ ਬੁੱਕ ਬੈਂਕ ਖੋਲ੍ਹਿਆ ਗਿਆ ਹੈ। ਨੌਜਵਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਪੁਰਾਣੀਆਂ ਕਿਤਾਬਾਂ ਲਿਆ ਕੇ ਅੱਗੇ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਵਿੱਚ ਪੜ੍ਹਨ ਲਈ ਦਿੱਤੀਆਂ ਜਾਂਦੀਆਂ ਹਨ।
ਕਿਉਂ ਸ਼ੁਰੂੂ ਕੀਤਾ ਨਿਵੇਕਲਾ ਉਪਰਾਲਾ?: ਬਠਿੰਡਾ ਦੇ ਹੀ ਰਹਿਣ ਵਾਲੇ ਐਡਵੋਕੇਟ ਪਾਰਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਕੁਝ ਦੋਸਤਾਂ ਨਾਲ ਰਲ ਕੇ ਇੱਕ ਨਿਵੇਕਲਾ ਉਪਰਾਲਾ ਇਸ ਲਈ ਆਰੰਭਿਆ ਗਿਆ ਹੈ ਤਾਂ ਜੋ ਵੀ ਲੋੜਵੰਦ ਵਿਦਿਆਰਥੀ ਉਚੇਰੀ ਸਿੱਖਿਆ ਪ੍ਰਾਪਤ ਕਰਨਾ ਚਾਹੁੰਦਾ ਹੈ ਪਰ ਉਸ ਨੂੰ ਕਿਤਾਬਾਂ ਖ਼ਰੀਦਣ ਵਿੱਚ ਸਮੱਸਿਆ ਆ ਰਹੀ ਹੈ ਤਾਂ ਉਹ ਆਪਣੇ ਤੌਰ ਪੱਧੜ ’ਤੇ ਉਸ ਵਿਦਿਆਰਥੀ ਲਈ ਮੁਫ਼ਤ ਵਿੱਚ ਪੁਰਾਣੀਆਂ ਕਿਤਾਬਾਂ ਉਪਲੱਬਧ ਕਰਾਉਂਦੇ ਹਨ। ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਕਿਤਾਬਾਂ ਲੋਕਾਂ ਤੋਂ ਮੁਫ਼ਤ ਵਿੱਚ ਹੀ ਲਈਆਂ ਜਾਂਦੀਆਂ ਹਨ ਅਤੇ ਇਸ ਕਾਰਜ ਵਿੱਚ ਸਿਰਫ਼ ਇੱਕ ਕੜੀ ਦਾ ਕੰਮ ਕਰਦੇ ਹਨ ਤਾਂ ਜੋ ਗ਼ਰੀਬ ਵਿਦਿਆਰਥੀ ਅੱਗੇ ਪੜ੍ਹ ਸਕਣ।
ਨੌਜਵਾਨਾਂ ਦੀ ਸਰਕਾਰ ਨੂੰ ਸਲਾਹ: ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਪੇਪਰ ਬਣਾਉਣ ਲਈ ਕੱਟੇ ਜਾ ਰਹੇ ਦਰੱਖਤਾਂ ਨੂੰ ਬਚਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਇਆ ਦੀਆਂ ਪੁਰਾਣੀਆਂ ਕਿਤਾਬਾਂ ਰੱਦੀ ਕਰ ਦਿੱਤੀਆਂ ਜਾਂਦੀਆਂ ਹਨ ਇਸ ਲਈ ਉਨ੍ਹਾਂ ਵੱਲੋਂ ਆਪਣੇ ਤੌਰ ਉੱਪਰ ਕੁਝ ਦੋਸਤਾਂ ਨਾਲ ਰਲ ਕੇ ਇਹ ਬੁੱਕ ਬੈਂਕ ਬਣਾਇਆ ਗਿਆ ਹੈ ਤਾਂ ਜੋ ਇਕ ਪੰਥ ਦੋ ਕਾਜ ਕਰਕੇ ਵਾਤਾਵਰਣ ਨੂੰ ਬਚਾ ਸਕਣ ਅਤੇ ਗਰੀਬ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਕਿਤਾਬਾਂ ਦਾ ਪ੍ਰਬੰਧ ਕਰਕੇ ਦੇ ਸਕਣ।
ਕਿਤਾਬਾਂ ਮੁਫਤ ’ਚ ਕਰਵਾਈਆਂ ਜਾਦੀਆਂ ਨੇ ਉਪਲਬਧ: ਪਾਰਸ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਵੱਲੋਂ ਲੋਕਾਂ ਨੂੰ ਅਪੀਲ ਕਰਕੇ ਹੀ ਇਹ ਕਿਤਾਬਾਂ ਮੁਫ਼ਤ ਵਿੱਚ ਲਿਆ ਕੇ ਗਰੀਬ ਵਿਦਿਆਰਥੀਆਂ ਨੂੰ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿਸ ਵੀ ਕਿਸੇ ਵੀ ਕੋਲ ਪੁਰਾਣੀਆਂ ਕਿਤਾਬਾਂ ਪਿਛਲੀ ਕਲਾਸ ਦੀਆਂ ਪਈਆਂ ਹਨ ਉਹ ਉਨ੍ਹਾਂ ਨੂੰ ਸਕਦੇ ਹਨ ਅਤੇ ਨਵੀਂਆਂ ਅਗਲੇਰੀ ਕਲਾਸ ਦੀਆਂ ਕਿਤਾਬਾਂ ਉਨ੍ਹਾਂ ਤੋਂ ਲੈ ਜਾਵੇ ਇਹ ਕੰਮ ਮੁਫ਼ਤ ਵਿੱਚ ਹੀ ਉਨ੍ਹਾਂ ਵੱਲੋਂ ਇੱਕ ਕੜੀ ਦੇ ਤੌਰ ਉਪਰ ਕੀਤਾ ਜਾ ਰਿਹਾ ਹੈ।
ਨੌਜਵਾਨਾਂ ਦੀ ਲੋਕਾਂ ਨੂੰ ਅਪੀਲ: ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਡੀ ਪੱਧਰ ਉੱਤੇ ਇਸ ਮੁਹਿੰਮ ਨਾਲ ਜੁੜੋ ਤਾਂ ਜੋ ਵਾਤਾਵਰਣ ਅਤੇ ਗਰੀਬ ਵਿਦਿਆਰਥੀ ਦੋਵਾਂ ਨੂੰ ਹੀ ਫਾਇਦਾ ਪਹੁੰਚਾਇਆ ਜਾ ਸਕੇ। ਨੌਜਵਾਨ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਸਾਲ ਸਿਲੇਬਸ ਬਦਲਣ ਗੁਰੇਜ਼ ਕੀਤਾ ਜਾਵੇ। ਐਡੋਵਕੇਟ ਪਾਰਸ ਸ਼ਰਮਾ ਦਾ ਕਹਿਣਾ ਹੈ ਕਿ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਦਰੱਖਤ ਸਿਰਫ ਇਸ ਲਈ ਕੱਟੇ ਜਾਂਦੇ ਹਨ ਕਿ ਪੇਪਰ ਤਿਆਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਦਰੱਖਤਾਂ ਦੀ ਕਟਾਈ ਨਾਲ ਸਾਡਾ ਵਾਤਾਰਵਣ ਲਗਾਤਾਰ ਖਰਾਬ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਧਰਤੀ ਦਾ ਤਾਪਮਾਨ ਵੀ ਲਗਾਤਾਰ ਵਧ ਰਿਹਾ ਹੈ ਅਤੇ ਗਲੋਬਲ ਵਾਰਮਿੰਗ ਦਾ ਅਸਰ ਲਗਾਤਾਰ ਵਧਣ ਕਾਰਨ ਪ੍ਰਦੂਸ਼ਣ ਵਿੱਚ ਵਾਧਾ ਹੋ ਰਿਹਾ ਹੈ।
ਸਿਲੇਬਸ ਬਦਲਣ ਤੋਂ ਗੁਰੇਜ ਕਰੇ ਸਰਕਾਰ: ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਕੂਲਾਂ ਵਿੱਚ ਹਰ ਸਾਲ ਬਦਲੇ ਜਾ ਰਹੇ ਸਿਲੇਬਸ ’ਤੇ ਰੋਕ ਲਾਈ ਜਾਵੇ ਤਾਂ ਜੋ ਵੱਡੀ ਗਿਣਤੀ ਵਿਚ ਰੱਦੀ ਬਣ ਰਹੀਆਂ ਕਿਤਾਬਾਂ ਦਾ ਬਚਾਅ ਹੋ ਸਕੇ ਅਤੇ ਇੰਨ੍ਹਾਂ ਕਿਤਾਬਾਂ ਵਿਚਲੇ ਪੇਪਰ ਨੂੰ ਬਣਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਕੱਟੇ ਜਾ ਰਹੇ ਦਰੱਖਤਾਂ ਨੂੰ ਵੀ ਠੱਲ੍ਹ ਪੈ ਸਕੇ।
ਮਿੰਨੀ ਬੁੱਕ ਬੈਂਕ ਲਈ ਸਾਂਝੀ ਥਾਂ ਦੀ ਮੰਗ: ਐਡਵੋਕੇਟ ਪਰ ਸ਼ਰਮਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਇਸ ਉਪਰਾਲੇ ਦਾ ਘੇਰਾ ਵੱਡਾ ਕਰਨ ਲਈ ਸਰਕਾਰ ਸਾਨੂੰ ਕਿਤੇ ਸਾਂਝੀ ਜਗ੍ਹਾ ਉਪਲੱਬਧ ਕਰਾਵੇ ਤਾਂ ਜੋ ਅਸੀਂ ਉੱਥੇ ਮਿੰਨੀ ਬੁੱਕ ਬੈਂਕ ਬਣਾ ਸਕੀਏ ਅਤੇ ਗਰੀਬ ਵਿਦਿਆਰਥੀਆਂ ਨੂੰ ਮੁਫ਼ਤ ਵਿੱਚ ਪੁਰਾਣੀਆਂ ਕਿਤਾਬਾਂ ਉਪਲੱਬਧ ਕਰਵਾ ਕੇ ਉਨ੍ਹਾਂ ਦੀ ਉਚੇਰੀ ਸਿੱਖਿਆ ਵਿੱਚ ਬਣਦਾ ਯੋਗਦਾਨ ਪਾਇਆ ਜਾ ਸਕੇ।
ਇਹ ਵੀ ਪੜ੍ਹੋ: ਆਖਿਰ ਕੌਣ ਹੈ ਤਜਿੰਦਰ ਬੱਗਾ: ਅਰੁੰਧਤੀ ਰਾਏ ਨੂੰ ਕਸ਼ਮੀਰੀਆਂ ਦਾ ਦੁਸ਼ਮਣ ਕਹਿਣ ਕਾਰਨ ਸੁਰਖੀਆਂ 'ਚ ਆਏ, ਪੜ੍ਹੋ ਪੂਰੀ ਖ਼ਬਰ