ਬਠਿੰਡਾ : ਪੰਜਾਬ ਦੀ ਨੌਜਵਾਨੀ ਜਿੱਥੇ ਅੱਜ ਰੁਜ਼ਗਾਰ ਦੀ ਭਾਲ ਵਿਚ ਵਿਦੇਸ਼ਾਂ ਦਾ ਰੁਖ ਕਰ ਰਹੀ ਹੈ, ਉਥੇ ਹੀ ਬਠਿੰਡਾ ਦੇ ਪਿੰਡ ਤਿਉਣਾ ਦੇ ਰਹਿਣ ਵਾਲੇ ਬਲਜੀਤ ਸਿੰਘ ਵੱਲੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਪਿੰਡ ਵਿੱਚ ਹੀ ਮਾਡਰਨ ਡੇਅਰੀ ਫਾਰਮ ਬਣਾ ਕੇ ਲੱਖਾਂ ਰੁਪਏ ਦੀ ਕਮਾਈ ਕੀਤੀ ਜਾ ਰਹੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ 2002 ਵਿਚ ਗ੍ਰੈਜੂਏਸ਼ਨ ਕੀਤੀ ਗਈ ਸੀ ਉਪਰੰਤ ਉਸ ਵੱਲੋਂ ਘਰ ਹੀ ਦੋ ਗਾਵਾਂ ਰੱਖ ਕੇ ਦੁੱਧ ਦਾ ਕਾਰੋਬਾਰ ਸ਼ੁਰੂ ਕੀਤਾ ਗਿਆ ਅਤੇ ਫਿਰ ਉਹ ਪੰਜਾਬ ਡੇਅਰੀ ਫਾਰਮਿੰਗ ਐਸੋਸੀਏਸ਼ਨ ਨਾਲ ਜੁੜਿਆ ਅਤੇ ਅੱਜ ਉਹ ਡੇਅਰੀ ਫਾਰਮਿੰਗ ਦੇ ਧੰਦੇ ਵਿੱਚੋਂ ਲੱਖਾਂ ਰੁਪਏ ਦੀ ਆਮਦਨ ਲੈ ਰਿਹਾ ਹੈ।
ਕਿਸਾਨਾਂ ਨੂੰ ਅਪਨਾਉਣੇ ਚਾਹੀਦੇ ਨੇ ਸਹਾਇਕ ਧੰਦੇ : ਬਲਜੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਆਮ ਤੌਰ ਉੱਤੇ ਕਿਸਾਨਾਂ ਵੱਲੋਂ ਖੇਤੀਬਾੜੀ ਇਕ ਸਾਲ ਅੰਦਰ ਦੋ ਫਸਲਾਂ ਲਈਆਂ ਜਾਂਦੀਆਂ ਹਨ, ਜਿੰਨੀ ਵੀ ਆਮਦਨ ਛੇ ਮਹੀਨਿਆਂ ਤੋਂ ਕਿਸਾਨਾਂ ਨੂੰ ਹੁੰਦੀ ਹੈ ਅਤੇ ਖਰਚਾ ਹਰ ਰੋਜ਼ ਕਰਨਾ ਪੈਂਦਾ ਹੈ, ਜਿਸ ਕਾਰਨ ਪੰਜਾਬ ਦੀ ਕਿਸਾਨੀ ਕਰਜ਼ੇ ਦੇ ਬੋਝ ਥੱਲੇ ਲਗਾਤਾਰ ਦੱਬ ਰਹੀ ਹੈ। ਜੇਕਰ ਖੇਤੀਬਾੜੀ ਦੇ ਨਾਲ-ਨਾਲ ਪੰਜਾਬ ਦੇ ਕਿਸਾਨ ਸਹਾਇਕ ਧੰਦਿਆਂ ਨੂੰ ਅਪਣਾਉਣ ਤਾਂ ਉਹਨਾਂ ਨੂੰ ਰੋਜ਼ਾਨਾ ਆਮਦਨ ਹੋ ਸਕਦੀ ਹੈ ਅਤੇ ਉਹ ਖੇਤੀਬਾੜੀ ਨੂੰ ਵੀ ਲਾਹੇਵੰਦ ਧੰਦਾ ਅਪਣਾ ਸਕਦੇ ਹਨ। ਡੇਅਰੀ ਫਾਰਮਿੰਗ ਬਾਰੇ ਦੱਸਦੇ ਹੋਏ ਬਲਜੀਤ ਸਿੰਘ ਨੇ ਕਿਹਾ ਕਿ ਉਸ ਵਲੋਂ ਵੀ ਇਕ ਸਾਲ ਅੰਦਰ ਖੇਤੀਬਾੜੀ ਤੋਂ ਦੋ ਫ਼ਸਲਾਂ ਹੀ ਲਈਆਂ ਜਾਂਦੀਆਂ ਹਨ ਪਰ ਇਕ ਸਾਲ ਵਿਚ ਤਿੰਨ ਮਹੀਨੇ ਕਿਸਾਨਾਂ ਦੀ ਜ਼ਮੀਨ ਖਾਲੀ ਪਈ ਰਹਿੰਦੀ ਹੈ। ਇਸ ਸਮੇਂ ਦੌਰਾਨ ਆਪਣੇ ਖੇਤਾਂ ਵਿੱਚ ਮੱਕੀ ਬੀਜੀ ਗਈ ਹੈ ਤਾਂ ਜੋ ਪਸ਼ੂਆਂ ਲਈ ਵੀ ਹਰਾ ਚਾਰਾ ਬਣੇ ਅਤੇ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਤੋਂ ਤੂੜੀ ਤਿਆਰ ਕੀਤੀ ਜਾਂਦੀ ਹੈ ਅਤੇ ਜਿਸ ਨਾਲ ਉਸਦੇ ਡੇਅਰੀ ਫਾਰਮਿੰਗ ਵਿਚ ਖਰਚੇ ਬਹੁਤ ਘੱਟ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਸਿਰਫ ਫ਼ੀਡ ਫਾਰਮਿੰਗ ਦੇ ਧੰਦੇ ਲਈ ਬਾਜ਼ਾਰ ਤੋਂ ਖਰੀਦ ਕਰਨੀ ਪੈਂਦੀ ਹੈ। ਅੱਜ ਉਸ ਕੋਲ 15 ਤੋਂ 20 ਪਸ਼ੂ ਹਨ, ਜਿਨ੍ਹਾਂ ਤੋਂ ਉਸ ਨੂੰ ਰੋਜ਼ਾਨਾ 2 ਵੇਲੇ ਆਮਦਨ ਹੁੰਦੀ ਹੈ ਅਤੇ ਉਸ ਵੱਲੋਂ 50 ਰੁਪਏ ਪ੍ਰਤੀ ਲੀਟਰ ਗਾਵਾਂ ਦਾ ਦੁੱਧ ਸ਼ਹਿਰ ਵਿਚ ਸਪਲਾਈ ਕੀਤਾ ਜਾਂਦਾ ਹੈ। ਇਸ ਤੋ ਇਲਾਵਾ ਹਰ ਸਾਲ ਉਸ ਵੱਲੋਂ ਗਾਵਾਂ ਦੀ ਬਾਰਿਟ ਤਿਆਰ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਗਾਵਾਂ ਨੂੰ ਅੱਗੇ ਵੇਚ ਦਿੱਤਾ ਜਾਂਦਾ ਹੈ। ਸਿਰਫ ਇਕ ਲੱਖ ਰੁਪਏ ਨਾਲ ਸ਼ੁਰੂ ਕੀਤੇ ਇਸ ਕਾਰੋਬਾਰ ਤੋਂ ਉਹ ਇਸ ਸਮੇਂ 2 ਤੋਂ 3 ਲੱਖ ਰੁਪਏ ਪ੍ਰਤੀ ਮਹੀਨਾ ਅਮਦਨ ਲੈ ਰਿਹਾ ਹੈ।