ਬਠਿੰਡਾ: ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਕੋਈ ਵੀ ਵਿਅਕਤੀ ਕਿਸੇ ਲਈ ਇਨ੍ਹਾਂ ਸਮਾਂ ਨਹੀਂ ਕੱਢਦਾ ਕਿ ਉਹ ਉਸਦੇ ਕਿਸੇ ਦੁੱਖ ਸੁੱਖ ਵਿੱਚ ਕੰਮ ਆ ਸਕੇ ਪਰ ਬਠਿੰਡਾ ਦਾ ਰਹਿਣ ਵਾਲਾ ਅਧਿਆਪਕ ਜੋੜੇ ਵੱਲੋਂ ਹੁਣ ਅਜਿਹੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ ਜਿਸ ਦੀ ਸ਼ਹਿਰ ਵਾਸੀ ਵੱਡੀ ਪੱਧਰ ਉੱਪਰ ਪ੍ਰਸ਼ੰਸਾ ਕਰ ਰਹੇ ਹਨ।
![ਬਠਿੰਡਾ ਦਾ ਅਧਿਆਪਕ ਜੋੜਾ ਫੁੱਟਪਾਥਾਂ ਤੇ ਜਾ ਬੱਚਿਆਂ ਨੂੰ ਰੋਜ਼ਾਨਾ ਦੇ ਰਿਹਾ ਸਿੱਖਿਆ ਮੁਫਤ](https://etvbharatimages.akamaized.net/etvbharat/prod-images/15987213__aspera.jpg)
ਪਤੀ ਪਤਨੀ ਦਾ ਨੇਕ ਉਪਰਾਲਾ: ਬਠਿੰਡਾ ਦੇ ਵੱਖ ਵੱਖ ਚੌਂਕਾਂ ਵਿੱਚ ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੇ ਬੱਚਿਆਂ ਨੂੰ ਪੜ੍ਹਾਉਣ ਦਾ ਜ਼ਿੰਮਾ ਅਧਿਆਪਕ ਸੁਖਪਾਲ ਸਿੰਘ ਅਤੇ ਉਸਦੀ ਪਤਨੀ ਛਿੰਦਰਪਾਲ ਕੌਰ ਵੱਲੋਂ ਚੁੱਕਿਆ ਜਾ ਰਿਹਾ ਹੈ। ਬਠਿੰਡਾ ਦੇ ਪਾਵਰ ਹਾਊਸ ਰੋਡ ’ਤੇ ਖੁੱਲ੍ਹੇ ਆਸਮਾਨ ਥੱਲੇ ਫੁੱਟਪਾਥ ’ਤੇ ਇਨ੍ਹਾਂ ਬੱਚਿਆਂ ਨੂੰ ਰੋਜ਼ਾਨਾ ਛੇ ਤੋਂ ਸੱਤ ਇਕ ਘੰਟੇ ਤੱਕ ਅਧਿਆਪਕ ਜੋੜਾ ਪੜ੍ਹਾਉਂਦਾ ਹੈ।
![ਬਠਿੰਡਾ ਦਾ ਅਧਿਆਪਕ ਜੋੜਾ ਫੁੱਟਪਾਥਾਂ ਤੇ ਜਾ ਬੱਚਿਆਂ ਨੂੰ ਰੋਜ਼ਾਨਾ ਦੇ ਰਿਹਾ ਸਿੱਖਿਆ ਮੁਫਤ](https://etvbharatimages.akamaized.net/etvbharat/prod-images/15987213_bt_aspera.jpg)
ਭੀਖ ਮੰਗਣ ਵਾਲੇ ਬੱਚਿਆਂ ਦੇ ਭਵਿੱਖ ਨੂੰ ਸੁਧਾਰਨ ਦਾ ਚੁੱਕਿਆ ਜ਼ਿੰਮਾ: ਅਧਿਆਪਕ ਸਤਪਾਲ ਸਿੰਘ ਨੇ ਦੱਸਿਆ ਕਿ ਉਸਦੀ ਡਿਊਟੀ ਸਰਕਾਰੀ ਐਲੀਮੈਂਟਰੀ ਸਕੂਲ ਨਥਾਣਾ ਵਿਖੇ ਹੈ ਇਸ ਤੋਂ ਪਹਿਲਾਂ ਉਸ ਵੱਲੋਂ ਆਪਣੇ ਨਿੱਜੀ ਖ਼ਰਚ ਤੇ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਆਪਣੇ ਸਰਕਾਰੀ ਸਕੂਲ ਨੂੰ ਫੁੱਲੀ ਏਸੀ ਬਣਾਇਆ ਅਤੇ ਆਧੁਨਿਕ ਸਹੂਲਤਾਂ ਪ੍ਰੋਜੈਕਟਰ ਆਦਿ ਲਗਾ ਕੇ ਬੱਚਿਆਂ ਨੂੰ ਸਿੱਖਿਅਤ ਕਰਨ ਦੀ ਮੁਹਿੰਮ ਛੇੜੀ ਸੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਉਹ ਜਦੋਂ ਵੀ ਰੋਜ਼ਾਨਾ ਆਪਣੇ ਕੰਮ ਧੰਦੇ ਲਈ ਸ਼ਹਿਰ ਵਿੱਚ ਆਉਂਦੇ ਸਨ ਤਾਂ ਵੱਖ ਵੱਖ ਚੌਂਕਾਂ ਵਿੱਚ ਉਨ੍ਹਾਂ ਨੂੰ ਛੋਟੇ ਛੋਟੇ ਬੱਚੇ ਗੱਡੀਆਂ ਸਾਫ਼ ਕਰਦੇ ਦਿਖਾਈ ਦਿੰਦੇ ਸਨ ਅਤੇ ਕਿਤੇ ਨਾ ਕਿਤੇ ਉਨ੍ਹਾਂ ਦੇ ਮਨ ਵਿੱਚ ਤਾਂਘ ਸੀ ਕਿ ਉਹ ਇੰਨ੍ਹਾਂ ਗ਼ਰੀਬ ਬੱਚਿਆਂ ਨੂੰ ਪੜ੍ਹਾਉਣ ਲਈ ਕੋਈ ਨਾ ਕੋਈ ਉਪਰਾਲਾ ਕਰਨ।
ਪ੍ਰਸ਼ਾਸਨ ਤੋਂ ਪੜ੍ਹਾਉਣ ਦੀ ਲਈ ਇਜਾਜ਼ਤ: ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਪਿਛਲੇ ਦਿਨੀਂ ਅਧਿਆਪਕਾਂ ਨੂੰ ਐਕਸਟਰਾ ਪੜ੍ਹਾਉਣ ਦੀ ਦਿੱਤੀ ਇਜਾਜ਼ਤ ਦੇ ਚਲਦਿਆਂ ਉਸ ਵੱਲੋਂ ਬਕਾਇਦਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਜਾਜ਼ਤ ਲੈਣ ਤੋਂ ਬਾਅਦ ਇੰਨ੍ਹਾਂ ਗ਼ਰੀਬ ਬੱਚਿਆਂ ਨੂੰ ਪੜ੍ਹਾਉਣ ਦੀ ਮੁਹਿੰਮ ਛੇੜੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪਹਿਲਾਂ ਉਸ ਨੂੰ ਇਨ੍ਹਾਂ ਦੇ ਪਰਿਵਾਰਾਂ ਨੂੰ ਮਨਾਉਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਹੌਲੀ ਹੌਲੀ ਉਨ੍ਹਾਂ ਦੇ ਪਰਿਵਾਰਾਂ ਨੂੰ ਸਮਝਾਉਣ ਤੇ ਇਹ ਬੱਚੇ ਉਨ੍ਹਾਂ ਕੋਲ ਪੜ੍ਹਨ ਲਈ ਆਉਣ ਲੱਗੇ।
ਕੀ ਹੈ ਜੋੜੇ ਦੀ ਇੱਛਾ?: ਸੁਖਪਾਲ ਸਿੰਘ ਨੇ ਦੱਸਿਆ ਕਿ ਉਹ ਲੋਚਦੇ ਸਨ ਕਿ ਇਹ ਛੋਟੇ ਛੋਟੇ ਬੱਚੇ ਸਮਾਜ ਵਿੱਚ ਵਿਚਰਨ ਲਈ ਉੱਚ ਸਿੱਖਿਆ ਪ੍ਰਾਪਤ ਕਰਨ ਇਸ ਦੇ ਚੱਲਦੇ ਉਨ੍ਹਾਂ ਵੱਲੋਂ ਆਪਣੇ ਪੱਧਰ ਉੱਪਰ ਉਨ੍ਹਾਂ ਨੂੰ ਸਿੱਖਿਆ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਗਿਆ ਸੀ। ਉਨ੍ਹਾਂ ਦੋਵੇਂ ਪਤੀ ਪਤਨੀ ਵੱਲੋਂ ਇੰਨ੍ਹਾਂ ਗ਼ਰੀਬ ਬੱਚਿਆਂ ਨੂੰ ਪੜ੍ਹਾਉਣ ਲਈ ਮੁਹਿੰਮ ਛੇੜੀ ਗਈ ਅਤੇ ਸ਼ੁਰੂ ਸ਼ੁਰੂ ਵਿੱਚ ਉਨ੍ਹਾਂ ਦੀ ਭੈਣ ਵੱਲੋਂ ਇੰਨ੍ਹਾਂ ਗ਼ਰੀਬ ਬੱਚਿਆਂ ਲਈ ਪੈੱਨ ਪੈਨਸਿਲ ਆਦਿ ਦਾ ਪ੍ਰਬੰਧ ਕੀਤਾ ਗਿਆ।
ਅਧਿਆਪਕ ਜੋੜੇ ਦੀ ਸਮਾਜ ਨੂੰ ਅਪੀਲ: ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਇਹ ਗਰੀਬ ਬੱਚੇ ਵੀ ਸਿੱਖਿਆ ਪ੍ਰਾਪਤ ਕਰਨ ਅਤੇ ਸਮਾਜ ਵਿੱਚ ਕਿਸੇ ਚੰਗੇ ਦਰਜੇ ਦੇ ਸ਼ਹਿਰੀ ਵਜੋਂ ਵਿਚਰਨ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਹ ਕਲਾਸ ਸ਼ਹਿਰ ਦੀ ਹਰ ਉਸ ਚੌਂਕ ਵਿਚ ਲੱਗੇ ਜਿੱਥੇ ਗਰੀਬ ਬੱਚੇ ਗੱਡੀਆਂ ਸਾਫ ਕਰਕੇ ਭੀਖ ਮੰਗਦੇ ਹਨ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਕਿਤੇ ਨਾ ਕਿਤੇ ਉਨ੍ਹਾਂ ਨੂੰ ਸਹਿਯੋਗ ਦੇ ਕੇ ਇਨ੍ਹਾਂ ਗ਼ਰੀਬ ਬੱਚਿਆਂ ਦੇ ਭਵਿੱਖ ਸਵਾਰਨ ਵਿਚ ਮੱਦਦ ਕਰਨ।
ਇਹ ਵੀ ਪੜ੍ਹੋ: ਪਿਛਲੇ 4 ਮਹੀਨਿਆਂ ’ਚ ਕਿੰਨ੍ਹਾਂ ਭਰਿਆ ਖਜ਼ਾਨਾ, ਕਿੰਨ੍ਹਾਂ ਉਤਾਰਿਆ ਕਰਜ਼ ? ਸੁਣੋ ਵਿੱਤ ਮੰਤਰੀ ਦੀ ਜ਼ੁਬਾਨੀ