ਬਠਿੰਡਾ: ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਰਾਈਆ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ ਜਿਥੇ ਇੱਕ 72 ਸਾਲਾ ਬਜ਼ੁਰਗ ਨੂੰ ਇੱਕ ਵਿਅਕਤੀ ਨੇ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ।
ਦਰਅਸਲ ਪੀੜਤਾ ਹਰਿਆਣਾ ਤੋਂ ਪਿੰਡ ਰਾਈਆ ਵਿਖੇ ਆਪਣੇ ਪੇਕੇ ਪਿੰਡ ਕਿਸੇ ਭੋਗ ਸਮਾਗਮ 'ਤੇ ਆਈ ਸੀ ਅਤੇ ਲੱਤ ਵਿੱਚ ਰਾਡ ਪਈ ਹੋਣ ਕਰਕੇ ਉਹ ਘਰ ਵਿੱਚ ਹੀ ਰਹਿ ਗਈ। ਜਦੋਂਕਿ ਬਾਕੀ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਗੁਰਦੁਆਰਾ ਸਾਹਿਬ ਭੋਗ 'ਤੇ ਚਲੇ ਗਏ ਤਾਂ ਘਰ ਵਿੱਚ ਇੱਕਲੀ ਔਰਤ ਹੋਣ ਦਾ ਫਾਈਦਾ ਚੁੱਕਦਿਆਂ ਪੀੜਤਾ ਦੇ ਦੂਰ ਦੇ ਰਿਸ਼ਤੇਦਾਰ ਨੇ ਘਰ ਦੇ ਕਮਰੇ ਵਿੱਚ ਲੈ ਜਾ ਕੇ ਉਸ ਨਾਲ ਜਬਰ ਜਨਾਹ ਕੀਤਾ।
ਜਦੋਂ ਪੀੜਤਾ ਨੇ ਵਿਰੋਧ ਕਰਨ ਦੀ ਕੋਸ਼ਿਸ ਕੀਤੀ ਤਾਂ ਮੁਲਜ਼ਮ ਨੇ ਉਸ ਦੀ ਸੰਗਲਾਂ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਵੇਹੜੇ ਵਿੱਚ ਘੜੀਸ ਕੇ ਭੱਜ ਗਿਆ। ਪੀੜਤਾ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਤਲਵੰਡੀ ਸਾਬੋ ਪੁਲਿਸ ਨੇ ਪੀੜਤਾ ਦੇ ਬਿਆਨ 'ਤੇ ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।