ਬਠਿੰਡਾ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੂਰੇ ਦੇਸ਼ ਵਿੱਚ ਲੌਕਡਾਊਨ ਚੱਲ ਰਿਹਾ ਹੈ। ਕਰੀਬ ਇੱਕ ਮਹੀਨੇ ਦਾ ਸਮਾਂ ਬੀਤ ਗਿਆ ਹੈ, ਮਹਾਰਾਸ਼ਟਰ ਦੇ ਨਾਂਦੇੜ ਵਿਖੇ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਲਈ ਗਈ ਸੰਗਤ ਲੌਕਡਾਊਨ ਦੇ ਚੱਲਦੇ ਉਥੇ ਹੀ ਫਸੀ ਹੋਈ ਸੀ ਜਿਨ੍ਹਾਂ ਨੂੰ ਲੈਣ ਬਠਿੰਡਾ ਤੋਂ 80 ਏਸੀ ਬੱਸਾਂ ਰਵਾਨਾ ਹੋਈਆਂ ਹਨ।
ਬਠਿੰਡਾ ਦੇ ਬੱਸ ਸਟੈਂਡ ਤੋਂ ਅੱਜ ਮਹਾਰਾਸ਼ਟਰ ਵਾਸਤੇ 80 ਏਸੀ ਬੱਸਾਂ ਰਵਾਨਾ ਕੀਤੀਆਂ ਗਈਆਂ। ਬਠਿੰਡਾ ਪੀਆਰਟੀਸੀ ਡਿਪੂ ਦੇ ਜੀਐਮ ਰਮਨ ਸ਼ਰਮਾ ਦਾ ਕਹਿਣਾ ਹੈ ਕਿ ਕਰੀਬ ਤਿੰਨ ਹਜ਼ਾਰ ਤੋਂ ਜ਼ਿਆਦਾ ਸੰਗਤ ਸ੍ਰੀ ਹਜ਼ੂਰ ਸਾਹਿਬ ਵਿਖੇ ਲੌਕਡਾਊਨ ਹੋਣ ਕਾਰਨ ਫਸੀ ਹੋਈ ਹੈ ਜਿਨ੍ਹਾਂ ਨੂੰ ਵਾਪਸ ਪੰਜਾਬ ਲਿਆਉਣ ਲਈ ਏਸੀ ਬੱਸਾਂ ਭੇਜੀਆਂ ਗਈਆਂ ਹਨ।
ਪੀਆਰਟੀਸੀ ਦੀਆਂ 32 ਅਤੇ ਬਾਕੀ ਪਨਬੱਸ ਦੀਆਂ ਬੱਸਾਂ ਹਨ ਜੋ ਕਿ ਪੰਜਾਬ ਦੇ ਵੱਖ-ਵੱਖ ਡੀਪੂ ਤੋਂ ਬਠਿੰਡਾ ਬੱਸ ਸਟੈਂਡ ਪੁੱਜੀਆਂ। ਪੀਆਰਟੀਸੀ ਦੇ ਜੀਐਮ ਦਾ ਕਹਿਣਾ ਹੈ ਕਿ ਸਾਰੀਆਂ ਬੱਸਾਂ ਨੂੰ ਸੈਨੇਟਾਈਜ਼ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਬੱਸ ਵਿੱਚ ਦੋ ਡਰਾਈਵਰ ਹੋਣਗੇ ਤੇ ਜ਼ਰੂਰੀ ਸਾਮਾਨ ਵੀ ਬੱਸਾਂ ਵਿੱਚ ਮੁਹੱਈਆ ਕਰਵਾਇਆ ਗਿਆ।
ਕੋਰੋਨਾ ਵਾਇਰਸ ਦੇ ਚੱਲਦੇ ਜਿਹੜੇ ਦਿਸ਼ਾ-ਨਿਰਦੇਸ਼ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ ਉਨ੍ਹਾਂ ਦੀ ਬਕਾਇਦਾ ਪਾਲਣਾ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਬੱਸ ਦੇ ਵਿੱਚ ਖਾਣ-ਪੀਣ ਦਾ ਸਾਮਾਨ ਵੀ ਮੌਜੂਦ ਹੈ। ਬੱਸ ਨੂੰ ਪੰਜਾਬ ਪਹੁੰਚਣ ਲਈ ਚਾਰ ਤੋਂ ਪੰਜ ਦਿਨ ਲੱਗ ਸਕਦੇ ਹਨ।
ਜ਼ਿਕਰਯੋਗ ਹੈ ਕਿ ਲੌਕਡਾਊਨ ਤੋਂ ਬਾਅਦ ਰੇਲ ਤੇ ਬੱਸ ਸੇਵਾ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਹੈ। ਬੱਸ ਦੇ ਡਰਾਈਵਰ ਨੇ ਦੱਸਿਆ ਕਿ ਸਾਰੀਆਂ ਬੱਸਾਂ ਏਸੀ ਹਨ ਅਤੇ ਇੱਕ-ਇੱਕ ਮੀਟਰ ਦੇ ਫਾਸਲੇ ਉੱਤੇ ਸਵਾਰੀਆਂ ਨੂੰ ਬਿਠਾਇਆ ਜਾਵੇਗਾ। ਸ੍ਰੀ ਹਜ਼ੂਰ ਸਾਹਿਬ ਪਹੁੰਚਣ ਉੱਤੇ ਸਾਰੇ ਯਾਤਰੀਆਂ ਦੀ ਸਿਹਤ ਦੀ ਜਾਂਚ ਵੀ ਕੀਤੀ ਜਾਵੇਗੀ, ਜਦੋਂ ਉਹ ਪੰਜਾਬ ਪਰਤਣਗੇ ਤਾਂ ਕੁਝ ਦਿਨਾਂ ਵਾਸਤੇ ਸਿਹਤ ਵਿਭਾਗ ਉਨ੍ਹਾਂ ਦੀ ਸਿਹਤ ਦਾ ਪੂਰੀ ਤਰ੍ਹਾਂ ਧਿਆਨ ਰੱਖੇਗਾ।