ਬਠਿੰਡਾ: ਬਠਿੰਡਾ ਮਿਲਟਰੀ ਸਟੇਸ਼ਨ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਨਵੀਂ ਗੱਲ ਸਾਹਮਣੇ ਆਈ ਹੈ ਕਿ ਇਸ ਘਟਨਾ ਵਿੱਚ 4 ਜਾਵਨਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਪਹਿਚਾਣ ਸਾਹਮਣੇ ਆਈ ਹੈ ਕਿ ਇਹ ਤੋਪਖਾਨਾ ਯੂਨਿਟ ਦੇ ਚਾਰ ਫੌਜੀ ਜਵਾਨ ਸਨ, ਇਹਨਾਂ 4 ਜਵਾਨਾਂ ਵਿੱਚੋਂ 3 ਤੋਪਚੀ ਸਨ ਅਤੇ ਇਕ ਗਨਰ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਜਵਾਨਾਂ ਵਿੱਚੋਂ 2 ਨੌਜਵਾਨ ਕਰਨਾਟਕ ਅਤੇ 2 ਨੌਜਵਾਨ ਤਾਮਿਲਨਾਡੂ ਦੇ ਦੱਸੇ ਜਾ ਰਹੇ ਹਨ। ਸ਼ਹੀਦ ਸੈਨਿਕਾਂ ਦੇ ਨਾਮ ਹਨ : 1 ਡਰਾਈਵਰ ਐਮਟੀ ਸੰਤੋਸ਼ ਐਮ ਨਾਗਰਾ 2. ਡਰਾਈਵਰ ਐਮਟੀ ਕਮਲੇਸ਼ ਆਰ 3. ਡਰਾਈਵਰ ਐਮਟੀ ਸਾਗਰ ਬੰਨੇ 4. ਗਨਰ ਯੋਗੇਸ਼ ਕੁਮਾਰ ਜੇ ਹੈ। ਇਸ ਘਟਨਾ 'ਚ ਮਾਰੇ ਗਏ ਜਵਾਨਾਂ ਦੇ ਪਰਿਵਾਰਾਂ ਨੂੰ ਜਾਨੀ ਨੁਕਸਾਨ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਐਫਆਈਆਰ ਦੇ ਅਨੁਸਾਰ ਫੌਜੀ ਜਵਾਨ ਆਪਣੀ ਡਿਊਟੀ ਤੋਂ ਬਾਅਦ ਆਪਣੇ ਕਮਰੇ ਵਿੱਚ ਸੁੱਤੇ ਹੋਏ ਸਨ। ਤਾਂ ਚਿੱਟੇ ਕੁੜਤੇ ਪਜਾਮੇ ਵਿੱਚ ਆਏ ਦੋ ਨਕਾਬਪੋਸ਼ ਵਿਅਕਤੀਆਂ ਨੇ ਰਾਈਫਲਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਲਾਸ਼ਾਂ ਦੀ ਡਾਕਟਰੀ ਜਾਂਚ: ਲਾਸ਼ਾਂ ਮਿਲਣ ਤੋਂ ਬਾਅਦ ਮੌਕੇ ਉੱਤੇ ਪੁਲਿਸ ਪ੍ਰਸ਼ਾਸ਼ਨ ਤੇ ਫੌਰੈਂਸਿਕ ਲੈਬ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਹਨ, ਲਾਸ਼ਾ ਦੀ ਡਾਕਟਰੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਲਿਆਂਦਾ ਗਿਆ ਹੈ। ਫੌਜ ਨੇ ਮਿਲਟਰੀ ਸਟੇਸ਼ਨ ਨੂੰ ਚਾਰੇ ਪਾਸੇ ਤੋਂ ਸੀਲ ਕਰ ਦਿੱਤਾ ਹੈ। ਪੁਲਿਸ ਅਤੇ ਫੌਜ ਵੱਲੋਂ ਸਾਂਝੇ ਤੌਰ ਉਤੇ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਫੌਜ ਨੇ ਗੋਲੀਬਾਰੀ ਵਿੱਚ ਮਾਰੇ ਗਏ ਜਵਾਨਾਂ ਦੇ ਪਰਿਵਾਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।
ਗੋਲੀਬਾਰੀ ਦੀ ਜਗ੍ਹਾਂ ਤੋ ਮਿਲੇ ਖੋਲ੍ਹ: ਬਠਿੰਡਾ ਐਸ ਪੀ ਡੀ ਅਜੇ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਮਿਲਟਰੀ ਸਟੇਸ਼ਨ 'ਤੇ ਗੋਲੀਬਾਰੀ ਹੋਈ ਜਿੱਥੋ 19 ਗੋਲੀਆਂ ਦੇ ਖੋਲ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਹੁਣ ਤੱਕ ਦੋਸ਼ੀਆਂ ਨੂੰ ਕਾਬੂ ਨਹੀਂ ਕੀਤਾ ਦਾ ਸਕਿਆ। ਉਨ੍ਹਾਂ ਦੱਸਿਆ ਕਿ ਪਤੀ ਲੱਗਿਆ ਹੈ ਕਿ ਫਾਇਰਿੰਗ ਕਰਨ ਦੇ ਲਈ ਦੋ ਸ਼ਖ਼ਸ ਸਿਵਲ ਵਰਦੀ ਵਿੱਚ ਆਏ ਸਨ। ਪਰ ਮੀਡੀਆ ਵਿੱਚ ਚੱਲ ਰਹੀਆਂ ਖ਼ਬਰਾਂ ਅਨੁਸਾਰ ਇਕ ਸ਼ੱਕੀ ਵਿਆਕਤੀ ਨੂੰ ਕਾਬੂ ਕੀਤਾ ਗਿਆ ਹੈ।
ਮਿਲਟਰੀ ਸਟੇਸ਼ਨ ਤੋਂ ਗਾਇਬ ਹੋਈ ਰਾਈਫਲ: ਬਠਿੰਡਾ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਦੋ ਦਿਨ ਪਹਿਲਾਂ ਮਿਲਟਰੀ ਸਟੇਸ਼ਨ ਤੋਂ 28 ਰਾਉਂਡ ਸਮੇਤ ਇਨਸਾਸ ਰਾਈਫਲ ਗਾਇਬ ਹੋ ਗਏ ਸਨ। ਪੁਲਿਸ ਨੂੰ ਸ਼ੱਕ ਹੈ ਕਿ ਉਸ ਰਾਈਫਲ ਦੀ ਵਰਤੋਂ ਇਸ ਘਟਨਾ ਵਿੱਚ ਕੀਤੀ ਗਈ ਹੋ ਸਕਦੀ ਹੈ। ਇਸ ਐਂਗਲ ਤੋਂ ਵੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਪਹਿਲਾਂ ਰਾਈਫਲ ਦੇ ਲਾਪਤਾ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਸੀ ਪਰ ਹੁਣ ਗੋਲੀਬਾਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਕਿਵੇਂ ਵਾਪਰੀ ਘਟਨਾ: ਬਠਿੰਡਾ ਦੇ ਮਿਲਟਰੀ ਸਟੇਸ਼ਨ ਵਿੱਚ ਬੁੱਧਵਾਰ ਸਵੇਰੇ ਹੀ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਸੀ। ਜਿਸ ਵਿੱਚ ਇਨ੍ਹਾਂ ਫੌਜੀ ਜਵਾਨਾਂ ਦੀ ਜਾਨ ਚਲੀ ਗਈ ਹੈ। ਬਠਿੰਡਾ ਪੁਲਿਸ ਦੇ ਅਨੁਸਾਰ ਹੋਰ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਸਾਹਮਣੇ ਨਹੀਂ ਆਇਆ। ਇਸ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਕਹਿ ਰਹੀ ਹੈ ਕਿ ਇਸ ਘਟਨਾ ਪਿਛੇ ਕੋਈ ਅੱਤਵਾਦੀ ਐਂਗਲ ਨਹੀਂ ਹੈ।
ਇਹ ਵੀ ਪੜ੍ਹੋ:- ਜਾਣੋ, ਬਠਿੰਡਾ ਮਿਲਟਰੀ ਸਟੇਸ਼ਨ 'ਤੇ ਹੋਈ ਫਾਇਰਿੰਗ ਦੀਆਂ ਵੱਡੀਆਂ ਗੱਲਾਂ