ਬਠਿੰਡਾ: ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਮਹੀਨੇ ਪਹਿਲਾਂ ਪੰਜਾਬ ਦੀਆਂ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਸੀ। ਉਦੋਂ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਸੀ ਜੋ ਕਿ ਪਿੰਡ ਕੋਟਭਾਰਾ ਦੇ ਨੌਜਵਾਨ ਮਨਪ੍ਰੀਤ ਸਿੰਘ ਉਰਫ ਮਣੀ ਵਲੋਂ ਪਿੰਡ ਵਿੱਚ ਸਰਬ ਸੰਮਤੀ ਨਾਲ ਸਰਪੰਚ ਬਣਾਏ ਜਾਣ 'ਤੇ 30 ਲੱਖ ਰੁਪਏ ਖਰਚ ਕਰਨ ਦਾ ਐਲਾਨ ਕੀਤਾ ਸੀ ਪਰ ਪੰਜਾਬ ਵਿੱਚ ਮੁੜ ਪੰਚਾਇਤਾਂ ਬਹਾਲ ਹੋਣ ਤੋਂ ਬਾਅਦ ਹੁਣ ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਕੋਟ ਭਾਰਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। (Bathinda Crime News)
ਘਰ 'ਚ ਵੜਕੇ ਕੀਤੀ ਭੰਨਤੋੜ: ਬੀਤੀ ਦੇਰ ਰਾਤ ਮਨਪ੍ਰੀਤ ਸਿੰਘ ਉਰਫ ਮਣੀ ਵੱਲੋਂ ਆਪਣੇ ਕਰੀਬ ਤਿੰਨ ਦਰਜਨ ਸਾਥੀਆਂ ਨਾਲ ਪਿੰਡ ਦੇ ਹੀ ਹਰਜੀਤ ਸਿੰਘ ਨਾਮੀ ਨੌਜਵਾਨ ਦੇ ਘਰ 'ਤੇ ਹਮਲਾ ਕਰ ਦਿੱਤਾ ਅਤੇ ਘਰ ਵਿੱਚ ਪਏ ਸਮਾਨ ਦੀ ਬੁਰੀ ਤਰ੍ਹਾਂ ਭੰਨਤੋੜ ਕਰ ਦਿੱਤੀ ਗਈ। ਇਸ ਦੌਰਾਨ ਵਿਹੜੇ ਵਿੱਚ ਖੜੀ ਕਾਰ, ਮੋਟਰਸਾਈਕਲ ਅਤੇ ਟਰੈਕਟਰ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਗਿਆ ਅਤੇ ਇਸ ਘਟਨਾ ਵਿੱਚ ਹਰਜੀਤ ਸਿੰਘ ਨੂੰ ਵੀ ਸੱਟਾਂ ਮਾਰੀਆਂ ਗਈਆਂ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਸ ਨੂੰ ਕਿ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ।
ਪਰਿਵਾਰ ਲਈ ਇਨਸਾਫ਼ ਦੀ ਕੀਤੀ ਮੰਗ: ਇਸ ਸਬੰਧੀ ਪਿੰਡ ਦੇ ਸਰਪੰਚ ਕਸ਼ਮੀਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਉਰਫ ਮਣੀ ਵੱਲੋਂ ਆਪਣੇ ਕੁਝ ਸਾਥੀਆਂ ਨਾਲ ਰਲ ਕੇ ਹਰਜੀਤ ਸਿੰਘ ਦੇ ਘਰ 'ਤੇ ਹਮਲਾ ਕੀਤਾ ਗਿਆ, ਜੋ ਕਿ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਬਠਿੰਡਾ ਦਾਖਲ ਕਰਵਾਇਆ ਗਿਆ। ਉਹਨਾਂ ਕਿਹਾ ਕਿ ਇਹ ਉਹੀ ਨੌਜਵਾਨ ਹੈ ਜਿਸ ਨੇ ਕਿਸੇ ਸਮੇਂ ਸਰਬ ਸੰਮਤੀ ਦੇ ਨਾਲ ਸਰਪੰਚ ਬਣਾਉਣ 'ਤੇ 30 ਲੱਖ ਰੁਪਏ ਖਰਚ ਕਰਨ ਦਾ ਐਲਾਨ ਕੀਤਾ ਸੀ। ਇਸ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਵਾਇਰਲ ਹੋਈ ਸੀ ਪਰ ਬੀਤੀ ਰਾਤ ਇਸ ਵੱਲੋਂ ਪਿੰਡ ਵਿੱਚ ਜੋ ਘਟਨਾਕ੍ਰਮ ਨੂੰ ਅੰਜ਼ਾਮ ਦਿੱਤਾ ਗਿਆ ਹੈ, ਉਹ ਬਹੁਤ ਹੀ ਨਿੰਦਣਯੋਗ ਹੈ। ਉਹਨਾਂ ਪੁਲਿਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।
ਪੁਲਿਸ ਵਲੋਂ ਇਰਾਦਾ ਕਤਲ ਦਾ ਮਾਮਲਾ ਦਰਜ: ਉਧਰ ਇਸ ਮਾਮਲੇ ਸੰਬੰਧੀ ਬੋਲਦਿਆਂ ਐੱਸਪੀਐੱਚ ਗੁਰਵਿੰਦਰ ਸਿੰਘ ਸੰਘਾ ਨੇ ਕਿਹਾ ਕਿ ਪੁਲਿਸ ਨੇ ਹਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅੱਠ ਲੋਕਾਂ ਖਿਲਾਫ ਬਾਏ ਨੇਮ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਕੁਝ ਅਣਪਛਾਤੇ ਨੌਜਵਾਨਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਪੂਰੀ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਤੋਂ ਜਲਦ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।