ਬਰਨਾਲਾ: ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਿੱਥੇ ਕਿਸਾਨਾਂ ਵੱਲੋਂ ਸੰਘਰਸ਼ ਜਾਰੀ ਹੈ, ਉਥੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਕੋਈ ਸੁਣਵਾਈ ਨਾ ਹੋਣ ਤੋਂ ਦੁਖ਼ੀ ਇੱਕ ਨੌਜਵਾਨ ਕਿਸਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ। ਮ੍ਰਿਤਕ ਕਿਸਾਨ ਸਤਵੰਤ ਸਿੰਘ ਬਰਨਾਲਾ ਜ਼ਿਲ੍ਹੇ ਦੇ ਪਿੰਡ ਜੈਮਲ ਸਿੰਘ ਵਾਲਾ ਦਾ ਰਹਿਣ ਵਾਲਾ ਸੀ। ਜੋ ਪਿਛਲੇ ਕੁੱਝ ਦਿਨਾਂ ਤੋਂ ਆਪਣੇ ਪਿੰਡ ਦੇ ਕਿਸਾਨਾਂ ਨਾਲ ਦਿੱਲੀ ਮੋਰਚੇ ਵਿੱਚ ਗਿਆ ਹੋਇਆ ਸੀ। ਜੋ ਇੱਕ ਦਿਨ ਪਹਿਲਾਂ ਹੀ ਪਿੰਡ ਵਾਪਸ ਪਰਤਿਆ ਸੀ।
ਇਹ ਵੀ ਪੜੋ: ਚੰਡੀਗੜ੍ਹ ’ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਇਸ ਪਿੱਛੇ ਕੀ ਹਨ ਕਾਰਨ ਦੇਖੋ...
ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸਤਵੰਤ ਸਿੰਘ ਲੱਕੜੀ ਦਾ ਕੰਮ ਕਰਦਾ ਸੀ। ਕਿਸਾਨਾਂ ਦੇ ਦਿੱਲੀ ਵਿਖੇ ਚੱਲ ਰਹੇ ਧਰਨੇ ਦੌਰਾਨ ਪਿੰਡ ਜੈਮਲ ਸਿੰਘ ਵਾਲਾ ਤੋਂ ਲਗਾਤਾਰ ਕਿਸਾਨਾਂ ਦੇ ਕਾਫ਼ਲੇ ਦਿੱਲੀ ਜਾ ਰਹੇ ਹਨ। ਇਸੇ ਦੌਰਾਨ ਕੁੱਝ ਦਿਨ ਪਹਿਲਾਂ ਹੀ ਪਿੰਡ ਦੇ ਕਿਸਾਨਾਂ ਨਾਲ ਹੀ ਸਤਵੰਤ ਦਿੱਲੀ ਗਿਆ ਸੀ। ਜਿੱਥੇ ਕਿਸਾਨਾਂ ਦੀ ਕੇਂਦਰ ਸਰਕਾਰ ਵੱਲੋਂ ਹੋ ਰਹੀ ਦੁਰਦਸ਼ਾ ਤੋਂ ਉਹ ਨਿਰਾਸ਼ ਸੀ। ਬੀਤੀ ਰਾਤ ਮ੍ਰਿਤਕ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਵੀ ਕਿਸਾਨਾਂ ਦੀਆਂ ਗੱਲਾਂ ਕੀਤੀਆਂ ਸਨ। ਇਸੇ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਉਸਨੇ ਬੀਤੀ ਰਾਤ ਆਪਣੇ ਕਮਰੇ ਵਿੱਚ ਪੱਖੇ ਨਾਲ ਲਟਕ ਦੇ ਫ਼ਾਹਾ ਲੈ ਲਿਆ।
ਪਰਿਵਾਰ ਨੇ ਸਵੇਰੇ ਜਦੋਂ ਦੇਖਿਆ ਤਾਂ ਸਤਵੰਤ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਅਤੇ ਉਸਦੀ ਮੌਤ ਹੋ ਚੁੱਕੀ ਸੀ। ਜਿਸਤੋਂ ਬਾਅਦ ਇਸਦੀ ਸੂਚਨਾ ਪਰਿਵਾਰ ਨੇ ਪੰਚਾਇਤ ਅਤੇ ਕਿਸਾਨ ਜਥੇਬੰਦੀ ਨੂੰ ਦਿੱਤੀ। ਉਹਨਾਂ ਕਿਹਾ ਕਿ ਸੰਘਰਸ਼ ਕਰ ਰਹੇ ਕਿਸਾਨਾਂ ਦੀ ਕੇਂਦਰ ਸਰਕਾਰ ਵੱਲੋਂ ਕੋਈ ਮੰਗ ਨਹੀਂ ਮੰਨੀ ਜਾ ਰਹੀ ਅਤੇ ਰੋਜ਼ਾਨਾ 1 ਜਾਂ 2 ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋ ਰਹੇ ਹਨ। ਇਸ ਸਭ ਲਈ ਕੇਂਦਰ ਸਰਕਾਰ ਜਿੰਮੇਵਾਰ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ। ਉਧਰ ਇਸ ਸਬੰਧੀ ਜਾਂਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ਼ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।