ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਅੰਦਰ ਪੱਖੋਂ ਕੈਂਚੀਆਂ ਤੋਂ ਸ਼ਹਿਣਾ ਨੂੰ ਜਾਣ ਵਾਲੀ ਖਸਤਾ ਹਾਲਤ ਸੜਕ ਨੂੰ ਬਨਾਉਣ ਦੀ ਮੰਗ ਲੰਬੇ ਸਮੇਂ ਤੋਂ ਚੱਲ ਰਹੀ ਸੀ। ਜਿਸਨੂੰ ਆਖਰ ਬੂਰ ਪੈ ਗਿਆ ਹੈ। ਬੀਤੇ ਦਿਨੀਂ ਸ਼ਹਿਣਾ ਵਿਖੇ ਜ਼ਿਲ੍ਹਾ ਪ੍ਰਸਾਸਨ ਵਲੋਂ ਸੁਵਿਧਾ ਕੈਂਪ ਲਗਾਇਆ ਗਿਆ ਸੀ, ਜਿੱਥੇ ਇਸ ਸੜਕ ਦੀ ਸਮੱਸਿਆ ਨੂੰ ਲੋਕਾਂ ਵਲੋਂ ਡਿਪਟੀ ਕਮਿਸ਼ਨਰ ਬਰਨਾਲਾ ਡਾ.ਹਰੀਸ ਨਾਇਰ ਕੋਲ ਪਹਿਲ ਦੇ ਆਧਾਰ 'ਤੇ ਉਠਾਇਆ ਗਿਆ। ਇਸ ਮੌਕੇ ਡੀਸੀ ਡਾ.ਨਇਰ ਵਲੋਂ ਲੋਕਾਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਅਤੇ ਅੱਜ ਇਸ ਸੜਕ 'ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।
ਡੀਸੀ ਬਰਨਾਲਾ ਨੇ ਦੱਸਿਆ ਕਿ ਲੋਕਾਂ ਵਲੋਂ ਪੱਖੋਂ ਕੈਂਚੀਆਂ ਤੋਂ ਸ਼ਹਿਣਾ ਤੱਕ ਟੁੱਟੀ ਹੋਈ ਸੜਕ ਦਾ ਮੁੱਦਾ ਚੁੱਕਿਆ ਗਿਆ ਸੀ। ਇਸ ਸਬੰਧ ਵਿੱਚ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਰਜਕਾਰੀ ਇੰਜਨੀਅਰ ਲੋਕ ਨਿਰਮਾਣ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਇਸ ਸੜਕ ਦਾ ਕੰਮ ਛੇਤੀ ਨੇਪਰੇ ਚਾੜਿਆ ਜਾਵੇ। ਇਸ ਉੱਤੇ ਕਾਰਵਾਈ ਕਰਦਿਆਂ ਲੋਕ ਨਿਰਮਾਣ ਵਿਭਾਗ ਵਲੋਂ ਸੜਕ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਆਉਂਦੇ ਦਿਨਾਂ 'ਚ ਸੁਚਾਰੂ ਢੰਗ ਨਾਲ ਕੰਮ ਨੇਪਰੇ ਚਾੜਿਆ ਜਾਵੇਗਾ।
ਇਸ ਦੇ ਨਾਲ ਹੀ ਪਿੰਡ ਵਾਸੀਆਂ ਵਲੋਂ ਸਟੇਡੀਅਮ ਸਬੰਧੀ ਕੀਤੀ ਗਈ ਮੰਗ ਬਾਰੇ ਜ਼ਿਲ੍ਹਾ ਖੇਡ ਅਫਸਰ ਨੂੰ ਡਿਪਟੀ ਕਮਿਸ਼ਨਰ ਵਲੋਂ ਹਦਾਇਤ ਕੀਤੀ ਗਈ ਕਿ ਪਿੰਡ ’ਚ 6 ਕਿੱਲੇ ਦੇ ਰਕਬੇ ’ਚ ਬਣਨ ਵਾਲੇ ਸਟੇਡੀਅਮ ਬਾਰੇ ਕਾਰਵਾਈ ਅਮਲ ਵਿਚ ਲਿਆਉਣ। ਬੈਠਕ ਦੌਰਾਨ ਪਿੰਡ ’ਚ ਮਨਰੇਗਾ ਤਹਿਤ ਬਣਨ ਵਾਲੇ ਭਵਨ, ਮਨਰੇਗਾ ਸਬੰਧੀ ਕੰਮ, ਨਵੇਂ ਜੌਬ ਕਾਰਡ ਬਣਾਉਣ, ਸਿਹਤ ਸੁਵਿਧਾਵਾਂ ਸਬੰਧੀ, ਪਿੰਡ ਦੇ ਸੀਵਰੇਜ ਅਬੰਧੀ ਆਦਿ ਮੁੱਦਿਆਂ ਉੱਤੇ ਚਰਚਾ ਕੀਤੀ ਗਈ। ਸਬੰਧਿਤ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਜਲਦ ਤੋਂ ਜਲਦ ਆਪਣੇ ਆਪਣੇ ਕਾਰਜ ਖੇਤਰ ਅਧੀਨ ਪੈਂਦੇ ਕੰਮਾਂ ਨੂੰ ਪੂਰਾ ਕਰਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਿਤ ਬੈਂਬੀ, ਉਪ ਮੰਡਲ ਮੈਜਿਸਟਰੇਟ ਤਪਾ -ਕੁਮ - ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸਿਮਰਪ੍ਰੀਤ ਕੌਰ, ਜ਼ਿਲ੍ਹਾ ਪੰਚਾਇਤ ਅਤੇ ਵਿਕਾਸ ਅਫਸਰ ਰੂਪ ਸਿੰਘ, ਜ਼ਿਲ੍ਹਾ ਸਮਾਜਕ ਸੁਰੱਖਿਆ ਅਫਸਰ ਡਾ. ਤੇਆਵਾਸਪ੍ਰੀਤ ਕੌਰ ਅਤੇ ਹੋਰ ਅਫਸਰ ਵੀ ਮੌਜੂਦ ਸਨ।
ਇਹ ਵੀ ਪੜ੍ਹੋ:ਘੱਟ ਝਾੜ ਕਾਰਨ ਖੁਦਕੁਸ਼ੀ ਕਰ ਚੁੱਕੇ ਨੌਜਵਾਨ ਕਿਸਾਨ ਦੇ ਘਰ ਅਫ਼ਸੋਸ ਕਰਨ ਪਹੁੰਚੇ ਨਵਜੋਤ ਸਿੱਧੂ