ਬਰਨਾਲਾ: ਭੋਤਨਾ ਬਰਨਾਲਾ ਜ਼ਿਲ੍ਹੇ ਦਾ ਪਹਿਲਾ ਅਜਿਹਾ ਪਿੰਡ ਹੈ, ਜਿੱਥੇ ਇੱਕ ਪਾਸੇ ਔਰਤਾਂ ਸਮੂਹਿਕ ਰੂਪ 'ਚ ਇੱਕਠੀਆਂ ਹੋ ਕੇ ਆਪਣੇ ਹੁਨਰ ਰਾਹੀਂ ਨਾ ਸਿਰਫ਼ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਦਾ ਯਤਨ ਕਰ ਰਹੀਆਂ ਹਨ ਬਲਕਿ ਸਮਾਜ ਨੂੰ ਪੌਸ਼ਟਿਕ ਆਹਾਰ ਖਾਣ ਲਈ ਵੀ ਪ੍ਰੇਰਿਤ ਕਰ ਰਹੀਆਂ ਹਨ।
ਆਚਾਰ, ਮੁਰੱਬੇ ਦਾ ਸ਼ੁਰੂ ਕੀਤਾ ਕੰਮ
ਇਨ੍ਹਾਂ ਔਰਤਾਂ ਵੱਲੋਂ ਸੁਖਮਨੀ ਗਰੁੱਪ ਦੇ ਨਾਂਅ ਹੇਠ ਪਹਿਲਾਂ ਵੱਖ-ਵੱਖ ਤਰ੍ਹਾਂ ਦੇ ਆਚਾਰ, ਮੁਰੱਬੇ ਦਾ ਕੰਮ ਸ਼ੁਰੂ ਕੀਤਾ ਗਿਆ, ਜਿਸ ਨੂੰ ਪੰਜਾਬ 'ਚ ਖ਼ੂਬ ਮਕਬੂਲੀਅਤ ਮਿਲੀ। ਸੂਬੇ 'ਚ ਜਦੋਂ ਕੰਮ ਨੂੰ ਚੰਗਾ ਹੁੰਗਾਰਾ ਮਿਲਿਆ ਤਾਂ ਇਨ੍ਹਾਂ ਔਰਤਾਂ ਨੇ ਦੂਜੇ ਸ਼ਹਿਰਾਂ ਵੱਲ ਰੁਖ਼ ਕੀਤਾ। ਇਹ ਉੱਦਮੀ ਔਰਤਾਂ ਪੰਜਾਬ ਤੋਂ ਬਾਅਦ ਦਿੱਲੀ, ਅਹਿਮਦਾਬਾਦ, ਮੁੰਬਈ ਸਮੇਤ ਹੋਰ ਕਈ ਵੱਡੇ ਮੇਲਿਆਂ ਵਿੱਚ ਆਚਾਰ ਅਤੇ ਮੁਰੱਬੇ ਲੈ ਕੇ ਗਈਆਂ।
ਆਚਾਰ, ਮੁਰੱਬੇ ਦੀ ਖ਼ਾਸੀਅਤ
ਔਰਤਾਂ ਵੱਲੋਂ ਤਿਆਰ ਕੀਤੇ ਗਏ ਇਸ ਅਚਾਰ, ਮੁਰੱਬੇ ਦੀ ਖ਼ਾਸੀਅਤ ਇਹ ਹੈ ਕਿ ਇਹ ਸ਼ੁੱਧਤਾ ਨਾਲ ਭਰਪੂਰ ਹੈ। ਇਸ ਵਿੱਚ ਕੈਮੀਕਲਾਂ ਦੀ ਬਹੁਤ ਘੱਟ ਵਰਤੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ: ਮਹਿਲਾ ਦਿਵਸ ਵਿਸ਼ੇਸ਼: ਕਮਾਲ ਹੈ ਕੁਰੂਕਸ਼ੇਤਰ ਦੀ ਇਹ ਛੋਰੀ, ਕਹਾਉਂਦੀ ਹੈ ਹਾਕੀ ਦੀ 'ਰਾਣੀ'
ਗਰੁੱਪ ਸੰਚਾਲਕ ਨੇ ਦੱਸੀਆਂ ਅਹਿਮ ਗੱਲਾਂ
- ਔਰਤਾਂ ਦੇ ਗਰੁੱਪ ਦੀ ਸੰਚਾਲਕ ਅਮਰਜੀਤ ਕੌਰ ਨੇ ਦੱਸਿਆ ਕਿ ਉਹ 2006 ਤੋਂ ਖੇਤੀ ਵਿਰਾਸਤ ਮਿਸ਼ਨ ਨਾਲ ਜੁੜੀ ਹੋਈ ਹੈ। ਇਸ ਪ੍ਰੋਜੈਕਟ ਦੀ ਸ਼ੁਰੂਆਤ ਇੱਕ ਸਰਵੇਖਣ ਤੋਂ ਹੋਈ। ਸਰਵੇਕਣ ਕੀਤਾ ਗਿਆ ਕਿ ਪੁਰਾਣੇ ਬਜ਼ੁਰਗਾਂ ਦੀ ਤੰਦਰੁਸਤੀ ਦਾ ਰਾਜ਼ ਕੀ ਹੈ?
- ਇਸ ਸਰਵੇਖਣ ਤੋਂ ਬਾਅਦ ਔਰਤਾਂ ਨੇ ਮੋਟੇ ਅਨਾਜਾਂ ’ਤੇ ਕੰਮ ਸ਼ੁਰੂ ਕੀਤਾ। ਮੋਠ-ਬਾਜਰੇ ਦੀ ਖਿਚੜੀ, ਰਬੜੀ, ਜਵਾਰ ਦੇ ਭੂਤਪਿੰਨੇ, ਮੱਕੀ ਦੀ ਰੋਟੀ-ਸਰ੍ਹੋਂ ਦਾ ਸਾਗ ਬਣਾ ਕੇ ਮੇਲਿਆਂ ਤੇ ਦੁਕਾਨਾਂ 'ਤੇ ਲਗਾਇਆ।
- ਇਸ ਉਪਰਾਲੇ ਨੂੰ ਚੰਗਾ ਹੁੰਗਾਰਾ ਮਿਲਿਆ। ਮੋਟੇ ਅਨਾਜਾਂ ਦੇ ਇਸ ਕੰਮ ਤੋਂ ਬਾਅਦ ਸੁਖਮਨੀ ਗਰੁੱਪ ਬਣਿਆ ਅਤੇ ਆਚਾਰ-ਮੁਰੱਬੇ ਦਾ ਕੰਮ ਸ਼ੁਰੂ ਹੋਇਆ। ਇਸ ਗਰੁੱਪ ਵਿੱਚ 10 ਔਰਤ ਮੈਂਬਰ ਹਨ।
ਅਨਪੜ੍ਹ ਔਰਤਾਂ ਵੀ ਕਰ ਸਕਦੀਆਂ ਨੇ ਚੰਗੀ ਕਮਾਈ
ਅਮਰਜੀਤ ਕੌਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਤਰ੍ਹਾਂ ਦੇ ਧੰਦੇ ਨਾਲ ਘਰ ਬੈਠੀਆਂ ਅਨਪੜ੍ਹ ਔਰਤਾਂ ਵੀ ਚੰਗੀ ਕਮਾਈ ਕਰ ਸਕਦੀਆਂ ਹਨ।