ਬਰਨਾਲਾ: ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ ਵੱਲੋਂ ਐਸੋਸੀਏਟ ਡਾਇਰੈਕਟਰ ਡਾ.ਪ੍ਰਹਿਲਾਦ ਸਿੰਘ ਤੰਵਰ ਦੀ ਅਗਵਾਈ ਹੇਠ ਬਰਨਾਲਾ ਜ਼ਿਲ੍ਹੇ ਦੇ ਪਿੰਡ ਉੱਗੋਕੇ ਵਿੱਚ ਇੱਕ ਰੋਜ਼ਾ ਮੌਸਮ ਭਵਿੱਖਬਾਣੀ ਆਧਾਰਿਤ ਜਾਗਰੂਕਤਾ ਕੈਂਪ ਲਾਇਆ ਗਿਆ।
ਇਸ ਮੌਕੇ ਜਗਜੀਵਨ ਸਿੰਘ (ਮੌਸਮ ਮਾਹਿਰ) ਨੇ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਵੱਲੋਂ ਸ਼ੁਰੂ ਕੀਤੀਆਂ ਮੌਸਮੀ ਖੇਤੀ ਸੇਵਾਵਾਂ ਅਤੇ ਖੇਤੀਬਾੜੀ ਉੱਪਰ ਪੈ ਰਹੇ ਮੌਸਮ ਦੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਕੇਵੀਕੇ ਹੰਡਿਆਇਆ ਹਫ਼ਤੇ ਵਿੱਚ ਦੋ ਦਿਨ (ਮੰਗਲਵਾਰ ਅਤੇ ਸ਼ੁੱਕਰਵਾਰ) ਮੌਸਮ ਦੀ ਭਵਿੱਖਬਾਣੀ ਅਤੇ ਖੇਤੀਬਾੜੀ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਭੇਜਦਾ ਹੈ, ਜਿਸ ਨਾਲ ਕਿਸਾਨਾਂ ਨੂੰ ਖੇਤੀਬਾੜੀ ਦੇ ਕੰਮਾਂ ਵਿੱਚ ਕਾਫ਼ੀ ਮਦਦ ਮਿਲਦੀ ਹੈ।
ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਉਹ ਵਧ ਰਹੇ ਤਾਪਮਾਨ ਦੇ ਅਨੁਸਾਰ ਮੀਂਹ ਦਾ ਅਨੁਮਾਨ ਲਗਾ ਰਹੇ ਸੀ ਅਤੇ ਸਪਰੇਅ ਤੋਂ ਪਰਹੇਜ਼ ਕਰ ਰਹੇ ਸੀ, ਪਰ ਕੇ. ਵੀ. ਕੇ. ਮਾਹਿਰਾਂ ਨੇ ਅਗਲੇ ਦਿਨਾਂ ਦੌਰਾਨ ਮੌਸਮ ਖੁਸ਼ਕ ਰਹਿਣ ਦਾ ਭਰੋਸਾ ਦਿੱਤਾ, ਜਿਸ ਮਗਰੋਂ ਉਹ ਬੇਫ਼ਿਕਰ ਹੋ ਕੇ ਆਪਣੀਆਂ ਫ਼ਸਲਾਂ ਉੱਪਰ ਛਿੜਕਾਅ ਕਰ ਸਕਦੇ ਹਨ।
ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਦੇ ਟ੍ਰੇਨਿੰਗ ਪ੍ਰੋਗਰਾਮਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਤਾਂ ਜੋ ਕਿਸਾਨ ਆਪਣਾ ਸਵੈ-ਰੋਜ਼ਗਾਰ ਚਲਾ ਸਕਣ ਅਤੇ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਣ।