ਬਰਨਾਲਾ: ਆਧੁਨਿਕਤਾ ਨੇ ਮਨੁੱਖ ਨੂੰ ਕਿਤਾਬਾਂ ਤੋਂ ਕੋਹਾਂ ਦੂਰ ਕਰ ਦਿੱਤਾ ਹੈ। ਭਾਵੇਂ ਮੋਬਾਈਲ ਕ੍ਰਾਂਤੀ ਨੇ ਮਨੁੱਖ ਦੇ ਗਿਆਨ ਵਿੱਚ ਅਥਾਹ ਵਾਧਾ ਕੀਤਾ ਹੈ, ਪਰ ਕਿਤਾਬਾਂ ਦਾ ਆਪਣਾ ਵੱਖਰਾ ਹੀ ਮੁਕਾਮ ਹੈ। ਅਜੋਕੀ ਨੌਜਵਾਨ ਪੀੜ੍ਹੀ ਤਾਂ ਬਿਲਕੁਲ ਹੀ ਕਿਤਾਬਾਂ ਤੋਂ ਦੂਰ ਹੁੰਦੀ ਜਾ ਰਹੀ ਹੈ।
ਬਰਨਾਲਾ ਜ਼ਿਲ੍ਹੇ ਦੇ ਪਿੰਡ ਦੀਵਾਨਾ ਦੇ ਕੁਝ ਉੱਦਮੀ ਨੌਜਵਾਨਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬਰੇਰੀ ਰਾਹੀਂ ਲੋਕਾਂ ਨੂੰ ਕਿਤਾਬਾਂ ਨਾਲ ਮੁੜ ਤੋਂ ਜੋੜਨ ਲਈ ਵੱਖਰਾ ਉਪਰਾਲਾ ਕੀਤਾ ਹੈ। ਇਹੀ ਨਹੀਂ, ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਪ੍ਰਫੁੱਲਤ ਕਰਨ ਲਈ ਪਿੰਡ ਦੀਆਂ ਵੱਖ ਵੱਖ ਥਾਵਾਂ 'ਤੇ ਆਕਰਸ਼ਕ ਕੰਧ ਚਿੱਤਰ ਬਣਾਏ ਗਏ ਹਨ। ਜੋ ਲੋਕਾਂ ਨੂੰ ਕਿਤਾਬਾਂ ਨਾਲ ਜੋੜਨ ਲਈ ਸਹਾਈ ਹੋ ਰਹੇ ਹਨ।
ਲਾਇਬਰੇਰੀ ਪ੍ਰਬੰਧਕਾਂ ਵਰਿੰਦਰ ਦੀਵਾਨਾ ਅਤੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਕੰਧ ਚਿੱਤਰਾਂ ਨੂੰ ਬਣਾਉਣ ਦਾ ਉਪਰਾਲਾ ਕਾਫ਼ੀ ਲੰਮੇ ਸਮੇਂ ਤੋਂ ਸੋਚਿਆ ਜਾ ਰਿਹਾ ਸੀ। ਪਹਿਲੇ ਪੜਾਅ ਵਿੱਚ ਸਿਰਫ਼ ਦਸ ਪੇਂਟਿੰਗਾਂ ਬਣਾਈਆਂ ਜਾ ਰਹੀਆਂ ਹਨ। ਇਸਦੇ ਨਾਲ ਹੀ ਅਲੱਗ ਅਲੱਗ ਮਾਟੋ ਵੀ ਲਿਖੇ ਜਾ ਰਹੇ ਹਨ। ਇਨ੍ਹਾਂ ਪੇਂਟਿੰਗਾਂ ਵਿੱਚ ਸ਼ੁਰੂਆਤੀ ਦੌਰ ਵਿੱਚ ਲੇਖਕ ਸੁਰਜੀਤ ਗੱਗ ਦਾ ਕਿਤਾਬ ਨਾਲ ਸਬੰਧਤ ਸ਼ੇਅਰ, ਕਿਤਾਬ ਨੂੰ ਲੈ ਕੇ ਕਿ ਚੀਨੀ ਕਹਾਵਤ, ਮੈਕਸਿਮ ਗੋਰਕੀ ਦਾ ਕਿਤਾਬਾਂ ਬਾਰੇ ਵਿਚਾਰ, ਬਾਬਾ ਨਜ਼ਮੀ ਦਾ ਵਿਚਾਰ ਅਤੇ ਕਵਿਤਾ ਲਿਖੀ ਗਈ ਹੈ।
ਕੰਧ ਚਿੱਤਰਾਂ ਰਾਹੀਂ ਕਿਤਾਬਾਂ ਦੀ ਮਹੱਤਤਾ ਦੱਸਦਿਆਂ ਮਹਾਨ ਕਵੀਆਂ ਅਤੇ ਲੇਖਕਾਂ ਦੀਆਂ ਕਵਿਤਾਵਾਂ ਅਤੇ ਲਿਖਤਾਂ ਲਿਖੀਆਂ ਗਈਆਂ ਹਨ। ਚਿੱਤਰਾਂ ਵਿੱਚ ਬਾਬਾ ਨਜ਼ਮੀ ਦੀਆਂ ਕਵਿਤਾਵਾਂ, ਇਨਕਲਾਬੀ ਕਵੀ ਪਾਸ਼ ਦੇ ਕ੍ਰਾਂਤੀਕਾਰੀ ਸ਼ਬਦ, ਮੈਕਸਿਮ ਗੋਰਕੀ ਦੀਆਂ ਕਿਤਾਬਾਂ 'ਚ ਲਿਖੇ ਵਿਚਾਰਾਂ ਤੋਂ slug 4 ਇਲਾਵਾ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਕੰਧ ਚਿੱਤਰ ਸਾਰਿਆਂ ਨੂੰ ਆਪਣੇ ਵੱਲ ਖਿੱਚਦੇ ਹਨ। ਹਰ ਕੋਈ ਲਾਇਬਰੇਰੀ ਦੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਾ ਹੈ।
ਆਰਟਿਸਟ ਗਹਿਲ ਕੇਡੀ ਨੇ ਦੱਸਿਆ ਕਿ ਉਹ ਦੀਵਾਨਾਂ ਦੀ ਲਾਇਬ੍ਰੇਰੀ ਨਾਲ ਲੰਬੇ ਸਮੇਂ ਤੋਂ ਪਾਠਕ ਵਜੋਂ ਜੁੜੇ ਹੋਏ ਹਨ। ਪ੍ਰਬੰਧਕਾਂ ਵੱਲੋਂ ਇਹ ਪੇਂਟਿੰਗਾਂ ਬਣਾਉਣ ਸਬੰਧੀ ਵਿਚਾਰ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਹੁਣ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਵੱਡੀ ਗਿਣਤੀ ਵਿੱਚ ਲੋਕ ਇਹ ਪਿੰਡਾਂ ਦੇ ਕੇ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਨੌਜਵਾਨ ਕਿਤਾਬਾਂ ਪ੍ਰਤੀ ਸੁਹਿਰਦ ਹੋ ਰਹੇ ਹਨ।
ਕੰਧ ਚਿੱਤਰਾਂ ਅਤੇ ਲਿਖਤਾਂ ਨੂੰ ਬਣਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਕਿਤਾਬਾਂ ਵੱਲ ਮੋੜਨਾ ਹੈ। ਹੁਣ ਤੱਕ ਇਸ ਦਾ ਚੰਗਾ ਹੁੰਗਾਰਾ ਵੀ ਮਿਲ ਰਿਹਾ ਹੈ।
ਕਿਤਾਬਾਂ ਨੂੰ ਗਿਆਨ ਦਾ ਭੰਡਾਰ ਆਖਿਆ ਗਿਆ ਹੈ। ਕਿਤਾਬਾਂ ਦੀ ਚੇਟਕ ਲਗਾਉਣ ਲਈ ਪਿੰਡ ਦੀਵਾਨਾ ਲਾਇਬ੍ਰੇਰੀ ਦੇ ਪ੍ਰਬੰਧਕਾਂ ਵੱਲੋਂ ਕੰਧ ਚਿੱਤਰਾਂ ਰਾਹੀਂ ਨਵੀਂ ਪੀੜ੍ਹੀ ਨੂੰ ਆਪਣੇ ਵੱਲ ਖਿੱਚਣ ਦੀ ਇੱਕ ਕੋਸ਼ਿਸ਼ ਹੈ। ਇਹ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੋੜਨ ਦਾ ਸਭ ਤੋਂ ਚੰਗਾ ਉਪਰਾਲਾ ਕਿਹਾ ਜਾ ਸਕਦਾ ਹੈ। ਅੱਜ ਲੋੜ ਹੈ ਪਿੰਡ-ਪਿੰਡ ਅਜਿਹੀਆਂ ਲਾਇਬ੍ਰੇਰੀਆਂ ਖੋਲ੍ਹ ਕੇ ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਪ੍ਰਫੁੱਲਤ ਕਰਨ ਦੀ ਤਾਂ ਜੋ ਨਵੀਂ ਪੀੜ੍ਹੀ ਕਿਤਾਬਾਂ ਨਾਲ ਜੁੜ ਕੇ ਆਪਣੇ ਸਾਹਿਤ, ਸੱਭਿਆਚਾਰ ਅਤੇ ਇਤਿਹਾਸ ਬਾਰੇ ਜਾਣੂ ਹੋ ਸਕੇ।