ਬਰਨਾਲਾ: ਪਿੰਡ ਨਾਈਵਾਲਾ ਦੇ ਵਸਨੀਕ ਆਪਣੀਆਂ ਮੰਗਾਂ ਨੂੰ ਲੈ ਕੇ ਮੰਗਲਵਾਰ ਸਵੇਰ ਸਮੇਂ ਹੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਏ। ਜਿਸ ਕਾਰਨ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਅਤੇ ਹੇਠਾਂ ਧਰਨਾ ਲਗਾਈ ਬੈਠੇ ਪਿੰਡ ਵਾਸੀਆਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਦੇ ਸਰਕਾਰੀ ਸਕੂਲ ਦੇ ਅਧਿਆਪਕ ਜਤਿੰਦਰ ਸਿੰਘ ਬਿਨ੍ਹਾਂ ਵਜ੍ਹਾ ਬਦਲੀ ਕਰ ਦਿੱਤੀ ਸੀ।
ਇਸ ਤੋਂ ਇਲਾਵਾ ਇੱਕ ਅਧਿਆਪਕ ਵਲੋਂ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ। ਇਨ੍ਹਾਂ ਦੋਵੇਂ ਮਾਮਲਿਆਂ ਨੂੰ ਲੈ ਕੇ ਪਿੰਡ ਵਾਸੀਆਂ ਨੇ ਸਕੂਲ ਦੇ ਗੇਟ ਅੱਗੇ ਸ਼ਾਂਤਮਈ ਧਰਨਾ ਲਗਾਇਆ ਸੀ। ਪਰ ਪਿੰਡ ਵਾਸੀਆਂ ਦੀ ਗੱਲ ਸੁਨਣ ਦੀ ਬਜਾਏ ਸ਼ਾਂਤਮਈ ਧਰਨਾ ਦੇਣ ਵਾਲੇ ਲੋਕਾਂ ਉੱਤੇ ਹੀ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ। ਪ੍ਰਸ਼ਾਸ਼ਨ ਵਲੋਂ ਕੋਈ ਸੁਣਵਾਈ ਨਾ ਹੋਣ ਦੇ ਰੋਸ ਵਿੱਚ ਉਹ ਅੱਜ ਮਜਬੂਰੀ ਵੱਸ ਪਾਣੀ ਦੀ ਟੈਂਕੀ 'ਤੇ ਚੜ੍ਹੇ ਹਨ। ਮਾਹੌਲ ਨੂੰ ਸ਼ਾਂਤਮਈ ਬਨਾਉਣ ਲਈ ਮੌਕੇ 'ਤੇ ਪੁਲਿਸ ਵੀ ਪਹੁੰਚ ਗਈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਟੈਂਕੀ 'ਤੇ ਚੜ੍ਹਨ ਵਾਲੇ ਵਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਤਵੰਤ ਕੌਰ ਅਤੇ ਲਛਮੀ ਦੇਵੀ ਨੇ ਕਿਹਾ ਕਿ ਉਹਨਾਂ ਦੇ ਸਰਕਾਰੀ ਸਕੂਲ ਦੇ ਅਧਿਆਪਕ ਜਤਿੰਦਰ ਸਿੰਘ ਨੂੰ ਬਿਨ੍ਹਾਂ ਵਜ੍ਹਾ ਬਦਲ ਦਿੱਤਾ ਸੀ। ਇਹ ਅਧਿਆਪਕ ਬੱਚਿਆਂ ਨੂੰ ਓਵਰ ਟਾਈਮ ਲਗਾ ਕੇ ਮੁਫ਼ਤ ਵਿੱਚ ਟਿਊਸ਼ਨ ਪੜ੍ਹਾਉਂਦਾ ਸੀ। ਬੱਚਿਆਂ ਦੀ ਫ਼ੀਸ ਵੀ ਆਪ ਭਰਦਾ ਸੀ। ਜਿਸ ਕਰਕੇ ਬੱਚਿਆਂ ਦੇ ਨਤੀਜੇ ਵੀ ਚੰਗੇ ਆਉਂਦੇ ਸਨ। ਪਰ ਇਸ ਅਧਿਆਪਕ ਦੀ ਬਦਲੀ ਕਰ ਦਿੱਤੀ ਗਈ।
ਇਸ ਤੋਂ ਇਲਾਵਾ ਸਕੂਲ ਦੇ ਇੱਕ ਅਧਿਆਪਕ ਵਲੋਂ ਪਿੰਡ ਦੀ ਪੰਚਾਇਤ ਅਤੇ ਬੱਚਿਆਂ ਦੇ ਮਾਪਿਆਂ ਨੂੰ ਜਾਤੀ-ਸੂਚਕ ਸ਼ਬਦ ਬੋਲੇ ਗਏ। ਜਤਿੰਦਰ ਸਿੰਘ ਅਧਿਆਪਕ ਦੀ ਬਦਲੀ ਰੱਦ ਕਰਵਾਉਣ ਅਤੇ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਅਧਿਆਪਕ 'ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਨੇ ਪਿਛਲੇ ਹਫ਼ਤੇ ਸਕੂਲ ਦੇ ਗੇਟ ਅੱਗੇ ਸ਼ਾਂਤਮਈ ਧਰਨਾ ਲਗਾਇਆ ਸੀ। ਪਰ ਪਿੰਡ ਵਾਸੀਆ ਦੀ ਕਿਸੇ ਵੀ ਮੰਗ ਵੱਲ ਪ੍ਰਸ਼ਾਸ਼ਨ ਨੇ ਧਿਆਨ ਨਹੀਂ ਦਿੱਤਾ। ਬਲਕਿ ਪਿੰਡ ਵਾਸੀਆ 'ਤੇ ਹੀ ਪਰਚਾ ਦਰਜ ਕਰ ਦਿੱਤਾ।
ਇਸ ਪਰਚੇ ਨੂੰ ਰੱਦ ਕਰਵਾਉਣ ਲਈ ਅਧਿਆਪਕ ਜਤਿੰਦਰ ਦੀ ਬਦਲੀ ਰੱਦ ਕਰਵਾਉਣ ਅਤੇ ਜਾਤੀ-ਸੂਚਕ ਸ਼ਬਦ ਬੋਲਣ ਵਾਲੇ ਅਧਿਆਪਕ 'ਤੇ ਪਰਚਾ ਦਰਜ ਕਰਵਾਉਣ ਦੀ ਮੰਗ ਨੂੰ ਲੈ ਕੇ ਉਹ ਮਜ਼ਬੂਰੀ ਵੱਸ ਪਾਣੀ ਦੀ ਟੈਂਕੀ 'ਤੇ ਚੜ੍ਹੇ ਹਨ। ਜੇ ਉਹਨਾਂ ਦੀ ਮੰਗ ਵੱਲ ਪ੍ਰਸ਼ਾਸ਼ਨ ਨੇ ਧਿਆਨ ਨਾ ਦਿੱਤਾ ਤਾਂ ਉਹ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਜਿਸਦੀ ਜਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਹੋਵੇਗੀ।
ਇਸ ਸਬੰਧੀ ਥਾਣਾ ਸਦਰ ਦੇ ਐਸ.ਐਚ.ਓ ਨੇ ਕਿਹਾ ਕਿ ਸਕੂਲੀ ਬੱਚਿਆਂ ਅਤੇ ਪਿੰਡ ਦੀ ਪੰਚਾਇਤ ਦੇ ਪਰਿਵਾਰ ਵਾਲਿਆਂ ਨੇ ਸਕੂਲ ਨੂੰ ਜਬਰੀ ਤਾਲਾ ਲਾ ਕੇ ਰੋਹ ਦਾ ਪ੍ਰਗਟਾਵਾ ਕੀਤਾ ਸੀ, ਜਿਸ ਕਾਰਨ ਸਕੂਲ ਵਾਲਿਆਂ ਨੇ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ 25 ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਗਿਆ। ਅੱਜ ਪਿੰਡ ਦੇ ਲੋਕ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਵਿਰੋਧ ਪ੍ਰਦਰਸਨ ਕਰ ਰਹੇ ਹਨ ਅਤੇ ਪਰਚਾ ਰੱਦ ਕਰਨ ਦੀ ਮੰਗ ਕਰ ਰਹੇ ਹਨ, ਪਰ ਇਸ ਮਾਮਲੇ ਦੀ ਡੀਐੱਸਪੀ ਬਰਨਾਲਾ ਜਾਂਚ ਕਰ ਰਹੇ ਹਨ ਅਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।