ਬਰਨਾਲਾ: ਗੜ੍ਹੇਮਾਰੀ ਨਾਲ ਬਰਬਾਦ ਹੋਈ ਕਣਕ ਦੀ ਫ਼ਸਲ ਦਾ ਮੁਆਵਜ਼ਾ ਨਾ ਮਿਲਣ ਦੇ ਰੋਸ ਵਜੋਂ ਇੱਕ ਕਿਸਾਨ ਦੂਜੀ ਵਾਰ ਪਿੰਡ ਵਿਧਾਤਾ ਦੀ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਿਆ। ਕਿਸਾਨ ਗੋਰਾ ਸਿੰਘ ਵਾਸੀ ਪੱਤੀ ਦੀਪ ਸਿੰਘ (ਭਦੌੜ) ਦੇ ਟੈਂਕੀ ਉਪਰ ਚੜ੍ਹਨ ਦਾ ਪਤਾ ਲੱਗਦਿਆਂ ਹੀ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੌਕੇ ਉੱਤੇ ਪੁਲਿਸ ਸਮੇਤ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚ ਗਏ। ਅਣਸੁਖਾਵੀਂ ਘਟਨਾ ਹੋਣ ਦੇ ਡਰੋਂ ਐਂਬੂਲੈਂਸ ਅਤੇ ਫਾਇਰ ਬਿਗ੍ਰੇਡ ਦਾ ਵੀ ਪ੍ਰਬੰਧ ਕੀਤਾ ਗਿਆ।
ਮੁਆਵਜ਼ਾ ਨਾ ਮਿਲਣ ਦਾ ਰੋਸ: ਟੈਂਕੀ ਉਪਰ ਚੜ੍ਹੇ ਕਿਸਾਨ ਗੋਰਾ ਸਿੰਘ ਨੇ ਦੱਸਿਆ ਕਿ ਉਹ ਛੋਟਾ ਕਿਸਾਨ ਹੈ ਅਤੇ ਉਸ ਕੋਲ ਖੇਤੀ ਕਰਨ ਲਈ ਘੱਟ ਜ਼ਮੀਨ ਹੈ। ਗੜ੍ਹੇਮਾਰੀ ਅਤੇ ਮੀਂਹ ਨੇ ਉਸ ਦੀ ਕਣਕ ਦੀ ਸਾਰੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤੀ ਹੈ। ਇਸ ਦਾ ਮੁਆਵਜ਼ਾ ਨਾ ਮਿਲਣ ਦੇ ਰੋਸ ਵਜੋਂ ਪਹਿਲਾਂ ਉਹ 29 ਅਪ੍ਰੈਲ ਨੂੰ ਇਸੇ ਟੈਂਕੀ ਉਪਰ ਚੜ੍ਹਿਆ ਸੀ, ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇੱਕ ਹਫ਼ਤੇ ਵਿੱਚ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਸੀ, ਜੋ ਅੱਜ ਤੱਕ ਨਹੀਂ ਦਿੱਤਾ ਗਿਆ। ਇਸੇ ਦੇ ਰੋਸ ਵਜੋਂ ਉਹ ਅੱਜ ਫਿਰ ਟੈਂਕੀ ਉਪਰ ਚੜਨ ਲਈ ਮਜਬੂਰ ਹੋਇਆ ਹੈ ਤਾਂ ਕਿ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਮਿਲ ਸਕੇ। ਉਹਨਾਂ ਕਿਹਾ ਕਿ ਪਿੰਡ ਪੱਤੀ ਦੀਪ ਸਿੰਘ ਵਾਲਾ ਅਤੇ ਵਿਧਾਤਾ ਦੇ ਵੱਡੀ ਗਿਣਤੀ ਵਿੱਚ ਕਿਸਾਨਾਂ ਦੀ ਫ਼ਸਲ ਬਰਬਾਦ ਹੋਈ, ਪਰ ਕਿਸਾਨ ਅੱਜ ਵੀ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ। ਸਰਕਾਰ ਅਤੇ ਪ੍ਰਸ਼ਾਸ਼ਨ ਦੇ ਮੁਆਵਜ਼ਾ ਦੇਣ ਦੇ ਦਾਅਵੇ ਝੂਠੇ ਹਨ। ਉਹਨਾਂ ਕਿਹਾ ਕਿ ਜਿੰਨਾਂ ਸਮਾਂ ਉਸ ਨੂੰ ਮੁਆਵਜ਼ਾ ਰਾਸ਼ੀ ਨਹੀਂ ਮਿਲਦੀ, ਉਹ ਹੁਣ ਥੱਲੇ ਉਤਰਨ ਵਾਲਾ ਨਹੀਂ ਹੈ।
- ਫਰੀਦਕੋਟ 'ਚ MLA ਦੀ ਪਾਇਲਟ ਜਿਪਸੀ ਨੇ ਦਰੜੇ 2 ਮੋਟਰਸਾਈਕਲ ਸਵਾਰ, ਦੋਵਾਂ ਦੀ ਮੌਕੇ 'ਤੇ ਮੌਤ, ਭੜਕੇ ਪਰਿਵਾਰ ਨੇ ਲਾਇਆ ਧਰਨਾ
- Tamil Nadu IPS Convicted : ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਆਈਪੀਐਸ ਅਧਿਕਾਰੀ ਨੂੰ ਜੇਲ੍ਹ
- ਮੰਤਰੀ ਹਰਜੋਤ ਸਿੰਘ ਬੈਂਸ ਦੇ ਟਵੀਟ ਤੋਂ ਬਾਅਦ ਭਖੀ ਸਿਆਸਤ, ਵਿਰੋਧੀ ਨੇ ਕਿਹਾ- ਮੁਆਫੀ ਮੰਗੇ ਬੈਂਸ
ਟੈਂਕੀ ਉੱਤੇ ਡਟਿਆ ਕਿਸਾਨ: ਉੱਥੇ ਦੂਜੇ ਪਾਸੇੇ ਘਟਨਾ ਸਥਾਨ ਉੱਤੇ ਭਦੌੜ ਦੇ ਨਾਇਬ ਤਹਿਸੀਲਦਾਰ ਅਤੇ ਥਾਣਾਂ ਟੱਲੇਵਾਲ ਦੀ ਪੁਲਿਸ ਪਾਰਟੀ ਵੀ ਮੌਕੇ ਉੱਤੇ ਮੌਜੂਦ ਸੀ। ਪੁਲਿਸ ਵਲੋਂ ਕਿਸਾਨ ਗੋਰਾ ਸਿੰਘ ਨੂੰ ਵਾਰ-ਵਾਰ ਮੁਆਵਜ਼ੇ ਸਬੰਧੀ ਭਰੋਸਾ ਦਿੱਤਾ ਗਿਆ, ਪਰ ਪ੍ਰਸ਼ਾਸ਼ਨ ਵੱਲੋਂ ਗੋਰਾ ਸਿੰਘ ਨੂੰ ਥੱਲੇ ਉਤਾਰਨ ਦੀਆਂ ਕੋਸਿਸ਼ਾਂ ਨਾਕਾਮ ਰਹੀਆਂ। ਖ਼ਬਰ ਲਿਖੇ ਜਾਣ ਤੱਕ ਕਿਸਾਨ ਆਪਣੀ ਮੰਗ ਨੂੰ ਲੈ ਕੇ ਟੈਂਕੀ ਉੱਪਰ ਡਟਿਆ ਹੋਇਆ ਸੀ। ਜਦ ਕਿ ਕਿਸੇ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਨੇ ਇਸ ਸਬੰਧੀ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।