ਬਰਨਾਲਾ:ਕਾਂਗਰਸ ਸਰਕਾਰ ਦਾ ਘਰ-ਘਰ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਸਰਕਾਰ ਦੇ ਗਲ ਦੀ ਹੱਡੀ ਬਣਦਾ ਜਾ ਰਿਹਾ ਹੈ। ਇਸੇ ਵਾਅਦੇ ਦੀ ਦੁਹਾਈ ਪਾਉਂਦੇ ਅਤੇ ਪੂਰਤੀ ਦੀ ਮੰਗ ਕਰਦੇ ਪੰਜਾਬ ਦੇ ਸਿੱਖਿਆ ਅਤੇ ਸਿਹਤ ਨਾਲ ਸਬੰਧਤ ਬੇਰੁਜ਼ਗਾਰ ਪਿਛਲੇ ਸਾਲ ਦੇ 31 ਦਸੰਬਰ ਤੋਂ ਜਿੱਥੇ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਨੂੰ ਘੇਰ ਕੇ ਬੈਠੇ ਹੋਏ ਹਨ। ਉੱਥੇ ਇਨ੍ਹਾਂ ਨੇ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਵਿਰੋਧ ਦੀ ਲਹਿਰ ਚਲਾ ਦਿੱਤੀ ਹੈ।
ਪੰਜ ਬੇਰੁਜ਼ਗਾਰ (ਟੈਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕ ਯੂਨੀਅਨ, ਬੇਰੁਜ਼ਗਾਰ ਆਰਟ ਐਂਡ ਕਰਾਫਟ ਅਧਿਆਪਕ ਯੂਨੀਅਨ, ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ, ਆਲ ਪੰਜਾਬ 873 ਬੇਰੁਜ਼ਗਾਰ ਡੀਪੀਈ ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ 646 ਪੀਟੀਆਈ ਅਧਿਆਪਕ ਯੂਨੀਅਨ) ਉੱਤੇ ਅਧਾਰਿਤ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਆਪਣੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੀ ਬਜਾਏ ਸੰਗਰੂਰ ਅਤੇ ਪਟਿਆਲਾ ਵਿਖੇ ਜ਼ਬਰ ਢਾਹੁਣ ਵਾਲੀ ਕਾਂਗਰਸ ਲਈ ਆਪਣੇ ਦਰਵਾਜੇ ਬੰਦ ਕਰ ਦਿੱਤੇ ਹਨ।
ਬੇਰੁਜ਼ਗਾਰਾਂ ਨੇ "ਦਿਓ ਜਵਾਬ,ਕੈਪਟਨ ਸਾਬ੍ਹ" ਦੇ ਫਲੈਕਸ ਲਗਾ ਕੇ ਕਾਂਗਰਸੀ ਉਮੀਦਵਾਰਾਂ ਲਈ ਬੂਹੇ ਭੇੜ ਦਿੱਤੇ ਹਨ। ਇਸ ਸਬੰਧੀ ਮੋਰਚੇ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ ਤੇ ਜਗਜੀਤ ਸਿੰਘ ਜੋਧਪੁਰ ਨੇ ਦੱਸਿਆ, ਕਿ ਜ਼ਿਲ੍ਹਾਂ ਬਰਨਾਲਾ ਅੰਦਰ ਵੱਖ-ਵੱਖ ਥਾਵਾਂ ‘ਤੇ ਫਲੈਕਸਾਂ ਲਗਾਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ, ਬੇਰੁਜ਼ਗਾਰਾਂ ਨੇ ਇਲਜ਼ਾਮ ਲਗਾਏ ਹਨ, ਕਿ ਪੰਜਾਬ ਸਰਕਾਰ ਘਰ-ਘਰ ਨੌਕਰੀ ਦੇਣ ਦੇ ਵਾਅਦੇ ਤੋਂ ਮੁੱਕਰ ਚੁੱਕੀ ਹੈ।
ਉਨ੍ਹਾਂ ਨੇ ਕਿਹਾ ਕਿ ਸਿੱਖਿਆ ਮੰਤਰੀ ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀ ਦੀ ਬਜਾਏ ਲੱਚਰ ਗਾਲਾਂ ਕੱਢ ਰਹੇ ਹਨ। ਉਨ੍ਹਾਂ ਦੀ ਸੰਗਰੂਰ ਵਿਚਲੀ ਕੋਠੀ ਅੰਦਰ ਉਹ 200 ਦਿਨਾਂ ਤੋ ਨਹੀਂ ਆ ਰਹੇ। ਉੱਥੇ ਬੇਰੁਜ਼ਗਾਰ ਮੋਰਚਾ ਲਗਾ ਕੇ ਬੈਠੇ ਹੋਏ ਹਨ।
ਉਨ੍ਹਾਂ ਨੇ ਕਿਹਾ ਮੋਤੀ ਮਹਿਲ ਪਟਿਆਲਾ ਅੱਗੇ ਰੁਜ਼ਗਾਰ ਦੀ ਮੰਗ ਲੈਕੇ ਜਾਂਦੇ ਬੇਰੁਜ਼ਗਾਰਾਂ ਨੂੰ ਛੱਲੀਆਂ ਵਾਂਗ ਕੁੱਟਿਆ ਜਾਂਦਾ ਹੈ। ਜਿਸ ਦੀ ਉਦਾਹਰਣ 11 ਅਪ੍ਰੈਲ, 25 ਅਪ੍ਰੈਲ,8 ਜੂਨ ਅਤੇ 30 ਜੂਨ ਨੂੰ ਬੇਰੁਜ਼ਗਾਰਾਂ ਉੱਤੇ ਹੋਏ ਭਿਆਨਕ ਲਾਠੀਚਾਰਜ ਤੋਂ ਮਿਲਦੀ ਹੈ।
ਇਹ ਵੀ ਪੜ੍ਹੋ:ਯੂ.ਟੀ. ਮੁਲਾਜ਼ਮ ਅਤੇ ਸਾਝਾ ਪੈਨਸ਼ਨਰ ਫਰੰਟ ਨੇ ਘੇਰੀ ਧਰਮਸੋਤ ਦੀ ਕੋਠੀ