ਬਰਨਾਲਾ: ਪੰਜਾਬ ਵਿੱਚ ਲਗਾਤਾਰ ਬਿਜਲੀ ਸੰਕਟ ਬਣਿਆ ਹੋਇਆ ਹੈ। ਖੇਤੀ ਸੈਕਟਰ ਅਤੇ ਘਰੇਲੂ ਬਿਜਲੀ ਦੇ ਲਗਾਤਾਰ ਪਾਵਰਕੌਮ ਵੱਲੋਂ ਕੱਟ ਲਗਾਏ ਜਾ ਰਹੇ ਹਨ। ਭਾਵੇਂ ਬੀਤੇ ਦਿਨ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਮੀਂਹ ਪੈਣ ਨਾਲ ਕੁਝ ਰਾਹਤ ਮਿਲੀ ਹੈ, ਪਰੰਤੂ ਇਸ ਰਾਹਤ ਨੂੰ ਕਿਸਾਨਾਂ ਵੱਲੋਂ ਵਕਤੀ ਰਾਹਤ ਦੱਸਿਆ ਜਾ ਰਿਹਾ ਹੈ। ਪੰਜਾਬ ਵਿੱਚ ਬਣੇ ਬਿਜਲੀ ਸੰਕਟ ਲਈ ਵੀ ਕਿਸਾਨਾਂ ਨੇ ਅਕਾਲੀ ਅਤੇ ਕਾਂਗਰਸ ਦੋਵੇਂ ਸਰਕਾਰਾਂ ਨੂੰ ਨਿੱਜੀ ਕੰਪਨੀਆਂ ਨਾਲ ਕੀਤੇ ਸਮਝੌਤਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਬਰਨਾਲਾ ਦੇ ਕਿਸਾਨਾਂ ਨੇ ਕਿਹਾ ਕਿ ਪ੍ਰਾਈਵੇਟ ਨਿੱਜੀ ਕੰਪਨੀਆਂ ਨਾਲ ਅਕਾਲੀ ਅਤੇ ਕਾਂਗਰਸ ਦੋਵੇਂ ਸਰਕਾਰਾਂ ਵੱਲੋਂ ਕੀਤੇ ਗਏ ਸਮਝੌਤਿਆਂ ਕਾਰਨ ਪੰਜਾਬ ਵਿਚ ਬਿਜਲੀ ਦਾ ਸੰਕਟ ਬਣਿਆ ਹੋਇਆ ਹੈ। ਪ੍ਰਾਈਵੇਟ ਕੰਪਨੀਆਂ ਮਨਮਰਜ਼ੀ ਦੇ ਰੇਟ ਲਗਾ ਕੇ ਜਿੱਥੇ ਲੋਕਾਂ ਦੀ ਲੁੱਟ ਕਰ ਰਹੀਆਂ ਹਨ, ਉੱਥੇ ਸਰਕਾਰਾਂ ਦੀ ਨੀਅਤ ਵੀ ਸਰਕਾਰੀ ਥਰਮਲਾਂ ਨੂੰ ਖ਼ਤਮ ਕਰਕੇ ਨਿੱਜੀਕਰਨ ਨੂੰ ਵਧਾਵਾ ਦੇਣ ਦੀ ਰਹੀ ਹੈ।
ਉਨ੍ਹਾਂ ਕਿਹਾ ਕਿ ਜਿੰਨੀ ਮੈਗਾਵਾਟ ਬਿਜਲੀ ਦੀ ਲੋੜ ਪੰਜਾਬ ਵਿੱਚ ਹੈ, ਓਨੀ ਬਿਜਲੀ ਪੈਦਾ ਹੀ ਨਹੀਂ ਹੋ ਰਹੀ। ਕਿਸਾਨਾਂ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਨਾਲ ਅਕਾਲੀਆਂ ਦੀ ਸਰਕਾਰ ਨੇ ਸਮਝੌਤੇ ਕਰਕੇ ਆਪਣੀਆਂ ਜੇਬਾਂ ਭਰੀਆਂ ਹਨ। ਇਨ੍ਹਾਂ ਸਮਝੌਤਿਆਂ ਦਾ ਲਾਹਾ ਮੌਜੂਦਾ ਸਮੇਂ ਵਿੱਚ ਕਾਂਗਰਸ ਸਰਕਾਰ ਵੀ ਖੱਟ ਰਹੀ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਡੀਜ਼ਲ ਦੇ ਰੇਟ ਇੰਨੇ ਵਧ ਗਏ ਹਨ ਕਿ ਇੱਕ ਦਿਨ ਵਿੱਚ ਚਾਰ ਹਜ਼ਾਰ ਦਾ ਡੀਜ਼ਲ ਫੂਕ ਕੇ ਝੋਨੇ ਨੂੰ ਪਾਣੀ ਲਗਾਉਣਾ ਕਿਸਾਨਾਂ ਦੇ ਵੱਸ ਦੀ ਗੱਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਰਕਾਰਾਂ ਦੀ ਟੇਢੇ ਤਰੀਕੇ ਨਾਲ ਇਹੀ ਚਾਲ ਹੈ ਕਿ ਕਿਸਾਨੀ ਅਤੇ ਖੇਤੀ ਕਿਸਾਨਾਂ ਦੇ ਹੱਥਾਂ ਵਿੱਚੋਂ ਖੋਹ ਕੇ ਕਾਰਪੋਰੇਟ ਹੱਥਾਂ ਵਿੱਚ ਕੀਤੀ ਜਾਵੇਗੀ। ਇਸ ਨੀਅਤ ਨਾਲ ਹੀ ਕੇਂਦਰ ਸਰਕਾਰ ਬਿਜਲੀ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਬਿਜਲੀ ਬਿੱਲ 2020 ਲਿਆਉਣਾ ਚਾਹੁੰਦੀ ਹੈ। ਜਿਸ ਦਾ ਕਿਸਾਨ ਵਿਰੋਧ ਕਰ ਰਹੇ ਹਨ।