ਬਰਨਾਲਾ: ਭਦੌੜ ਵਿਖੇ ਪਿਛਲੇ ਲੰਬੇ ਸਮੇਂ ਤੋਂ ਚੋਰ ਬੇਖੌਫ ਘੁੰਮ ਰਹੇ ਹਨ ਤੇ ਹਾਲੇ ਤੱਕ ਪੁਲਿਸ ਨੂੰ ਉਨ੍ਹਾਂ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਇੱਕ ਵਾਰ ਫਿਰ 17 ਮਈ ਦੀ ਰਾਤ ਨੂੰ ਚੋਰਾਂ ਨੇ ਇੱਕ ਘਰ ਵਿੱਚ 10 ਤੋਲੇ ਸੋਨਾ, 10,000 ਨਕਦੀ, ਐੱਲਸੀਡੀ, ਕੈਮਰਿਆਂ ਦੀ ਰਿਕਾਰਡਿੰਗ ਵਾਲਾ ਡੀਵੀਆਰ ਚੋਰੀ ਕਰ ਲਿਆ ਹੈ।
ਚੋਰੀ ਦੀ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਨੇ ਦੱਸਿਆ, "17 ਮਈ ਨੂੰ ਉਹ ਆਪਣੀ ਲੜਕੀ ਨੂੰ ਐਲਰਜੀ ਦੀ ਦਵਾਈ ਦਿਵਾਉਣ ਲਈ ਤਪਾ ਦੇ ਹਸਪਤਾਲ ਗਈ ਸੀ ਤੇ ਅਗਲੇ ਦਿਨ ਉਨ੍ਹਾਂ ਦੇ ਗੁਆਂਢੀ ਨੇ ਉਨ੍ਹਾਂ ਨੂੰ ਫੋਨ ਕੀਤਾ ਕਿ ਸਾਡੇ ਵਰਕਸ਼ਾਪ ਵਿੱਚ ਚੋਰੀ ਹੋ ਗਈ ਹੈ, ਤੁਹਾਡੇ ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕਰਨੀ ਹੈ। ਜਦੋਂ ਉਨ੍ਹਾਂ ਨੇ ਘਰ ਆ ਕੇ ਜਿੰਦੇ ਖੋਲ੍ਹੇ ਤਾਂ ਘਰ ਦੇ ਕਮਰਿਆਂ ਦੇ ਜਿੰਦੇ ਖੁੱਲ੍ਹੇ ਹੋਏ ਸਨ ਤੇ ਅਲਮਾਰੀ ਦਾ ਸਮਾਨ ਖਿਲਰਿਆ ਪਿਆ ਸੀ। ਅਲਮਾਰੀ ਵਿੱਚ ਪਿਆ 10 ਤੋਲੇ ਸੋਨਾ, 10,000 ਨਕਦੀ ਅਤੇ ਹੋਰ ਘਰ ਦਾ ਕੀਮਤੀ ਸਮਾਨ ਗਾਇਬ ਸੀ।"
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਤੀ ਆਰਮੀ ਵਿੱਚ ਨੌਕਰੀ ਕਰਦਾ ਹੈ ਤੇ ਉਹ ਆਪਣੇ ਬੱਚਿਆਂ ਸਮੇਤ ਘਰ ਵਿੱਚ ਇੱਕਲੀ ਰਹਿ ਰਹੀ ਹੈ। ਦੋ ਤਿੰਨ ਵਾਰ ਪਹਿਲਾਂ ਵੀ ਉਨ੍ਹਾਂ ਦੇ ਘਰ ਚੋਰੀ ਹੋ ਚੁੱਕੀ ਹੈ ਪਰ ਹਾਲੇ ਤੱਕ ਕੋਈ ਵੀ ਚੋਰ ਜਾਂ ਉਨ੍ਹਾਂ ਦਾ ਚੋਰੀ ਹੋਇਆ ਸਮਾਨ ਬਰਾਮਦ ਨਹੀਂ ਹੋਇਆ।
ਇਸ ਸਬੰਧੀ ਏਐਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚੋਰੀ ਦੀ ਸ਼ਿਕਾਇਤ ਮਿਲ ਗਈ ਹੈ ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਚੋਰ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ।