ਬਰਨਾਲਾ: ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 294 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ।
ਧਰਨੇ 'ਚ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਵੱਲੋਂ ਪਿਛਲੇ ਦਿਨੀਂ ਸੰਸਦ ਵਿੱਚ ਬਿਆਨ ਦਾ ਮੁੱਦਾ ਭਾਰੂ ਰਿਹਾ। ਖੇਤੀ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਸਰਕਾਰ ਕੋਲ ਉਨ੍ਹਾਂ ਕਿਸਾਨਾਂ ਦਾ ਕੋਈ ਅੰਕੜਾ ਨਹੀਂ ਹੈ ਜਿਨ੍ਹਾਂ ਦੀ ਕਿਸਾਨ ਅੰਦੋਲਨ ਦੌਰਾਨ ਮੌਤ ਹੋਈ ਹੈ ਅਤੇ ਨਾ ਹੀ ਸਰਕਾਰ ਦੀ ਇਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਕੋਈ ਤਜ਼ਵੀਜ਼ ਹੈ।
![ਸੰਸਦ 'ਚ ਦਿੱਤੇ ਬਿਆਨ ਦੀ ਕਿਸਾਨਾਂ ਵੱਲੋਂ ਸਖਤ ਨਿਖੇਧੀ](https://etvbharatimages.akamaized.net/etvbharat/prod-images/pb-bnl-farmerreaction-pb10017_21072021214030_2107f_1626883830_832.jpg)
ਇਹ ਵੀ ਪੜੋ: 200 ਕਿਸਾਨ ਪਹੁੰਚਣਗੇ ਜੰਤਰ-ਮੰਤਰ, ਸਾਰਿਆਂ ਕੋਲ ਕਿਸਾਨ ਮੋਰਚਾ ਕਾਰਡ ਹੋਵੇਗਾ
ਆਗੂਆਂ ਨੇ ਕਿਹਾ ਕਿ ਇਹ ਬਿਆਨ ਸਰਕਾਰ ਦੀ ਸੰਵੇਦਨਹੀਣਤਾ, ਹੱਠਧਰਮੀ, ਹੰਕਾਰ ਤੇ ਕਿਸਾਨੀ ਮੰਗਾਂ ਪ੍ਰਤੀ ਗੈਰਸੰਜੀਦਗੀ ਨੂੰ ਦਰਸਾਉਂਦਾ ਹੈ। ਹੁਣ ਤੱਕ 582 ਤੋਂ ਉਪਰ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਮਨ ਕੀ ਬਾਤ ਕਰਨ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਇਨ੍ਹਾਂ ਲਈ ਹਮਦਰਦੀ ਦਾ ਇੱਕ ਵੀ ਸ਼ਬਦ ਨਹੀਂ ਸਰਿਆ। ਕਿਸਾਨਾਂ ਨਾਲ ਕਿਸੇ ਦੁਸ਼ਮਣ ਦੇਸ਼ ਦੇ ਵਾਸੀਆਂ ਵਾਂਗ ਵਿਹਾਰ ਕੀਤਾ ਜਾ ਰਿਹਾ ਹੈ। ਅੱਜ ਦਾ ਧਰਨਾ ਕੇਂਦਰੀ ਖੇਤੀ ਮੰਤਰੀ ਦੇ ਇਸ ਸੰਵੇਦਨਹੀਣ ਬਿਆਨ ਦੀ ਸਖਤ ਨਿਖੇਧੀ ਕਰਦਾ ਹੈ।
![ਸੰਸਦ 'ਚ ਦਿੱਤੇ ਬਿਆਨ ਦੀ ਕਿਸਾਨਾਂ ਵੱਲੋਂ ਸਖਤ ਨਿਖੇਧੀ](https://etvbharatimages.akamaized.net/etvbharat/prod-images/pb-bnl-farmerreaction-pb10017_21072021214030_2107f_1626883830_65.jpg)
ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ 22 ਜੁਲਾਈ ਤੋਂ ਸੰਸਦ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਹੋਇਆ ਹੈ ਜਿਸ ਵਿੱਚ ਹਰ ਦਿਨ 200 ਕਿਸਾਨ ਹਿੱਸਾ ਲਿਆ ਕਰਨਗੇ। ਇਸ ਮੰਤਵ ਲਈ ਆਧਾਰ ਕਾਰਡ ਆਦਿ ਪਛਾਣ-ਪੱਤਰਾਂ ਸਮੇਤ ਕਿਸਾਨ ਵਲੰਟੀਅਰਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਜਿਸ ਲਈ ਕਿਸਾਨਾਂ 'ਚ ਭਾਰੀ ਉਤਸ਼ਾਹ ਤੇ ਜੋਸ਼ ਪਾਇਆ ਜਾ ਰਿਹਾ ਹੈ।
ਅੱਜ ਦੇ ਦਿਨ ਸੰਨ 2010 ਵਿੱਚ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਤੇ ਆਜਾਦੀ ਘੁਲਾਟੀਏ ਸਵਰਨ ਸਿੰਘ ਅਤੇ ਅੱਜ ਦੇ ਦਿਨ ਸੰਨ 1965 ਵਿੱਚ ਉਨ੍ਹਾਂ ਦੇ ਸਾਥੀ ਬੀ ਕੇ ਦੱਤ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ। ਅੱਜ ਧਰਨੇ ’ਚ 2 ਮਿੰਟ ਦਾ ਮੌਨ ਧਾਰ ਕੇ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।