ਬਰਨਾਲਾ: ਜ਼ਿਲ੍ਹੇ ਦੇ ਪਿੰਡ ਮੱਲ੍ਹੀਆਂ ਵਿੱਚ ਜੰਮੇ ਕੈਪਟਨ ਕਰਮ ਸਿੰਘ ਮੱਲ੍ਹੀ ਦੇਸ਼ ਦੇ ਪਹਿਲੇ ‘ਪਰਮਵੀਰ ਚੱਕਰ ਜੇਤੂ’ ਸਨ। ਸਾਲ 1948 ਵਿੱਚ ਪਾਕਿਸਤਾਨ ਨਾਲ ‘ਟੈੱਥਵਾਲ ਅਪਰੇਸ਼ਨ’ ਦੌਰਾਨ ਕੈਪਟਨ ਕਰਮ ਸਿੰਘ ਨੇ ਫ਼ੌਜ ਦੀ ਅਗਵਾਈ ਕੀਤੀ। ਇਸ ਲੜਾਈ ਵਿੱਚ ਉਹ ਇਕੱਲੇ ਜਿਉਂਦੇ ਰਹੇ ਅਤੇ ਉਨ੍ਹਾਂ ਦੇ ਸਰੀਰ ਉੱਤੇ 15-16 ਦੇ ਗੋਲੀਆਂ ਵੀ ਲੱਗੀਆਂ ਸਨ। ਉਨ੍ਹਾਂ ਵਲੋਂ ਇਹ ਅਪਰੇਸ਼ਨ ਆਪਣੇ ਦਮ ’ਤੇ ਫ਼ਤਿਹ ਕੀਤਾ ਗਿਆ ਸੀ। ਉਨ੍ਹਾਂ ਦੀ ਬਹਾਦਰੀ ਨੂੰ ਦੇਖਦੇ ਹੋਏ ਭਾਰਤ ਦੇ ਪਹਿਲੇ ਰਾਸ਼ਟਰਪਤੀ ਰਾਜਿੰਦਰ ਪ੍ਰਸ਼ਾਦ ਵਲੋਂ 26 ਜਨਵਰੀ 1951 ਵਿੱਚ ‘ਪਰਮਵੀਰ ਚੱਕਰ’ ਨਾਲ ਸਨਮਾਨਿਤ ਕੀਤਾ ਗਿਆ ਸੀ। ਕੈਪਟਨ ਕਰਮ ਸਿੰਘ 1969 ਵਿੱਚ ਫ਼ੌਜ ਤੋਂ ਸੇਵਾਮੁਕਤ ਹੋਏ ਅਤੇ 1993 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਪਰਿਵਾਰ ਦਾ ਇਲਜ਼ਾਮ: ਪਰਿਵਾਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਤਾਂ ਭਾਵੇਂ ਵੱਡਾ ਮਾਣ ਬਖਸ਼ਿਆ ਹੈ, ਪਰ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਹਮੇਸ਼ਾ ਅਣਗੌਲਿਆ ਹੀ ਕੀਤਾ ਗਿਆ ਹੈ। ਕੈਪਟਨ ਕਰਮ ਸਿੰਘ ਦੀ ਬਰਸੀ 20 ਜਨਵਰੀ ਨੂੰ ਪਰਿਵਾਰਕ ਤੌਰ ’ਤੇ ਹੀ ਮਨਾਈ ਜਾਂਦੀ ਹੈ। ਜ਼ਿਲ੍ਹੇ ਅੰਦਰ ਨਾ ਤਾਂ ਉਹਨਾਂ ਦਾ ਕੋਈ ਬੁੱਤ ਸਥਾਪਿਤ ਕੀਤਾ ਗਿਆ ਅਤੇ ਨਾ ਹੀ ਕੋਈ ਯਾਦਗਾਰ ਬਣਾਈ ਗਈ। ਸਿਰਫ਼ ਪਿੰਡ ਦੇ ਬੱਸ ਅੱਡੇ ’ਤੇ ਇੱਕ ਪੱਟੀ ਉਨ੍ਹਾਂ ਦੇ ਨਾਮ ਦੀ ਲਗਾ ਕੇ ਬੁੱਤਾ ਸਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਦੇ ਵੀ 15 ਅਗਸਤ ਜਾਂ 26 ਜਨਵਰੀ ਸਮਾਗਮ ਮੌਕੇ ਪਰਿਵਾਰ ਨੂੰ ਬੁਲਾਇਆ ਨਹੀਂ ਜਾਂਦਾ। ਪਰਿਵਾਰ ਨੇ ਕਈ ਵਾਰ ਜ਼ਿਲ੍ਹੇ ਦੇ ਡੀਸੀ ਨੂੰ ਸੂਬਾ ਸਰਕਾਰ ਦੇ ਨਾਮ ਮੰਗ ਪੱਤਰ ਵੀ ਦਿੱਤੇ ਪਰ ਕਦੇ ਮੰਗ ਵੱਲ ਧਿਆਨ ਨਹੀਂ ਦਿੱਤਾ ਗਿਆ।
ਪਰਿਵਾਰ ਨੇ ਕੀਤੀ ਇਹ ਮੰਗ: ਕੈਪਟਨ ਕਰਮ ਸਿੰਘ ਦੇ ਪੋਤਰੇ ਪ੍ਰਦੀਪ ਸਿੰਘ ਨੇ ਦੱਸਿਆ ਕਿ ਅੰਡੇਮਾਨ ਵਿਖੇ ਰੱਖੇ ਸਮਾਗਮ ਵਿੱਚ ਕੇਂਦਰ ਸਰਕਾਰ ਦੇ ਸੱਦੇ ’ਤੇ ਉਹਨਾਂ ਦੀ ਪੋਤਰੀ ਗੁਰਪ੍ਰੀਤ ਕੌਰ ਸਮਾਮਗਮ ਵਿੱਚ ਸ਼ਾਮਲ ਹੋਈ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ, ਪਰ ਸੂਬਾ ਸਰਕਾਰ ਨੇ ਕੋਈ ਮਾਣ ਨਹੀਂ ਬਖ਼ਸ਼ਿਆ। ਪਿੰਡ ਦੇ ਸਰਪੰਚ ਜਗਦੀਪ ਸਿੰਘ ਮੱਲ੍ਹੀ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਮਰਹੂਮ ਕੈਪਟਨ ਕਰਮ ਸਿੰਘ ਦੀ ਯਾਦ ’ਚ ਜ਼ਿਲ੍ਹੇ ਅੰਦਰ ਕੋਈ ਸਕੂਲ, ਕਾਲਜ ਜਾਂ ਯੂਨੀਵਰਸਿਟੀ ਸਥਾਪਤ ਕਰਨ ਤੋਂ ਇਲਾਵਾ ਉਨ੍ਹਾਂ ਦਾ ਬੁੱਤ ਜਾਂ ਯਾਦਗਾਰ ਬਣਾਇਆ ਜਾਵੇ। ਇਸ ਮਾਮਲੇ ਨੂੰ ਲੈਕੇ ਡੀਸੀ ਬਰਨਾਲਾ ਪੂਨਮਦੀਪ ਕੌਰ ਨਾਲ ਵਾਰ ਵਾਰ ਫ਼ੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫ਼ੋਨ ਨਹੀਂ ਚੁੱਕਿਆ।