ਬਰਨਾਲਾ : ਸਾਉਣ ਦਾ ਮਹੀਨਾ ਹੋਣ ਕਰਕੇ ਪਿੰਡਾਂ ਵਿੱਚ ਤੀਆਂ ਦੇ ਤਿਉਹਾਰ ਦੀ ਰੌਣਕ ਅਕਸਰ ਦੇਖਣ ਨੂੰ ਮਿਲਦੀ ਹੈ। ਉਥੇ ਹੁਣ ਪਿੰਡਾਂ ਦੇ ਨਾਲ ਨਾਲ ਸ਼ਹਿਰਾਂ ਵਿੱਚ ਵੀ ਤੀਆਂ ਦੀ ਰੌਣਕ ਦੇਖਣ ਨੂੰ ਮਿਲਣ ਲੱਗੀ ਹੈ। ਤੀਆਂ ਦਾ ਤਿਉਹਾਰ ਬਰਨਾਲਾ ਸ਼ਹਿਰ ਦੀਆਂ ਔਰਤਾਂ ਨੇ ਇਕੱਠੇ ਹੋ ਕੇ ਮਨਾਇਆ।
ਤੀਆਂ ਦੇ ਤਿਉਹਾਰ ਦੀ ਧੁੰਮ ਬਰਨਾਲਾ ਵਿੱਚ ਦੇਖਣ ਨੂੰ ਮਿਲੀ। ਵੱਡੀ ਗਿਣਤੀ ਵਿੱਚ ਹਰ ਉਮਰ ਦੀਆਂ ਔਰਤਾਂ, ਨਵਵਿਆਹੁਤਾ ਲੜਕੀਆਂ, ਕੁਆਰੀਆਂ ਕੁੜੀਆਂ ਨੇ ਇਸ ਤਿਉਹਾਰ ਦਾ ਆਨੰਦ ਮਾਣਿਆ। ਬਰਨਾਲਾ ਦੇ ਇੱਕ ਨਿੱਜੀ ਸਕੂਲ ਵਿੱਚ ਇਕੱਠੀਆਂ ਹੋਈਆਂ ਵੱਡੀ ਗਿਣਤੀ ਵਿੱਚ ਔਰਤਾਂ ਵਲੋਂ ਸੋਲਾਂ ਸ਼ਿੰਗਾਰ, ਹੱਥਾਂ ਤੇ ਮਹਿੰਦੀ, ਫੁਲਕਾਰੀਆਂ ਲੈ ਕੇ ਸੱਭਿਆਚਾਰ ਨੂੰ ਦਰਸਾਉਂਦੀਆਂ ਗਿੱਧਾ ਬੋਲੀਆਂ ਪਾਈਆਂ ਗਈਆਂ। ਪੀਂਘਾਂ ਤੇ ਝੂਟੇ ਲੈਂਦਿਆਂ ਸੱਭਿਆਚਾਰ ਦਾ ਆਨੰਦ ਲਿਆ ਗਿਆ।
ਇਹ ਵੀ ਪੜ੍ਹੋ:ਜਲੰਧਰ ਪਹੁੰਚੇ ਹਾਕੀ ਓਲੰਪਿਅਨਾਂ ਦੇ ਸੁਆਗਤ ਦੀਆਂ ਵੇਖੋ ਖਾਸ ਤਸਵੀਰਾਂ
ਇਸ ਮੌਕੇ ਖੁਸ਼ੀ 'ਚ ਧੂਮਧਾਮ ਨਾਲ ਤਿਉਹਾਰ ਮਨਾਉਂਦੀਆਂ ਔਰਤਾਂ ਨੇ ਗੱਲ ਕਰਦੇ ਹੋਏ ਦੱਸਿਆ ਕਿ ਤੀਆਂ ਦਾ ਤਿਉਹਾਰ ਇੱਕਜੁੱਟਤਾ ਦਾ ਤਿਉਹਾਰ ਹੈ। ਹਰ ਜਾਤ ਪਾਤ ਤੋਂ ਉੱਤੇ ਉੱਠ ਕੇ ਸਾਰੀਆਂ ਔਰਤਾਂ, ਸਾਰੇ ਪਰਵਾਰ ਇੱਕਜੁਟ ਹੋਕੇ ਇਸ ਤਿਉਹਾਰ ਨੂੰ ਵੱਡੀ ਧੂਮਧਮ ਨਾਲ ਮਨਾ ਰਹੀਆਂ ਹਨ। ਔਰਤਾਂ ਨੇ ਖੁਸ਼ੀ ਨਾਲ ਇਸ ਤਿਉਹਾਰ ਨੂੰ ਮਨਾਉਂਦਿਆਂ ਗਿੱਧਾ, ਬੋਲੀਆਂ ਅਤੇ ਪੀਂਘਾਂ ਝੂਟੀਆਂ ਹਨ। ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਦਾ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ, ਜੋ ਅੱਗੇ ਵੀ ਜਾਰੀ ਰਹੇਗਾ।