ਬਰਨਾਲਾ : ਬਰਨਾਲਾ ਦੇ ਪਿੰਡ ਉਗੋਕੇ ਦੇ ਆਮ ਆਦਮੀ ਕਲੀਨਿਕ ਵਿੱਚ ਓਪੀਡੀ ਵਿੱਚ ਹੇਰਾਫ਼ੇਰੀ ਕੀਤੇ ਜਾਣ ਦੇ ਇਲਜ਼ਾਮਾਂ ਤਹਿਤ ਸਟਾਫ਼ ਨੂੰ ਫ਼ਾਰਗ ਕੀਤੇ ਜਾਣ ਦਾ ਮਾਮਲਾ ਹੋਰ ਗਰਮਾ ਗਿਆ ਹੈ। ਅੱਜ ਵੱਡੀ ਗਿਣਤੀ ਪਿੰਡ ਵਾਸੀ ਸਿਹਤ ਕਰਮਚਾਰੀਆਂ ਦੇ ਹੱਕ ਵਿੱਚ ਖੜ੍ਹ ਗਏ, ਜਿਨ੍ਹਾਂ ਵਲੋਂ ਕਲੀਨਿਕ ਅੱਗੇ ਸਰਕਾਰ ਅਤੇ ਸਿਹਤ ਵਿਭਾਗ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਉਪਰੰਤ ਪਿੰਡ ਦੇ ਲੋਕ ਸਿਵਲ ਸਰਜਨ ਬਰਨਾਲਾ ਦੇ ਦਫ਼ਤਰ ਅੱਗੇ ਵੀ ਪ੍ਰਦਰਸ਼ਨ ਕਰਦਿਆਂ ਕਰਚਾਰੀਆਂ ਦੀ ਬਹਾਲੀ ਲਈ ਚਿਤਾਵਨੀ ਦੇ ਕੇ ਆਏ।
ਸਟਾਫ਼ ਨਾਲ ਧੱਕੇਸ਼ਾਹੀ ਕਰ ਰਿਹਾ ਸਿਹਤ ਵਿਭਾਗ : ਇਸ ਮੌਕੇ ਪਿੰਡ ਦੇ ਕਿਸਾਨ ਆਗੂ ਲਖਵੀਰ ਸਿੰਘ ਅਤੇ ਕਮਲਦੀਪ ਕੌਰ ਨੇ ਦੱਸਿਆ ਕਿ ਕਲੀਨਿਕ ਦੇ ਸਟਾਫ਼ ਨੂੰ ਨਾਜਾਇਜ਼ ਤੌਰ ਉਤੇ ਬਦਲਿਆ ਜਾ ਰਿਹਾ ਹੈ, ਕਿਉਂਕਿ ਇਹ ਸਟਾਫ਼ ਬਹੁਤ ਇਮਾਨਦਾਰ ਅਤੇ ਕੰਮ ਨੂੰ ਸਮਰਪਿਤ ਹੈ। ਸਿਹਤ ਵਿਭਾਗ ਵਲੋਂ ਸਟਾਫ਼ ਨਾਲ ਸ਼ਰੇਆਮ ਧੱਕੇਸ਼ਾਹੀ ਕਰਦਿਆਂ ਨੌਕਰੀ ਤੋਂ ਹਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੇੜੇ ਦੇ ਕਈ ਪਿੰਡਾਂ ਦੇ ਲੋਕ ਆਪਣਾ ਇਲਾਜ ਕਰਵਾਉਣ ਆ ਰਹੇ ਹਨ। ਸਾਰਾ ਪਿੰਡ ਅਤੇ ਜਥੇਬੰਦੀਆਂ ਸਟਾਫ਼ ਨਾਲ ਖੜ੍ਹੇ ਹਨ ਅਤੇ ਇਨ੍ਹਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਸਿਹਤ ਕਰਮਚਾਰੀਆਂ ਨੂੰ ਫ਼ਾਰਗ ਕਰਨ ਦਾ ਫ਼ੈਸਲਾ ਤੁਰੰਤ ਵਾਪਸ ਲੈ ਕੇ ਉਹਨਾਂ ਨੂੰ ਕਲੀਨਿਕ ਵਿੱਚ ਡਿਊਟੀ ਉਤੇ ਤੈਨਾਤ ਕੀਤਾ ਜਾਵੇ। ਜੇਕਰ ਸਿਹਤ ਵਿਭਾਗ ਨੇ ਆਪਣਾ ਫ਼ੈਸਲਾ ਵਾਪਸ ਨਾ ਲਿਆ ਤਾਂ ਉਹ ਇੱਥੇ ਹੋਰ ਕਿਸੇ ਵੀ ਸਟਾਫ਼ ਦੀ ਤੈਨਾਤੀ ਬਰਦਾਸ਼ਤ ਨਹੀਂ ਕਰਨਗੇ ਅਤੇ ਇਹ ਕਲੀਨਿਕ ਨੂੰ ਜਿੰਦਾ ਲਗਾ ਦੇਣਗੇ।
ਮਾਮਲੇ ਦੀ ਮੁੜ ਜਾਂਚ ਕਰਵਾਉਣ ਦੀ ਅਪੀਲ : ਉਥੇ ਇਸ ਮੌਕੇ ਕਲੀਨਿਕ ਦੇ ਡਾਕਟਰ ਨੇ ਕਿਹਾ ਕਿ ਅੱਠ ਮਹੀਨੇ ਪਹਿਲਾਂ ਉਹਨਾਂ ਦੀ ਤੈਨਾਤੀ ਪਿੰਡ ਉਗੋਕੇ ਦੇ ਕਲੀਨਿਕ ਵਿੱਚ ਕੀਤੀ ਗਈ ਸੀ। ਉਹਨਾਂ ਦੀ ਪੂਰੀ ਟੀਮ ਵੱਲੋਂ ਇਮਾਨਦਾਰੀ ਨਾਲ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਵਲੋਂ ਬਿਨਾਂ ਕਿਸੇ ਜਾਂਚ ਪੜਤਾਲ ਦੇ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਹੁਣ ਤੱਕ ਦਸੰਬਰ ਮਹੀਨੇ ਵਿੱਚ ਚੈਕਿੰਗ ਕੀਤੀ ਗਈ ਸੀ, ਜਦਕਿ 15 ਅਪ੍ਰੈਲ ਨੂੰ ਅਧਿਕਾਰੀ ਆਏ ਸਨ ਅਤੇ ਰਜਿਸਟਰ ਵਿੱਚ ਦਸਤਖ਼ਤ ਕਰ ਕੇ ਚਲੇ ਗਏ ਸਨ। ਜਿਸ ਕਰਕੇ ਵਿਭਾਗ ਦੀ ਜਾਂਚ ਪੜਤਾਲ ਗਲਤ ਹੈ। ਉਹਨਾਂ ਕਿਹਾ ਕਿ ਕਲੀਨਿਕ ਵਿੱਚ ਆਉਣ ਵਾਲੇ ਸਾਰੇ ਮਰੀਜ਼ਾਂ ਦਾ ਰਿਕਾਰਡ ਸਹੀ ਹੈ ਅਤੇ ਇਸਦੀ ਡਿਟੇਲ ਆਨਲਾਈਨ ਪੋਰਟਲ ਉਤੇ ਵੀ ਮੌਜੂਦ ਹੈ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਮੁੜ ਬਾਰੀਕੀ ਨਾਲ ਜਾਂਚ ਕਰਵਾਈ ਜਾਵੇ ਅਤੇ ਉਹਨਾਂ ਵਿਰੁੱਧ ਕੀਤੀ ਗਈ ਕਾਰਵਾਈ ਵਾਪਸ ਲਈ ਜਾਵੇ।
ਇਹ ਵੀ ਪੜ੍ਹੋ : ਚੇਤਨ ਸਿੰਘ ਜੌੜਾਮਾਜਰਾ ਨੇ ਲੋਕ ਸੰਪਰਕ ਅਧਿਕਾਰੀਆਂ ਨੂੰ ਕੀਤੀ ਅਪੀਲ, ਕਿਹਾ- ਸਰਕਾਰ ਦੀਆਂ ਪਹਿਲਕਦਮੀਆਂ ਨੂੰ ਪ੍ਰਚਾਰਿਆ ਜਾਵੇ
ਇਸ ਸਬੰਧੀ ਸਿਵਲ ਸਰਜਨ ਬਰਨਾਲਾ ਡਾ. ਜਸਵੀਰ ਸਿੰਘ ਔਲਖ ਨੇ ਕਿਹਾ ਕਿ ਅੱਜ ਪਿੰਡ ਦੇ ਲੋਕ ਉਹਨਾਂ ਨੂੰ ਮਿਲੇ ਹਨ। ਜ਼ਿਲ੍ਹਾ ਪੱਧਰ ਉਤੇ ਉਹਨਾਂ ਵਲੋਂ ਆਪਣੀ ਰਿਪੋਰਟ ਉਚ ਅਧਿਕਾਰੀਆਂ ਨੂੰ ਭੇਜੀ ਜਾ ਚੁੱਕੀ ਹੈ, ਜਿਸ ਕਰਕੇ ਪਿੰਡ ਦੇ ਕਿਸਾਨ ਯੂਨੀਅਨ ਤੇ ਕਲੀਨਿਕ ਦੇ ਸਬੰਧਤ ਸਟਾਫ਼ ਦੇ ਇਤਰਾਜ਼ ਸਬੰਧੀ ਉਚ ਅਧਿਕਾਰੀਆਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।