ਬਰਨਾਲਾ: ਜ਼ਿਲ੍ਹੇ ਦੇ ਇੱਕ ਕੈਦੀ ਵੱਲੋਂ ਮਾਨਸਾ ਅਦਾਲਤ ਚ ਪੇਸ਼ੀ ਭੁਗਤਣ ਮੌਕੇ ਜੇਲ੍ਹ ਸੁਪਰਡੈਂਟ ਅਤੇ ਅਧਿਕਾਰੀਆਂ ’ਤੇ ਕੁੱਟਮਾਰ ਕਰਨ ਸਣੇ ਹੋਰ ਵੱਡੇ ਇਲਜ਼ਾਮ ਲਗਾਏ ਗਏ ਹਨ। ਜਿਸ ਤੋਂ ਬਾਅਦ ਬਰਨਾਲਾ ਜੇਲ੍ਹ ਸੁਰਖੀਆਂ ਚ ਆ ਗਈ ਹੈ। ਦੱਸ ਦਈਏ ਕਿ ਕੈਦੀ ਆਪਣੇ ਕੇਸ ਦੀ ਸੁਣਵਾਈ ਲਈ ਮਾਨਸਾ ਦੀ ਅਦਾਲਤ (Court of Mansa) 'ਚ ਪਹੁੰਚਿਆ ਸੀ। ਤਸ਼ੱਦਦ ਦੀ ਕਹਾਣੀ ਸੁਣਾਉਣ ਤੋਂ ਬਾਅਦ ਮਾਨਸਾ ਦੀ ਅਦਾਲਤ ਨੇ ਬਰਨਾਲਾ ਅਦਾਲਤ ਨੂੰ ਪੀੜਤ ਦਾ ਮੈਡੀਕਲ (Medical) ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।
ਉਕਤ ਕੈਦੀ ਵਲੋਂ ਲਗਾਏ ਇਹਨਾਂ ਦੋਸ਼ਾਂ ਨੂੰ ਜੇਲ੍ਹ ਸੁਪਰਡੈਂਟ ਬਲਵੀਰ ਸਿੰਘ ਵੱਲੋ ਨਕਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਕੈਦੀ ਕਰਮਜੀਤ ਸਿੰਘ ਖਿਲਾਫ ਕੈਦ ਤੋਂ ਇਲਾਵਾ ਵੱਖ-ਵੱਖ ਮਾਮਲਿਆਂ ਦੇ 11 ਅਪਰਾਧ ਦੇ ਪਰਚੇ ਦਰਜ ਹਨ। ਉਸਦੇ ਬਾਵਜੂਦ ਉਸ ਤੋਂ ਜੇਲ੍ਹ ਵਿੱਚ ਨਸ਼ਾ ਅਤੇ ਮੋਬਾਈਲ ਆਦਿ ਫੜੇ ਜਾਂਦੇ ਰਹੇ ਹਨ। ਉਹ ਜੇਲ੍ਹ ਵਿੱਚ ਇੱਕ ਗੈਂਗ ਬਣਾ ਕੇ ਰੱਖਣ ਦਾ ਆਦੀ ਹੈ ਅਤੇ ਜੇਲ੍ਹ ਵਿਚਾਲੇ ਨਰਮ ਕੈਦੀਆਂ ’ਤੇ ਕੰਮ ਕਰਵਾਉਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕੈਦੀ ਕਰਮਜੀਤ ਨੇ ਆਪਣੇ ਆਪ ਨੂੰ ਜੇਲ੍ਹ ਵਿੱਚ ਅੱਗ ਲਗਾ ਲਈ ਸੀ। ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਮਾਨਸਾ ਅਦਾਲਤ ਦੇ ਮਾਨਯੋਗ ਜੱਜ ਸਾਹਿਬ ਨੂੰ ਇਸ ਮਾਮਲੇ ਤੇ ਨਿਰਪੱਖਤਾ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਇਸਦੀ ਸਹੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਕਤ ਕੈਦੀ ਸਬੰਧੀ ਉਹ ਸਭ ਸਬੂਤ ਅਦਾਲਤ ਵਿੱਚ ਪੇਸ਼ ਕਰਨਗੇ।
ਕੈਦੀ ਨੇ ਮਾਣਯੋਗ ਜੱਜ ਸਾਹਿਬ ਨੂੰ ਲਿਖੀ ਚਿੱਠੀ
ਕੈਦੀ ਕਰਮਜੀਤ ਸਿੰਘ ਨੇ ਮਾਣਯੋਗ ਜੱਜ ਸਾਹਿਬ ਨੂੰ ਇਕ ਚਿੱਠੀ ਲਿਖੀ ਹੈ, ਜਿਸ ਵਿਚ ਉਸ ਨੇ ਦੱਸਿਆ ਹੈ ਕਿ ਸੁਪਰਡੈਂਟ ਬਲਵੀਰ ਸਿੰਘ ਤੇ ਹੌਲਦਾਰ ਜਗਰੂਪ ਸਿੰਘ ਅਤੇ ਡਿਪਟੀ ਗੁਰਦੇਵ ਸਿੰਘ ਤੇ ਕੁਝ ਹੋਰ ਜੇਲ ਅਧਿਕਾਰੀਆਂ ਵਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਪਿੱਠ 'ਤੇ ਅੱਤਵਾਦੀ ਲਿੱਖ ਦਿੱਤਾ ਗਿਆ। ਕਰਮਜੀਤ ਨੇ ਅੱਗੇ ਦੱਸਿਆ ਕਿ ਉਸ ਨੂੰ ਸਿਰਫ ਇਸ ਲਈ ਕੁੱਟਿਆ ਗਿਆ ਕਿਉਂਕਿ ਜੇਲ ਵਿਚ ਕੈਦੀਆਂ ਨੂੰ ਮਿਲਣ ਵਾਲੇ ਅਧਿਕਾਰ ਉਨ੍ਹਾਂ ਨੂੰ ਨਹੀਂ ਮਿਲ ਰਹੇ ਸਨ, ਜਿਸ ਦੀ ਉਸ ਨੇ ਆਵਾਜ਼ ਚੁੱਕੀ ਸੀ ਤੇ ਇਸੇ ਆਵਾਜ਼ ਚੁੱਕਣ ਕਾਰਣ ਉਸ ਨਾਲ ਕੁੱਟਮਾਰ ਕੀਤੀ ਗਈ ਹੈ।
ਚਿੱਠੀ ਵਿਚ ਕੈਦੀ ਨੇ ਜੇਲ ਪਬੰਧਾਂ 'ਤੇ ਚੁੱਕੇ ਸਵਾਲ
ਉਸ ਨੇ ਦੱਸਿਆ ਕਿ ਕੈਦੀਆਂ ਨੂੰ ਖਾਣਾ ਪੀਣਾ ਸਹੀ ਢੰਗ ਦਾ ਨਹੀਂ ਮਿਲਦਾ, ਜਿਸ ਕਾਰਣ ਕੈਦੀ ਬੀਮਾਰ ਹੋ ਜਾਂਦੇ ਹਨ ਇਥੋਂ ਤੱਕ ਕਿ ਜਦੋਂ ਕੈਦੀ ਬੀਮਾਰ ਹੋ ਜਾਂਦੇ ਹਨ ਤਾਂ ਡਾਕਟਰ ਤੱਕ ਦੀ ਸਹੂਲਤ ਨਹੀਂ ਹੈ। ਡਾਕਟਰ ਵੀ ਬਰਨਾਲਾ ਤੋਂ ਆਉਂਦਾ ਹੈ। ਬੀਮਾਰ ਕੈਦੀਆਂ ਨੂੰ ਅਲੱਗ ਰੱਖਣ ਦੀ ਬਜਾਏ ਸਾਰੇ ਕੈਦੀਆਂ ਨੂੰ ਇਕੱਠੇ ਰੱਖਿਆ ਜਾਂਦਾ ਹਾਂ।
ਇਹ ਵੀ ਪੜੋ: ਕੈਦੀ ਦੀ ਪਿੱਠ 'ਤੇ ਲਿਖਿਆ ਅੱਤਵਾਦੀ, ਪੁੱਜਿਆ ਅਦਾਲਤ