ਬਰਨਾਲਾ: ਗੰਨੇ ਦੀ ਕਾਸ਼ਤ ਕਰ ਕਿਸਾਨਾਂ ਨੂੰ ਲਗਾਤਾਰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਕਿਸਾਨਾਂ ਨੇ ਗੰਨੇ ਦੀ ਕਾਸ਼ਤ ਤੋਂ ਮੂੰਹ ਫੇਰ ਲਿਆ ਹੈ। ਜ਼ਿਲੇ ਵਿੱਚ ਲਗਾਤਾਰ ਗੰਨੇ ਹੇਠਲਾ ਖੇਤੀ ਦਾ ਰਕਬਾ ਘਟਦਾ ਜਾ ਰਿਹਾ ਹੈ ਅਤੇ ਖ਼ਤਮ ਹੋਣ ਦੀ ਕਗਾਰ ’ਤੇ ਹੀ ਪੁੱਜ ਗਿਆ ਹੈ। ਬਰਨਾਲਾ ਵਿੱਚ ਗੰਨੇ ਅਧੀਨ ਮੌਜੂਦਾ ਸਮੇਂ ਵਿੱਚ ਸਿਰਫ਼ 296 ਹੈਕਟੇਅਰ ਰਕਬਾ ਗੰਨੇ ਦੀ ਫ਼ਸਲ ਅਧੀਨ ਹੈ। ਜਦੋਂਕਿ ਪਿਛਲੇ 2019 ਵਿੱਚ ਇਹ ਰਕਬਾ 511 ਹੈਕਟੇਅਰ ਅਤੇ 2018 ਵਿੱਚ 547 ਹੈਕਟੇਅਰ ਰਿਹਾ ਹੈ।
ਕਿਸਾਨਾਂ ਵਲੋਂ ਗੰਨੇ ਦੀ ਖੇਤੀ ਛੱਡਣ ਦਾ ਕਾਰਨ ਘੱਟ ਭਾਅ, ਬਕਾਇਆ ਰਾਸ਼ੀ ’ਚ ਦੇਰੀ ਅਤੇ ਮੰਡੀਕਰਨ ਦੀ ਸਮੱਸਿਆ ਹੈ। ਕਿਸਾਨਾਂ ਨੂੰ ਗੰਨੇ ਦੀ ਫ਼ਸਲ ਦੀ ਰਕਮ ਕਈ ਕਈ ਮਹੀਨੇ ਨਹੀਂ ਮਿਲ ਰਹੀ। ਬਰਨਾਲਾ ਜ਼ਿਲੇ ਵਿੱਚ ਕੋਈ ਵੀ ਸ਼ੂਗਰ ਮਿੱਲ ਨਾ ਹੋਣ ਕਾਰਨ ਕਿਸਾਨਾਂ ਨੂੰ ਦੂਜੇ ਜ਼ਿਲਿਆਂ ਵਿੱਚ ਸ਼ੂਗਰ ਮਿੱਲਾਂ ਵਿੱਚ ਗੰਨਾ ਵੇਚਣ ਜਾਣਾ ਪੈਂਦਾ ਹੈ। ਜਿੱਥੇ ਕਈ ਕਈ ਰਾਤਾਂ ਲੱਗ ਜਾਂਦੀਆਂ ਹਨ। ਇਸਤੋਂ ਬਾਅਦ ਗੰਨੇ ਦੀ ਬਕਾਇਆ ਰਾਸ਼ੀ ਲੈਣ ਲਈ ਵੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ।
ਕਿਸਾਨਾਂ ਵਲੋਂ ਕਰਜ਼ਾ ਚੁੱਕ ਕੇ ਇਹ ਖੇਤੀ ਕੀਤੀ ਜਾਂਦੀ ਹੈ। ਉਧਰ ਫ਼ਸਲ ਦੀ ਆਮਦਨ ਦੇਰ ਨਾਲ ਮਿਲਣ ਕਰਕੇ ਕਿਸਾਨਾਂ ਵਿਆਜ਼ ਦੀ ਮਾਰ ਵੀ ਝੱਲ ਰਹੇ ਹਨ। ਕਿਸਾਨਾਂ ਦਾ ਤਰਕ ਇਹ ਵੀ ਹੈ ਕਿ ਗੰਨੇ ਦੀ ਖੇਤੀ ਲਈ ਹੋਰਨਾਂ ਫ਼ਸਲਾਂ ਤੋਂ ਵਧੇਰੇ ਮਿਹਨਤ ਕਰਨੀ ਪੈਂਦੀ ਹੈ। ਪਰ ਮਿਹਨਤ ਅਨੁਸਾਰ ਉਹਨਾਂ ਨੂੰ ਮੁੱਲ ਨਹੀਂ ਮਿਲਦਾ। ਜਿਸ ਕਰਕੇ ਕਿਸਾਨ ਗੰਨੇ ਦੀ ਖੇਤੀ ਤੋਂ ਕਿਨਾਰਾ ਕਰਦੇ ਜਾ ਰਹੇ ਹਨ। ਖੇਤੀਬਾੜੀ ਵਿਭਾਗ ਵੀ ਗੰਨੇ ਦੀ ਖੇਤੀ ਕਿਸਾਨਾਂ ਵਲੋਂ ਛੱਡਣ ਦਾ ਕਾਰਨ ਬਕਾਇਆ ਰਾਸ਼ੀ ਜਲਦ ਨਾ ਮਿਲਣਾ ਦੱਸ ਰਿਹਾ ਹੈ।
ਇਸ ਸਬੰਧੀ ਗੰਨੇ ਦੀ ਖੇਤੀ ਕਰਨ ਵਾਲੇ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਗੰਨੇ ਦੀ ਖੇਤੀ 4 ਏਕੜ ਵਿੱਚ ਕਰ ਰਿਹਾ ਹੈ। ਇਸ ਫ਼ਸਲ ਲਈ ਉਸਨੂੰ ਵਧੇਰੇ ਮਿਹਨਤ ਕਰਨੀ ਪੈਂਦੀ ਹੈ। ਇਸ ਵਾਰ ਉਹ ਵੀ ਖ਼ੁਦ ਆਖਰੀ ਵਾਰ ਗੰਨੇ ਦੀ ਖੇਤੀ ਕਰ ਰਿਹਾ ਹੈ। ਉਸਦੀ ਪਿਛਲੀ ਫ਼ਸਲ ਦੀ ਰਾਸ਼ੀ 8 ਮਹੀਨਿਆਂ ਬਾਅਦ ਵੀ ਸ਼ੂਗਰ ਮਿੱਲ ਵੱਲ ਅਟਕੀ ਖੜੀ ਹੈ। ਉਹਨਾਂ ਦੱਸਿਆ ਕਿ ਮਿਹਨਤ ਦੇ ਹਿਸਾਬ ਨਾਲ ਗੰਨੇ ਦੀ ਫ਼ਸਲ ਦਾ ਮੁੱਲ ਨਹੀਂ ਮਿਲ ਰਿਹਾ।
ਉਧਰ ਗੰਨੇ ਦੀ ਖੇਤੀ ਛੱਡਣ ਵਾਲੇ ਕਿਸਾਨਾਂ ਜਸਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਗੰਨੇ ਦੀ ਖੇਤੀ ਕੀਤੀ ਜਾਂਦੀ ਸੀ। ਪਰ ਸਰਕਾਰੀ ਨੀਤੀਆਂ ਠੀਕ ਨਾ ਹੋਣ ਕਾਰਨ ਉਹਨਾਂ ਵਲੋਂ ਇਹ ਖੇਤੀ ਛੱਡ ਦਿੱਤੀ ਗਈ।
ਬਰਨਾਲਾ ਵਿੱਚ ਕਣਕ-ਝੋਨੇ ਦੀ ਖੇਤੀ ਦਾ ਏਰੀਆ ਹੋਣ ਕਾਰਨ ਇੱਥੇ ਸ਼ੂਗਰ ਮਿੱਲ ਲਗਾਉਣ ਦੀ ਕੋਈ ਪਲੈਨਿੰਗ ਨਹੀਂ ਹੈ। ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਹਮੇਸ਼ਾ ਹੀ ਪ੍ਰੇਰਿਤ ਕਰਕੇ ਗੰਨੇ ਦੀ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਮੁਤਾਬਕ ਕਿਸਾਨ ਗੰਨੇ ਦੀ ਖੇਤੀ ਕਰਕੇ ਇਸਦਾ ਰਸ, ਗੁੜ, ਸ਼ੱਕਰ ਆਦਿ ਬਣਾ ਕੇ ਕਮਾਈ ਕਰ ਸਕਦੇ ਹਨ। ਇਸਤੋਂ ਇਲਾਵਾ ਇਸ ਫਸਲ ਦੇ ਨਾਲ ਨਾਲ ਹੋਰਨਾਂ ਦਾਲਾਂ, ਸਬਜ਼ੀਆਂ ਦੀ ਕਾਸ਼ਤ ਵੀ ਕਰ ਸਕਦੇ ਹਾਂ।