ਬਰਨਾਲਾ: ਸ਼ਹਿਰ 'ਚ 19 ਸਤੰਬਰ ਨੂੰ ਮੰਤਰੀ ਮੀਤ ਹੇਅਰ ਦੀ ਕੋਠੀ ਅੱਗੇ ਸਹਾਇਕ ਪ੍ਰੋਫੈਸਰਾਂ ਉਪਰ ਕੀਤੇ ਪੁਲਿਸ ਜਬਰ ਦੇ ਰੋਸ ਵਜੋਂ ਅੱਜ ਬਰਨਾਲਾ ਦੀਆਂ ਵੱਖ ਵੱਖ ਕਿਸਾਨ, ਮਜ਼ਦੂਰ, ਮੁਲਜ਼ਮ ਤੇ ਅਧਿਆਪਕ ਜੱਥੇਬੰਦੀਆਂ ਸੜਕਾਂ ਉਪਰ ਉਤਰੀਆਂ ਹਨ।
ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਰੈਲੀ ਕਰਨ ਤੋਂ ਬਾਅਦ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕੱਢਿਆ ਗਿਆ। ਬਰਨਾਲਾ ਦੀ ਇਨਕਲਾਬੀ ਧਰਤੀ 'ਤੇ ਸਹਾਇਕ ਪ੍ਰੋਫੈਸਰਾਂ ਉਪਰ ਹੋਏ ਲਾਠੀਚਾਰਜ ਨੂੰ ਇਨਕਲਾਬੀ ਲੋਕਾਂ ਲਈ ਵੱਡੀ ਵੰਗਾਰ ਦੱਸਦਿਆਂ, ਸਰਕਾਰ ਨੂੰ ਸੰਘਰਸਸ਼ੀਲ ਲੋਕਾਂ ਵਲੋਂ ਸਖਤ ਚਿਤਾਵਨੀ ਦਿੱਤੀ ਗਈ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ 19 ਸਤੰਬਰ ਨੂੰ ਬਰਨਾਲਾ ਦੀ ਧਰਤੀ 'ਤੇ ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਅੱਗੇ ਹੱਕ ਮੰਗਦੇ ਸਹਾਇਕ ਪ੍ਰੋਫੈਸਰਾਂ ਉਪਰ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਸੀ। ਉਹ ਲਾਠੀਚਾਰਜ ਬਰਨਾਲਾ ਦੀ ਇਨਕਲਾਬੀ ਧਰਤੀ ਲਈ ਇੱਕ ਵੱਡੀ ਵੰਗਾਰ ਬਣਿਆ ਹੈ, ਕਿਉਂਕਿ ਬਰਨਾਲਾ ਦੀ ਧਰਤੀ ਨੇ ਹਮੇਸ਼ਾ ਜਬਰ-ਜ਼ੁਲਮ ਅਤੇ ਸਰਕਾਰੀ ਅੱਤਿਆਚਾਰ ਦੇ ਵਿਰੁੱਧ ਆਵਾਜ਼ ਉਠਾਈ ਹੈ।
ਇਸ ਕਰਕੇ ਬਰਨਾਲਾ ਵਿਖੇ ਸਹਾਇਕ ਪ੍ਰੋਫੈਸਰਾਂ ਉੱਪਰ ਲਾਠੀਚਾਰਜ ਹੋਣਾ ਮੰਦਭਾਗਾ ਹੈ। ਇਸ ਸਰਕਾਰੀ ਜਬਰ ਦੀ ਚੁਣੌਤੀ ਨੂੰ ਕਬੂਲ ਕਰਦਿਆਂ ਬਰਨਾਲਾ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਇਸ ਵਿਰੁੱਧ ਆਵਾਜ਼ ਉਠਾਈ ਹੈ। ਅੱਜ ਬਰਨਾਲਾ ਦੀਆਂ ਕਿਸਾਨ-ਮਜ਼ਦੂਰ, ਮੁਲਾਜ਼ਮਾਂ, ਅਧਿਆਪਕ ਅਤੇ ਹੋਰ ਵੱਖ ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਪੁਲਿਸ ਲਾਠੀਚਾਰਜ ਦੇ ਵਿਰੋਧ ਵਿਚ ਇਕ ਰੋਸ ਰੈਲੀ ਅਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਹੱਕ ਮੰਗਦੇ ਲੋਕਾਂ ਉੱਪਰ ਲਾਠੀਚਾਰਜ ਕਰਨ ਦੀ ਬਜਾਏ ਉਨ੍ਹਾਂ ਨੂੰ ਬਣਦੇ ਹੱਕ ਦੇਵੇ। ਸਰਕਾਰ ਦੇ ਇਸ ਜਬਰ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਕਿ ਪਹਿਲਾਂ ਕਦੇ ਨੀ ਹੋਇਆ ਕਿ ਸਹਾਇਕ ਪ੍ਰੋਫੈਸਰਾਂ 'ਤੇ ਲਾਠੀਚਾਰਜ ਹੋਇਆ ਹੋਵੇ। ਅਜਿਹਾ ਪਹਿਲੀ ਵਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਗੇ ਅਜਿਹਾ ਹੁੰਦਾ ਹੈ ਤਾਂ ਉਹ ਤਿੱਖਾ ਸੰਘਰਸ਼ ਕਰਨਗੇ।
ਇਹ ਵੀ ਪੜ੍ਹੋ: ਪੰਜਾਬ 'ਚ 'ਆਪ੍ਰੇਸ਼ਨ ਲੋਟਸ' ਲਾਗੂ ਕਰਨ ਲਈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਭਾਜਪਾ ਨਾਲ ਮਲਾਇਆ ਹੱਥ: ਅਮਨ ਅਰੋੜਾ