ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਪ੍ਰਸ਼ਾਸਨ ਵਲੋਂ ਪਰਾਲੀ ਸਮੱਸਿਆ ਦੇ ਹੱਲ ਲਈ ਪਹਿਲਾਂ ਤੋਂ ਹੀ ਤਿਆਰੀ ਵਿੱਢ ਲਈ ਹੈ। ਜਿਸ ਤਹਿਤ ਜ਼ਿਲ੍ਹੇ ਵਿੱਚ ਦੋ ਥਾਵਾਂ 'ਤੇ 78ਏਕੜ ਵਿੱਚ ਪਰਾਲੀ ਸਟੋਰੇਜ ਕੀਤੀ ਜਾਵੇਗੀ। ਇਸ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਵਲੋਂ ਇੱਕ ਖਾਸ ਤਿਆਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਖੇਤੀਬਾੜੀ ਵਿਭਾਗ, ਬੇਲਰ ਮਾਲਕਾਂ ਤੇ ਪਰਾਲੀ ਨੂੰ ਵਰਤੋਂ 'ਚ ਲਿਆਉਣ ਵਾਲੀਆਂ ਸਨਅਤਾਂ ਦੇ ਨੁਮਾਇੰਦੇ ਹਾਜ਼ਰ ਹੋਏ।
ਇਹ ਵੀ ਪੜੋ: CM Bhagwant Mann meet Amit Shah: ਭਲਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ
78 ਏਕੜ ਵਿੱਚ ਪਰਾਲੀ ਕੀਤੀ ਜਾਵੇਗੀ ਸਟੋਰੇਜ: ਇਸ ਮੌਕੇ ਡੀਸੀ ਬਰਨਾਲਾ ਪੂਨਮਦੀਪ ਕੌਰ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਵਾਤਾਵਰਣ ਪੱਖੀ ਨਿਬੇੜੇ ਲਈ ਪ੍ਰੇਰਿਤ ਕਰਨਾ ਤੇ ਉਨ੍ਹਾਂ ਨੂੰ ਢੁਕਵਾਂ ਹੱਲ ਮੁਹੱਈਆ ਕਰਾਉਣਾ ਬੜਾ ਜ਼ਰੂਰੀ ਹੈ। ਪਰਾਲੀ ਸਬੰਧੀ ਬਰਨਾਲਾ ਜ਼ਿਲ੍ਹੇ ਵਿੱਚ ਸਭ ਤੋਂ ਵੱਡੀ ਸਮੱਸਿਆ ਸਟੋਰੇਜ ਦੀ ਸੀ, ਜੋ ਕਿ ਇਸ ਸਾਲ ਹੱਲ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਹੰਡਿਆਇਆ ਵਿਖੇ ਕਰੀਬ 78 ਏਕੜ ਅਤੇ ਅਸਪਾਲ ਕਲਾਂ ਵਿਖੇ 20 ਏਕੜ ਜ਼ਮੀਨ 'ਚ ਪਰਾਲੀ ਡੰਪ ਕੀਤੀ ਜਾਵੇਗੀ, ਜਿੱਥੋਂ ਅੱਗੇ ਸਬੰਧਤ ਇੰਡਸਟਰੀ ਨੂੰ ਜਾਵੇਗੀ। ਇੱਥੇ ਕਰੀਬ ਇੱਕ ਲੱਖ ਮੀਟਿਰਕ ਟਨ ਪਰਾਲੀ ਸਟੋਰੇਜ ਦਾ ਟੀਚਾ ਮਿੱਥਿਆ ਗਿਆ ਹੈ। ਇਸ ਤੋਂ ਇਲਾਵਾ ਟਰਾਈਡੈਂਟ ਕੰਪਨੀ ਜਿਨ੍ਹਾਂ ਨੇ ਸਾਲ 2022 ਦੌਰਾਨ 15,000 ਮੀਟਰਕ ਟਨ ਪਰਾਲੀ ਲਈ ਸੀ, ਸਾਲ 2023 ਵਿੱਚ 30,000 ਮੀਟ੍ਰਿਕ ਟਨ ਪਰਾਲੀ ਲੈਣ ਦੀ ਸਹਿਮਤੀ ਪ੍ਰਗਟਾਈ ਹੈ। ਇਸ ਤੋਂ ਇਲਾਵਾ ਪੰਜਗਰਾਈ ਕੰਪਨੀ, ਸੁਖਬੀਰ ਐਗਰੋ ਜੈਤੋ, ਸੁਖਬੀਰ ਐਗਰੋ ਕੈਥਲ ਆਦਿ ਨਾਲ ਰਾਬਤਾ ਬਣਾਇਆ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਪਰਾਲੀ ਗੱਠਾਂ ਦੇ ਰੂਪ 'ਚ ਸਨਅਤਾਂ ਨੂੰ ਦਿੱਤੀ ਜਾ ਸਕੇ।
ਕੰਪਨੀ ਨਾਲ ਤਾਲਮੇਲ: ਉਨ੍ਹਾਂ ਕੰਪਨੀ ਮਾਲਕਾਂ ਨੂੰ ਕਿਹਾ ਕਿ ਉਹ ਆਪਣੀ ਸਮਰੱਥਾ, ਸਟੋਰ ਕਰਨ ਲਈ ਏਰੀਆ ਤੇ ਬੇਲਰ ਮਾਲਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਨਾਲ ਸਮਝੋਤੇ ਕਰਨ ਤੇ ਇਸ ਦਾ ਐਕਸ਼ਨ ਪਲਾਨ ਬਣਾਇਆ ਜਾਵੇ। ਉਨ੍ਹਾਂ ਬਰਨਾਲਾ ਦੇ ਬੇਲਰ ਮਾਲਕਾਂ ਨੂੰ ਕਿਹਾ ਕਿ ਹੁਣ ਬੇਲਰ ਮਾਲਕਾਂ ਨੂੰ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਜ਼ਿਲ੍ਹੇ ਤੋਂ ਬਾਹਰ ਨਹੀਂ ਜਾਣਾ ਪਵੇਗਾ। ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਇਸ ਸਮੇਂ 21 ਬੇਲਰ ਹਨ ਅਤੇ 9 ਬੇਲਰ ਸਬਸਿਡੀ 'ਤੇ ਖਰੀਦਣ ਲਈ ਇਸ ਦੀ ਮਿਆਦ ਵਿਚ ਵਾਧਾ ਕੀਤਾ ਗਿਆ ਹੈ। ਜੇਕਰ ਇਹ ਲਾਭਪਾਤਰੀ ਸਮਾਂ ਰਹਿੰਦੇ ਇਨ੍ਹਾਂ ਬੇਲਰਾਂ ਦੀ ਖਰੀਦ ਕਰ ਲੈਂਦੇ ਹਨ ਤਾਂ ਜ਼ਿਲ੍ਹੇ ਵਿੱਚ 30 ਬੇਲਰ ਹੋ ਜਾਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਲਵਜੀਤ ਕਲਸੀ, ਐੱਸਡੀਐਮ ਗੋਪਾਲ ਸਿੰਘ, ਸਹਾਇਕ ਕਮਿਸ਼ਨਰ (ਜ) ਸੁਖਪਾਲ ਸਿੰਘ, ਖੇਤੀਬਾੜੀ ਅਫਸਰ ਬਰਨਾਲਾ, ਸ੍ਰੀ ਗੁਰਚਰਨ ਸਿੰਘ, ਖੇਤੀਬਾੜੀ ਅਫਸਰ ਸਹਿਣਾ,ਸ੍ਰੀ ਬੇਅੰਤ ਸਿੰਘ ਤਕਨੀਸ਼ੀਅਨ ਗਰੇਡ—1 , ਸ੍ਰੀਮਤੀ ਸੁਨੀਤਾ ਰਾਣੀ, ਸ੍ਰੀ ਵਿਪਨ ਕੁਮਾਰ ਐਸ ਡੀ ਓ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਇਲਾਵਾ ਵੱਖ ਵੱਖ ਬਾਇਓਮਾਸ ਕੰਪਨੀਆਂ ਦੇ ਨੁਮਾਇੱਦਿਆ ਤੋਂ ਇਲਾਵਾ ਬਰਨਾਲਾ ਜ਼ਿਲ੍ਹੇ ਦੇ ਬੇਲਰ ਮਾਲਕ ਹਾਜ਼ਰ ਸਨ।