ਬਰਨਾਲਾ : ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਹਲਕਾ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਵੱਲੋਂ ਵੱਡੀ ਲੀਡ ਨਾਲ ਹਰਾਇਆ ਗਿਆ ਹੈ।
ਮੋਬਾਇਲ ਰਿਪੇਅਰ ਦੀ ਦੁਕਾਨ 'ਤੇ ਕੰਮ ਕਰਦਾ ਸੀ
ਲਾਭ ਸਿੰਘ ਇਕ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦਾ ਹੈ। ਜੋ ਮੋਬਾਇਲ ਰਿਪੇਅਰ ਦੀ ਦੁਕਾਨ 'ਤੇ ਕੰਮ ਕਰਦਾ ਸੀ। ਉਨ੍ਹਾਂ ਦੇ ਪਿਤਾ ਮਜ਼ਦੂਰੀ ਕਰਦੇ ਹਨ ਜਦਕਿ ਉਸਦੀ ਮਾਤਾ ਸਰਕਾਰੀ ਸਕੂਲ ਵਿੱਚ ਸਫ਼ਾਈ ਸੇਵਕਾ ਦਾ ਕੰਮ ਕਰਦੇ ਹਨ। ਆਮ ਆਦਮੀ ਪਾਰਟੀ ਵੱਲੋਂ ਲਾਭ ਨੂੰ ਹਲਕਾ ਭਦੌੜ ਤੋਂ ਉਮੀਦਵਾਰ ਬਣਾਇਆ ਗਿਆ।
ਚਰਨਜੀਤ ਚੰਨੀ ਨੂੰ 37000 ਤੋਂ ਵੱਧ ਵੋਟਾਂ ਨਾਲ ਪਟਕਣੀ
ਪਾਰਟੀ ਦੀਆਂ ਉਮੀਦਾਂ ਤੇ ਖਰਾ ਉਤਰਦੇ ਹੋਏ ਲਾਭ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ 37000 ਤੋਂ ਵੱਧ ਵੋਟਾਂ ਨਾਲ ਪਟਕਣੀ ਦਿੱਤੀ ਹੈ। ਜਿਸ ਕਰਕੇ ਸਾਰੇ ਪੰਜਾਬ ਦੀਆਂ ਨਜ਼ਰਾਂ ਇਸ ਹੌਟ ਸੀਟ ਤੇ ਟਿਕ ਗਈਆਂ।
ਅਰਵਿੰਦ ਕੇਜਰੀਵਾਲ ਨੇ ਵੀ ਕੀਤੀ ਤਾਰੀਫ਼
ਲਾਭ ਸਿੰਘ ਦੀ ਪੂਰੇ ਪੰਜਾਬ ਸਮੇਤ ਦਿੱਲੀ ਤੱਕ ਚਰਚਾ ਹੋ ਰਹੀ ਹੈ। ਹੋਰ ਤਾਂ ਹੋਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਲਾਭ ਸਿੰਘ ਦੀ ਤਾਰੀਫ਼ ਕੀਤੀ ਗਈ ਹੈ। ਪੁੱਤ ਦੇ ਐੱਮਐੱਲਏ (MLA) ਬਣਨ ਤੋਂ ਬਾਅਦ ਵੀ ਉਸ ਦੇ ਪਰਿਵਾਰ ਵਿੱਚ ਕੋਈ ਫਰਕ ਆਉਂਦਾ ਦਿਖਾਈ ਨਹੀਂ ਦੇ ਰਿਹਾ।
ਅੱਜ ਵੀ ਸਫ਼ਾਈ ਕਰਨ ਸਕੂਲ ਪਹੁੰਚੀ ਮਾਂ
ਉਸ ਦੀ ਮਾਤਾ ਪੁੱਤ ਦੇ ਜਿੱਤਣ ਤੋਂ ਬਾਅਦ ਵੀ ਰੋਜ਼ਾਨਾ ਦੀ ਤਰ੍ਹਾਂ ਸਰਕਾਰੀ ਸਕੂਲ ਵਿਚ ਸਫਾਈ ਸੇਵਕਾਂ ਦੇ ਤੌਰ ਤੇ ਡਿਊਟੀ ਨਿਭਾਉਣ ਪਹੁੰਚੀ ਹੈ। ਅੱਜ ਉਸ ਦੀ ਮਾਤਾ ਬਲਦੇਵ ਕੌਰ ਵੱਲੋਂ ਸਰਕਾਰੀ ਸਕੂਲ ਉਗੋਕੇ ਵਿਖੇ ਪਹੁੰਚ ਕੇ ਆਪਣੀ ਡਿਊਟੀ ਨਿਭਾਈ ਗਈ।
"ਈਟੀਵੀ ਭਾਰਤ" ਨਾਲ ਖਾਸ ਗੱਲਬਾਤ
ਇਸ ਮੌਕੇ "ਈਟੀਵੀ ਭਾਰਤ" ਨਾਲ ਖਾਸ ਗੱਲਬਾਤ ਕਰਦਿਆਂ ਲਾਭ ਸਿੰਘ ਉਗੋਕੇ ਦੀ ਮਾਤਾ ਬਲਦੇਵ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਐਮ ਐਲ ਏ (MLA) ਬਣਨ ਦੀ ਬਹੁਤ ਜ਼ਿਆਦਾ ਖੁਸ਼ੀ ਹੈ। ਭਾਵੇਂ ਲਾਭ ਸਿੰਘ ਦਾ ਮੁਕਾਬਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਸੀ। ਪਰੰਤੂ ਇਸਦੇ ਬਾਵਜੂਦ ਉਨ੍ਹਾਂ ਦੇ ਹੌਸਲੇ ਪਹਿਲੇ ਦਿਨੋੋਂ ਹੀ ਤੋਂ ਬੁਲੰਦ ਸਨ।ਉਨ੍ਹਾਂ ਨੂੰ ਜਿੱਤ ਦੀ ਪੂਰੀ ਉਮੀਦ ਸੀ।
ਇਸੇ ਉਮੀਦ ਨੂੰ ਹਲਕਾ ਭਦੌੜ ਦੇ ਲੋਕਾਂ ਨੇ ਬਰਕਰਾਰ ਰੱਖਿਆ ਅਤੇ ਲਾਭ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਪਹਿਲੇ ਹੀ ਦਿਨ ਤੋਂ ਉਨ੍ਹਾਂ ਦੇ ਪਰਿਵਾਰ ਨੇ ਲਾਭ ਨੂੰ ਇਕ ਪੈਸੇ ਭਰ ਦੀ ਵੀ ਕੋਈ ਮੁਸ਼ਕਲ ਅਤੇ ਤੰਗੀ ਨਹੀਂ ਆਉਣ ਦਿੱਤੀ। ਲਾਭ ਸਿੰਘ ਦੀ ਮਾਤਾ ਨੇ ਕਿਹਾ ਅਤੇ ਮੈਂ 'ਤੇ ਮੇਰੇ ਪਤੀ ਮਜ਼ਦੂਰੀ ਕਰਕੇ ਲਾਭ ਦੀ ਹਰ ਮੰਗ ਪੂਰੀ ਕਰਦੇ ਰਹੇ ਸਨ। ਪਰ ਲਾਭ ਸਿੰਘ ਨੇ ਸਾਨੂੰ ਕਿਸੇ ਵੀ ਚੀਜ਼ ਲਈ ਤੰਗ ਨਹੀ ਕੀਤਾ।
ਉਨ੍ਹਾਂ ਕਿਹਾ ਕਿ ਭਾਵੇਂ ਮੇਰਾ ਪੁੱਤ ਐਮਐਲਏ (MLA) ਬਣ ਗਿਆ ਹੈ। ਪਰ ਇਸਦੇ ਬਾਵਜੂਦ ਉਹ ਆਪਣੀ ਸਫ਼ਾਈ ਸੇਵਕਾਂ ਦੀ ਡਿਊਟੀ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਆਪਣਾ ਘਰ ਇਸੇ ਕਿਰਤ ਕਮਾਈ ਨਾਲ ਹੀ ਚਲਾਉਂਦੇ ਰਹਿਣਗੇ। ਮਾਤਾ ਬਲਦੇਵ ਕੌਰ ਨੇ ਕਿਹਾ ਕਿ ਲਾਭ ਸਿੰਘ ਤੋਂ ਹਲਕੇ ਦੇ ਲੋਕਾਂ ਨੂੰ ਬਹੁਤ ਉਮੀਦਾਂ ਹਨ ਅਤੇ ਮੇਰਾ ਪੁੱਤਰ ਹਲਕੇ ਦੇ ਲੋਕਾਂ ਲਈ ਸਿਹਤ ਸਿੱਖਿਆ ਅਤੇ ਹੋਰ ਕੰਮਾਂ ਲਈ ਚੰਗਾ ਕੰਮ ਕਰੇਗਾ।
ਇਹ ਵੀ ਪੜ੍ਹੋ:- ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨੂੰ ਸੌਂਪਿਆ ਅਸਤੀਫਾ