ਬਰਨਾਲਾ: ਕਸਬਾ ਸ਼ਹਿਣਾ ਵਿੱਚ ਆਮ ਆਦਮੀ ਕਲੀਨਿਕ ਦੇ ਉਦਘਾਟਨ ਸਮਾਰੋਹ ਵਿੱਚ ਆਮ ਆਦਮੀ ਪਾਰਟੀ ਦੇ ਭਦੋੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਨੇ ਸਰਪੰਚ ਦੇ ਪੁੱਤਰ ਨੂੰ ਥੱਪੜ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਗਰਮਾਇਆ ਹੋਇਆ ਹੈ। ਸ਼ਨੀਵਾਰ ਨੂੰ ਸੰਗਰੂਰ ਤੋਂ ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਰਪੰਚ ਦੇ ਪੁੱਤਰ ਨੂੰ ਮਿਲਣ ਸ਼ਹਿਣਾ ਪਹੁੰਚੇ। ਉਨ੍ਹਾਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ।
ਥੱਪੜ ਮਾਰਨ ਦੀ ਧਮਕੀ ਦੇਣਾ ਨਿੰਦਣਯੋਗ: ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੰਗਰੂਰ ਤੋਂ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਨੇ ਸਰਪੰਚ ਦੇ ਪੁੱਤਰ ਦੇ ਥੱਪੜ ਮਾਰਨ ਦੀ ਗੱਲ ਕਹਿਣਾ, ਇਹ ਪੂਰੀ ਤਰ੍ਹਾਂ ਨਿੰਦਣਯੋਗ ਹੈ। ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਥੇ ਹੀ ਉਨ੍ਹਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਪਿੰਡ ਦੇ ਲੋਕਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਤਹਜ਼ੀਬ ਨਹੀਂ ਹੁੰਦੀ, ਉਹ ਇਹ ਕੁਝ ਕਰਦੇ ਹਨ।
ਲੋੜ ਪਈ ਤਾਂ ਹਾਈਕੋਰਟ ਜਾਵਾਂਗੇ: ਇਸ ਮਾਮਲੇ 'ਤੇ ਮੰਗ ਕਰਦੇ ਹੋਏ ਉਨ੍ਹਾਂ ਕਿਹਾ ਕਿ ਵਿਧਾਇਕ ਲਾਭ ਸਿੰਘ ਦੇ ਖਿਲਾਫ ਤੁਰੰਤ ਮਾਮਲਾ ਦਰਜ ਕੀਤਾ ਜਾਵੇ। ਜਦਕਿ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਵਿਧਾਇਕ ਲਾਭ ਸਿੰਘ ਖਿਲਾਫ ਕੇਸ ਦਰਜ ਕਰਵਾਉਣ ਲਈ ਹਾਈਕੋਰਟ ਜਾਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਵਿਧਾਇਕ ਦੇ ਅਜਿਹੇ ਸ਼ਬਦ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ।
ਕੀ ਹੈ ਮਾਮਲਾ: ਹਲਕਾ ਭਦੌੜ ਦੇ ਕਸਬਾ ਸ਼ਹਿਣਾ ਵਿਖੇ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਵੱਲੋਂ ਕਸਬਾ ਸ਼ਹਿਣਾ ਦੇ ਸਰਪੰਚ ਦੇ ਪੁੱਤਰ ਤੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲਕੱਤਾ ਨੂੰ ਧਮਕੀ ਦੇਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਦਰਅਸਲ, ਜਦੋਂ ਲਾਭ ਸਿੰਘ ਉਗੋਕੇ ਉਦਘਾਟਨ ਸਮਾਰੋਹ ਵਿੱਚ ਪਹੁੰਚੇ ਤਾਂ, ਉਹ ਵਿਰੋਧ ਕਰ ਰਹੇ ਲੋਕਾਂ ਦੀ ਗੱਲ ਸੁਣਨ ਲਈ ਉੱਥੇ ਰੁਕੇ। ਇਸੇ ਦਰਮਿਆਨ ਵਿਧਾਇਕ ਲਾਭ ਸਿੰਘ ਉਗੋਕੇ ਦੀ ਸਰਪੰਚ ਦੇ ਪੁੱਤਰ ਨਾਲ ਤੂੰ-ਤੂੰ, ਮੈਂ-ਮੈਂ ਹੋ ਗਈ ਅਤੇ ਉਗੋਕੇ ਨੇ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਨੂੰ ਧਮਕੀ ਦੇ ਦਿੱਤੀ। ਵਿਧਾਇਕ ਦੇ ਮੂੰਹੋ ਨਿਕਲੇ ਬੋਲ ਹਨ, "ਜੇ ਤੈਨੂੰ ਮਾਰ-ਮਾਰ ਛਿੱਤਰ ਜੇਲ੍ਹ ਵਿੱਚ ਨਾ ਸੁੱਟਿਆ ਹੁੰਦਾ।" ਇਸ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਸਿਆਸੀ ਗਲਿਆਰੇ ਵਿੱਚ ਇਹ ਮਾਮਲਾ ਭੱਖਿਆ ਹੋਇਆ ਹੈ।
ਇਹ ਵੀ ਪੜ੍ਹੋ: Sunny Kainth received death threats: ਲੋਕ ਇਨਸਾਫ ਪਾਰਟੀ ਤੋਂ ਭਾਜਪਾ ਵਿੱਚ ਸ਼ਾਮਿਲ ਹੋਏ ਸੰਨੀ ਕੈਂਥ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ