ਬਰਨਾਲਾ: ਡੇਰਾ ਸਿਰਸਾ ਮੁਖੀ ਦੇ ਪੋਸ਼ਾਕ ਮਾਮਲੇ ਨੂੰ ਲੈ ਕੇ ਸੁਖਬੀਰ ਬਾਦਲ 'ਤੇ ਦੋਸ਼ ਲਗਾਉਣ ਵਾਲੀ ਵੀਰਪਾਲ ਕੌਰ ਇੰਸਾ ਵਿਰੁੱਧ ਬਰਨਾਲਾ ਦੇ ਥਾਣਾ ਸਿਟੀ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ। ਇਹ ਸ਼ਿਕਾਇਤ ਸ਼੍ਰੋਮਣੀ ਅਕਾਲੀ ਦਲ ਨੇ ਦਰਜ ਕਰਵਾਈ ਹੈ। ਅਕਾਲੀ ਆਗੂਆਂ ਨੇ ਵੀਰਪਾਲ ਇੰਸਾ 'ਤੇ ਕਾਂਗਰਸ ਪਾਰਟੀ ਦੀ ਸ਼ਹਿ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਦਨਾਮ ਕਰਨ ਦੇ ਦੋਸ਼ ਲਗਾਏ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਕੀਤੂ ਅਤੇ ਸ਼ਹਿਰੀ ਪ੍ਰਧਾਨ ਸੰਜੀਵ ਸ਼ੋਰੀ ਨੇ ਕਿਹਾ ਕਿ ਵੀਰਪਾਲ ਕੌਰ ਇੰਸਾ ਵੱਲੋਂ ਕਾਂਗਰਸ ਪਾਰਟੀ ਦੀ ਸ਼ਹਿ 'ਤੇ ਸੁਖਬੀਰ ਸਿੰਘ ਬਾਦਲ ਨੂੰ ਬਦਨਾਮ ਕਰਨ ਲਈ ਝੂਠਾ ਬਿਆਨ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੋਸ਼ਾਕ ਮਾਮਲੇ ਨੂੰ ਕਈ ਸਾਲ ਬੀਤ ਚੁੱਕੇ ਹਨ, ਪਰ ਅੱਜ ਕਾਂਗਰਸ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਵੀਰਪਾਲ ਇੰਸਾ ਤੋਂ ਝੂਠੇ ਬਿਆਨ ਦਿਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਵੀਰਪਾਲ ਇੰਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਤੋਂ ਹੁਣ ਮੁਆਫੀ ਵੀ ਮੰਗੀ ਜਾ ਰਹੀ ਹੈ, ਪਰ ਇਸ ਘਟੀਆ ਹਰਕਤ ਲਈ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਸ ਲਈ ਅੱਜ ਬਰਨਾਲਾ ਦੇ ਥਾਣਾ ਸਿਟੀ ਵਿੱਚ ਉਸ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਵੀਰਪਾਲ ਇੰਸਾ ਵਿਰੁੱਧ ਪਰਚਾ ਦਰਜ ਨਹੀਂ ਕੀਤਾ ਜਾਂਦਾ ਤਾਂ ਉਹ ਪਿੰਡ-ਪਿੰਡ, ਸ਼ਹਿਰ-ਸ਼ਹਿਰ ਇਸ ਦੇ ਵਿਰੋਧ ਵਿੱਚ ਸੜਕਾਂ 'ਤੇ ਉੱਤਰ ਕੇ ਸੰਘਰਸ਼ ਕਰਨਗੇ।