ਬਰਨਾਲਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ਼ਜ ਯੂਨੀਵਰਸਿਟੀ, ਲੁਧਿਆਣਾ ਦੇ ਖੇਤੀ ਵਿਗਿਆਨ ਕੇਂਦਰ ਹੰਡਿਆਇਆ, ਬਰਨਾਲਾ ਵੱਲੋਂ ਦੁੱਧ ਅਤੇ ਦੁੱਧ ਤੋਂ ਉਤਪਾਦ ਬਣਾਉਣ ਉੱਤੇ ਸਵੈ-ਰੋਜ਼ਗਾਰ ਲਈ ਇੱਕ ਹਫ਼ਤੇ ਦਾ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਸਿਖਲਾਈ ਕੋਰਸ ਦਾ ਸ਼ੁਭ ਆਰੰਭ ਕਰਦੇ ਹੋਏ ਡਾ.ਪ੍ਰਹਿਲਾਦ ਸਿੰਘ ਤੰਵਰ ਨੇ ਦੱਸਿਆ ਕਿ ਦੁੱਧ ਨੂੰ ਸਿੱਧਾ ਵੇਚਣ ਦੀ ਬਜਾਏ ਉਸਦੇ ਵੱਖ-ਵੱਖ ਉਤਪਾਦ ਤਿਆਰ ਕਰਕੇ ਵੇਚਣ ਨਾਲ ਵੱਧ ਮੁਨਾਫ਼ਾ ਕਮਾਇਆ ਜਾ ਸਕਦਾ ਹੈ।
ਇਸ ਕੋਰਸ ਦੌਰਾਨ ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਅਤੇ ਬੇਰੋਜ਼ਗਾਰ ਨੌਜਵਾਨਾਂ ਨੇ ਹਿੱਸਾ ਲਿਆ। ਉਨ੍ਹਾਂ ਨੂੰ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਦੁੱਧ ਤੋਂ ਮਾਵਾ, ਮੋਜ਼ੀਲਾ ਚੀਸ, ਵੇਅ ਡ੍ਰਿੰਕਸ, ਆਈਸ ਕਰੀਮ ਅਤੇ ਫਲੇਵਰਜ਼ ਮਿਲਕ ਤਿਆਰ ਕਰਨ ਬਾਰੇ ਅਮਲੀ ਤੌਰ ਤੇ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ ਕਿਸਾਨਾਂ ਨੂੰ ਬੇਕਰੀ ਦੇ ਪਦਾਰਥ ਤਿਆਰ ਬਾਰੇ ਵੀ ਟ੍ਰੇਨਿੰਗ ਦਿੱਤੀ ਗਈ। ਇਸ ਸਿਖਲਾਈ ਕੋਰਸ ਦੇ ਆਖਰੀ ਦਿਨ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਦੇ ਮਿਲਕ ਪਲਾਂਟ ਦਾ ਦੌਰਾ ਵੀ ਕਰਵਾਇਆ ਗਿਆ।
ਡਾ. ਤੰਵਰ ਨੇ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਵਿਖੇ ਬੇਰੋਜ਼ਗਾਰ ਨੌਜਵਾਨਾਂ ਲਈ ਵੱਖ-ਵੱਖ ਤਰ੍ਹਾਂ ਦੇ ਟ੍ਰੇਨਿੰਗ ਕੋਰਸ ਲਾਏ ਜਾਂਦੇ ਹਨ ਜਿਵੇਂ ਕਿ ਬੱਕਰੀ ਪਾਲਣ, ਮੁਰਗੀ ਪਾਲਣ, ਡੇਅਰੀ ਫਾਰਮਿੰਗ, ਸੂਰ ਪਾਲਣ, ਮਧੂ ਮੱਖੀ ਪਾਲਣ, ਖੁੰਬਾਂ ਦੀ ਕਾਸ਼ਤ, ਵਰਮੀਕੰਪੋਸਟਿੰਗ, ਫ਼ਲਾਂ ਅਤੇ ਸਬਜੀਆਂ ਦੀ ਪ੍ਰੋਸੈਸਿੰਗ ਆਦਿ। ਨੌਜਵਾਨ ਇੱਥੋਂ ਟ੍ਰੇਨਿੰਗ ਪ੍ਰਾਪਤ ਕਰਕੇ ਆਪਣਾ ਸਵੈ-ਰੋਜ਼ਗਾਰ ਕਮਾ ਰਹੇ ਹਨ।