ਬਰਨਾਲਾ: ਸਾਂਝਾ ਕਿਸਾਨ ਮੋਰਚਾ ਵੱਲੋਂ ਕਿਸਾਨਾਂ ਦਾ ਮਸੀਹਾ ਕਹੇ ਜਾਣ ਵਾਲੇ ਸਰ ਛੋਟੂ ਰਾਮ ਤੇ ਕੂਕਾ ਲਹਿਰ ਦੇ ਬਾਨੀ ਰਾਮ ਸਿੰਘ ਦੀ ਜੈਅੰਤੀ ਮੌਕੇ ਉਨ੍ਹਾਂ ਦੋਹਾਂ ਮਹਾਨ ਹਸਤੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸੰਚਾਲਨ ਕਮੇਟੀ ਮੈਂਬਰਾਂ ਵੱਲੋਂ ਦੋਵਾਂ ਸ਼ਖਸੀਅਤਾਂ ਨੂੰ ਸ਼ਰਧਾਜਲੀ ਭੇਂਟ ਕਰਨ ਤੋਂ ਬਾਅਦ ਧਰਨੇ ਦੇ ਕਨਵੀਨਰ ਬਲਵੰਤ ਸਿੰਘ ਉਪਲੀ ਨੇ ਕੂਕਾ ਲਹਿਰ ਰਾਮ ਸਿੰਘ ਦੇ ਜੀਵਨ ਉਪਰ ਵਿਸਥਾਰ ਸਹਿਤ ਚਾਨਣਾ ਪਾਇਆ।
ਕਿਸਾਨ ਆਗੂਆਂ ਨੇ ਕਿਹਾ ਕਿ ਕੂਕਾ ਲਹਿਰ ਦੇ ਬਾਨੀ ਰਾਮ ਸਿੰਘ ਤੇ ਸਰ ਛੋਟੂ ਰਾਮ ਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਲਈ ਅੰਗਰੇਜ਼ਾਂ ਨਾਲ ਡੱਟ ਕੇ ਮੁਕਾਬਲਾ ਕੀਤਾ। ਉਨ੍ਹਾਂ ਦੇਸ਼ਵਾਸੀਆਂ ਦੀ ਆਜ਼ਾਦੀ ਲਈ ਅਜ਼ਾਦੀ ਦੀ ਲੜਾਈ 'ਚ ਹਿੱਸਾ ਲਿਆ।
ਆਗੂਆਂ ਨੇ ਦੱਸਿਆ ਕਿ ਛੋਟੂ ਰਾਮ ਨੇ ਜੱਟਾਂ, ਜਾਟਾਂ 'ਤੇ ਮੁਸਲਿਮ ਭਾਈ ਚਾਰਿਆ ਨੂੰ ਇਕੱਠੇ ਕਰਕੇ ਸਿਕੰਦਰ ਹਯਾਤ ਅਤੇ ਫੈਜਲ ਹੁਸੈਨ ਦੀ ਕਮੇਟੀ ਬਣਾ ਕੇ 22 ਐਕਟ ਅੰਗਰੇਜ ਹਾਕਮਾਂ ਤੋਂ ਲਾਗੂ ਕਰਵਾਏ। ਇਸ 'ਚ ਕਰਜ਼ਾ ਮੁਆਫੀ ਦਾ ਕਾਨੂੰਨ ਵੀ ਸੀ। ਇਸ ਕਾਨੂੰਨ ਰਾਹੀ ਵਿਆਜ 'ਚ ਗਈ ਰਕਮ ਮੂਲ ਵਿੱਚ ਪੂਰੀ ਹੋਣ ਉੱਤੇ ਕਰਜਾ ਮੁਆਫ ਹੋ ਜਾਂਦਾ ਸੀ । ਕਿਸਾਨ ਰਾਹਤ ਫੰਡ ਕਾਇਮ ਕੀਤਾ ਗਿਆ ਤੇ ਇਸ ਫੰਡ ਨੂੰ ਲੋਕ ਭਲਾਈ ਦੇ ਕਾਰਜਾਂ ਲਈ ਵਰਤਿਆ। ਇਸ ਫੰਡ ਰਾਹੀਂ ਕਿਸਾਨਾਂ ਤੇ ਹੋਰਨਾਂ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਸੀ, ਉਹ ਸਾਰੀ ਉਮਰ ਲੋਕ ਹਿੱਤਾ ਲਈ ਲੜਦੇ ਰਹੇ।
ਉਨ੍ਹਾਂ ਦੋਹਾਂ ਸ਼ਖਸੀਅਤਾਂ ਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ 'ਤੇ ਡੱਟੇ ਰਹਿਣ ਲਈ ਲਾਮਬੰਦ ਕੀਤਾ। ਆਗੂਆਂ ਨੇ ਸ਼ਹਿਰ ਵਾਸੀਆਂ ਤੇ ਕਿਸਾਨਾਂ ਨੂੰ 18 ਫਰਵਰੀ ਨੂੰ ਹੋਣ ਵਾਲੇ ਰੇਲ ਰੋਕੋਂ ਅੰਦੋਲਨ ਨੂੰ ਸਫਲ ਬਣਾਉਣ ਲਈ ਯੋਗਦਾਨ ਪਾਉਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਕਿਸਾਨੀ ਸੰਘਰਸ਼ ਜਾਰੀ ਰਹੇਗਾ।