ਬਰਨਾਲਾ: ਪੰਜਾਬ ਵਿੱਚ ਤੇਜ਼ ਰਫ਼ਤਾਰੀ ਕਰਕੇ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹਾ ਹੀ ਹਾਦਸਾ ਬਰਨਾਲਾ-ਮੋਗਾ ਕੌਮੀ ਮਾਰਗ ਉਪਰ ਪਿੰਡ ਟੱਲੇਵਾਲ ਵਿਖੇ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਪੁੱਲ ਤੋਂ 20 ਫੁੱਟ ਥੱਲੇ ਡਿੱਗਣ ਨਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਿਸਨੂੰ ਗੰਭੀਰ ਹਾਲਤ ਵਿੱਚ ਡੀ.ਐਮ.ਸੀ ਲੁਧਿਆਣਾ ਦਾਖ਼ਲ ਕਰਵਾਇਆ ਗਿਆ। ਹਾਦਸੇ ਉਪਰੰਤ ਰੋਸ ਵਿੱਚ ਆਏ ਪਿੰਡ ਵਾਸੀਆਂ ਵੱਲੋਂ ਕਿਸਾਨ ਜੱਥੇਬੰਦੀਆਂ ਦੀ ਅਗਵਾਈ ਵਿੱਚ ਕੌਮੀ ਹਾਈਵੇ ਨੂੰ ਧਰਨਾ ਲਗਾ ਕੇ ਜਾਮ ਕਰ ਦਿੱਤਾ। ਇਸ ਦੌਰਾਨ ਧਰਨਾਕਾਰੀਆਂ ਨੇ ਇਸ ਹਾਦਸੇ ਲਈ ਨਿਰਮਾਣ ਕੰਪਨੀ ਵੱਲੋਂ ਸੜਕ ’ਤੇ ਪੁੱਟੇ ਟੋਇਆਂ ਨੂੰ ਜਿੰਮੇਵਾਰ ਦੱਸਿਆ।
ਮੋਟਰਸਾਈਕਲ ਚਾਲਕ ਪੁੱਲ ਤੋਂ 20 ਫੁੱਟ ਥੱਲੇ ਡਿੱਗਿਆ:- ਇਸ ਦੌਰਾਨ ਹੀ ਧਰਨਾਕਾਰੀਆਂ ਕਿਸਾਨ ਆਗੂ ਰੁਪਿੰਦਰ ਸਿੰਘ ਭਿੰਦਾ, ਮਾਸਟਰ ਰਣਜੀਤ ਸਿੰਘ ਤੇ ਤੇਜਿੰਦਰ ਸਿੰਘ ਧਨੋਆ ਨੇ ਦੱਸਿਆ ਕਿ ਇਸ ਸੜਕ ਨੂੰ ਨਿਰਮਾਣ ਕੰਪਨੀ ਵੱਲੋਂ ਕਈ ਥਾਵਾਂ ਤੋਂ ਖੁਰਚਿਆ ਅਤੇ ਪੁੱਟਿਆ ਗਿਆ ਹੈ। ਜਿਸ ਕਾਰਨ ਰੋਜ਼ਾਨਾ ਇਸ ਸੜਕ ’ਤੇ ਹਾਦਸੇ ਵਾਪਰ ਰਹੇ ਹਨ। ਜਿਸ ਦੇ ਚੱਲਦੇ ਅੱਜ ਮੰਗਲਵਾਰ ਨੂੰ ਦਰਸ਼ਨ ਸਿੰਘ ਵਾਸੀ ਟੱਲੇਵਾਲ ਨੇ ਪੁਲ ਦੇ ਇਸ ਟੋਏ ਤੋਂ ਬਚਣ ਲਈ ਮੋਟਰਸਾਈਕਲ ਦੇ ਬ੍ਰੇਕ ਲਗਾ ਦਿੱਤੇ ਕਿ ਪਿੱਛੇ ਤੋਂ ਆ ਰਹੀ ਗੱਡੀ ਨੇ ਉਸਦੇ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ। ਜਿਸ ਨਾਲ ਮੋਟਰਸਾਈਕਲ ਚਾਲਕ ਪੁੱਲ ਤੋਂ 20 ਫੁੱਟ ਥੱਲੇ ਜਾ ਡਿੱਗਿਆ ਅਤੇ ਉਸਦੀ ਲੱਤਾਂ ਟੁੱਟ ਗਈਆਂ ਜਿਸ ਨੂੰ ਲੁਧਿਆਣਾ ਦੇ ਡੀਐਮਸੀ ਹਸਤਪਾਲ ਦਾਖ਼ਲ ਕਰਵਾਇਆ ਗਿਆ ਹੈ। ਜਿੱਥੇ ਉਸਦੀ ਹਾਲਤ ਗੰਭੀਰ ਹੈ।
ਭਰੋਸੇ ਤੋਂ ਬਾਅਦ ਧਰਨਾ ਖਤਮ ਕੀਤਾ:- ਇਸ ਦੌਰਾਨ ਧਰਨਾਕਾਰੀਆਂ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਵਿੱਚ ਇਹਨਾਂ ਟੋਇਆਂ ਕਾਰਨ ਦਰਜ਼ਨ ਤੋਂ ਵੱਧ ਹਾਦਸੇ ਵਾਪਰ ਚੁੱਕੇ ਹਨ। ਜਿਸ ਲਈ ਸਿੱਧੇ ਤੌਰ ’ਤੇ ਸੜਕ ਨਿਰਮਾਣ ਕੰਪਨੀ ਜਿੰਮੇਵਾਰ ਹੈ। ਕੁੱਝ ਸਮੇਂ ਬਾਅਦ ਮੌਕੇ ’ਤੇ ਟੱਲੇਵਾਲ ਥਾਣੇ ਦੀ ਪੁਲਿਸ ਅਤੇ ਸੜਕ ਨਿਰਮਾਣ ਕੰਪਨੀ ਦੇ ਕਰਮਚਾਰੀ ਪਹੁੰਚੇ। ਜਿਹਨਾਂ ਵੱਲੋਂ ਲਿਖਤੀ ਤੌਰ ’ਤੇ ਜਗ੍ਹਾ-ਜਗ੍ਹਾ ਤੋਂ ਪੁੱਟੀ ਸੜਕ ਠੀਕ ਕਰਨ ਦਾ ਭਰੋਸਾ ਦਿੱਤਾ ਗਿਆ। ਜਿਸ ਤੋਂ ਬਾਅਦ ਧਰਨਾ ਖਤਮ ਕਰਕੇ ਸੜਕ ਚਾਲੂ ਕੀਤੀ ਗਈ। ਡੇਢ ਘੰਟਾ ਚੱਕਾ ਜਾਮ ਰਹਿਣ ਕਾਰਨ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।