ਬਰਨਾਲਾ: ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਤਿਹਾਸਕ ਪਿੰਡ ਕੁਤਬਾ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗ਼ਮ ਕਰਵਾਇਆ ਜਾ ਰਿਹਾ ਹੈ। ਅੱਜ ਦੂਜੇ ਦਿਨ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਸ਼ਹੀਦਾਂ ਨੂੰ ਯਾਦ ਕੀਤਾ। ਉੱਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਹਾਜ਼ਰੀ ਲਗਵਾਈ। ਇਸ ਦੌਰਾਨ ਸੰਗਤਾਂ ਨੂੰ ਢਾਡੀ ਜੱਥਿਆਂ ਨੇ ਵਾਰਾਂ ਸੁਣਾ ਕੇ ਗੁਰਇਤਿਹਾਸ ਨਾਲ ਜੋੜਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਿੱਥੇ ਵੱਡੇ ਘੱਲੂਘਾਰੇ ਦੇ ਇਤਿਹਾਸ ਸਬੰਧੀ ਵਿਚਾਰਾਂ ਸਾਂਝੀਆਂ ਕੀਤੀਆਂ, ਉੱਥੇ ਸ਼ਹੀਦਾਂ ਦੀ ਯਾਦਗਾਰ ਬਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਯੋਗਦਾਨ ਦੇਣ ਦਾ ਵੀ ਐਲਾਨ ਕੀਤਾ।
ਫ਼ਰਵਰੀ 1762 ਨੂੰ ਹੋਏ ਵੱਡੇ ਘੱਲੂਘਾਰੇ ਦੀ ਹਰ ਵਰ੍ਹੇ ਇਤਿਹਾਸਕ ਪਿੰਡ ਕੁਤਬਾ ਵਿਖੇ ਯਾਦਗਾਰ ਮਨਾਈ ਜਾਂਦੀ ਹੈ। ਪਿੰਡ ਪੱਧਰ ’ਤੇ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਤਿੰਨ ਦਿਨਾਂ ਗੁਰਮਤਿ ਸਮਾਗ਼ਮ ਕਰਵਾਏ ਜਾਂਦੇ ਹਨ। ਪਹਿਲੇ ਦਿਨ ਨਗਰ ਕੀਰਤਨ ਸਜਾਇਆ ਗਿਆ। ਦੂਜੇ ਦਿਨ ਢਾਡੀ ਅਤੇ ਕਵੀਸ਼ਰੀ ਜੱਥਿਆਂ ਨੇ ਸਮਾਗ਼ਮ ਦੌਰਾਨ ਪਹੁੰਚੀਆਂ ਸੰਗਤਾਂ ਨੂੰ ਗੁਰਇਤਿਹਾਸ ਅਤੇ ਵੱਡੇ ਘੱਲੂਘਾਰੇ ਦੇ ਇਤਿਹਾਸ ਨਾਲ ਜਾਣੂ ਕਰਵਾਉਂਦਿਆਂ ਪ੍ਰਸੰਗ ਸੁਣਾ ਕੇ ਨਿਹਾਲ ਕੀਤਾ।
ਇਸ ਸਮਾਗ਼ਮ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਸ੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਇਤਿਹਾਸ ਕੌਮ ਦਾ ਮਾਣਮੱਤਾ ਇਤਿਹਾਸ ਹੈ। ਜਿਸ ਤੋਂ ਕੌਮ ਨੂੰ ਹਮੇਸ਼ਾ ਸੇਧ ਮਿਲਦੀ ਰਹੀ ਹੈ। ਸਿੱਖ ਯੋਧਿਆਂ ਨੇ ਅਦਬਾਲੀ ਵਰਗੀਆਂ ਹਕੂਮਤਾਂ ਦੀ ਈਨ ਨਹੀਂ ਮੰਨੀ ਅਤੇ ਸ਼ਹੀਦ ਹੋਣਾ ਪ੍ਰਵਾਨ ਕਰ ਲਿਆ। ਇਹਨਾਂ ਸ਼ਹੀਦਾਂ ਦੀ ਬਦੌਲਤ ਅੱਜ ਅਸੀਂ ਅਜ਼ਾਦ ਹਵਾ ’ਚ ਸਾਲ ਲੈ ਰਹੇ ਹਾਂ। ਇਹਨਾਂ ਮਹਾਨ ਸ਼ਹੀਦਾਂ ਦੀ ਬਦੌਲਤ ਸਾਨੂੰ ਸਰਦਾਰੀਆਂ ਮਿਲੀਆਂ ਹਨ, ਜਿਸ ਕਰਕੇ ਸਿੱਖ ਕੌਮ ਨੂੰ ਦੁਨੀਆਂ ਭਰ ’ਚ ਲੋਕ ਜਾਣ ਸਕੇ ਹਨ ਅਤੇ ਵੱਖਰੀ ਪਹਿਚਾਣ ਮਿਲ ਸਕੀ ਹੈ।
ਇਸ ਮੌਕੇ ਪ੍ਰਧਾਨ ਲੌਂਗੋਵਾਲ ਨੇ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਜਾ ਰਹੀ ਯਾਦਗਾਰ ਲਈ 5 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ ਅਤੇ ਕਿਹਾ ਕਿ ਸਮੇਂ ਸਮੇਂ ’ਤੇ ਹੋਰ ਸਹਾਇਤਾ ਦਿੱਤੀ ਜਾਵੇਗੀ।