ਬਰਨਾਲਾ: ਕੋਰੋਨਾ ਵਾਇਰਸ ਕਾਰਨ ਲਗਾਤਾਰ ਪੰਜਾਬ ਵਿੱਚ ਕਰਫ਼ਿਊ ਜਾਰੀ ਹੈ। ਜਿਸ ਕਰਕੇ ਹਰ ਤਰ੍ਹਾਂ ਦੇ ਛੋਟੇ ਵੱਡੇ ਕਾਰੋਬਾਰ ਠੱਪ ਹੋ ਚੁੱਕੇ ਹਨ। ਕਣਕ ਦੀ ਵਾਢੀ ਸ਼ੁਰੂ ਚੁੱਕੀ ਹੈ। ਇਸ ਦੇ ਕੰਮਾਂ ਕਾਰਾਂ ’ਤੇ ਵੀ ਕੋਰੋਨਾ ਦਾ ਬਹੁਤ ਜ਼ਿਆਦਾ ਅਸਰ ਪੈਣ ਦੀ ਸੰਭਾਵਨਾ ਹੈ। ਸ਼ੁਰੂਆਤੀ ਦੌਰ ਵਿੱਚ ਹੀ ਕੋਰੋਨਾ ਦਾ ਅਸਰ ਵਾਢੀ ’ਤੇ ਪੈਣਾ ਸ਼ੁਰੂ ਵੀ ਹੋ ਗਿਆ ਹੈ। ਮਜ਼ਦੂਰਾਂ ਦੀ ਘਾਟ ਕਾਰਨ ਹੱਥੀਂ ਵਾਢੀ ਘੱਟ ਹੋਣ ਦੀ ਸੰਭਾਵਨਾ ਹੈ। ਇਸ ਵਾਰ ਕਣਕ ਦੀ ਵਾਢੀ ਕੰਬਾਈਨਾਂ ਨਾਲ ਹੋਣ ਦੀ ਵੱਧ ਸੰਭਾਵਨਾ ਹੈ। ਜਿਸ ਕਰਕੇ ਤੂੜੀ ਵਗੈਰਾ ਬਨਾਉਣ ਲਈ ਵੀ ਰੀਪਰ ਦੀ ਵੱਧ ਵਰਤੋਂ ਹੋਵੇਗੀ।
ਕੋਰੋਨਾ ਵਾਇਰਸ ਕਾਰਨ ਸੋਸ਼ਲ ਡਿਸਟੈਂਸ ਰੱਖਣਾ ਜ਼ਰੂਰੀ ਹੈ। ਜਿਸ ਲਈ ਇਸ ਵਾਰ ਵਾਢੀ ਲਈ ਸਰਕਾਰ ਨੇ ਵੱਖ-ਵੱਖ ਨਿਰਦੇਸ਼ ਜਾਰੀ ਕੀਤੇ ਗਏ ਹਨ। ਜੋ ਕਿਸਾਨਾਂ ਅਤੇ ਮਸ਼ੀਨ ਮਾਲਕਾਂ ਦੇ ਫ਼ਿੱਟ ਨਹੀਂ ਬੈਠ ਰਹੇ। ਸਰਕਾਰ ਨੇ ਸਵੇਰ 6 ਵਜੇ ਤੋਂ 9 ਵਜੇ ਤੱਕ ਖੇਤ ਜਾਣ ਅਤੇ ਸ਼ਾਮ 7 ਵਜੇ ਤੋਂ 9 ਵਜੇ ਤੱਕ ਘਰ ਵਾਪਸ ਪਰਤਣ ਦਾ ਸਮਾਂ ਤੈਅ ਕੀਤਾ ਗਿਆ ਹੈ। ਮਸ਼ੀਨਾਂ ਦੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਖੁੱਲ੍ਹਣ ਦਾ ਸਮਾਂ ਸਿਰਫ਼ ਸਵੇਰ ਦਾ ਹੈ। ਇਸ ਤੋਂ ਇਲਾਵਾ ਮਸ਼ੀਨ ਰਿਪੇਅਰ, ਟਾਈਰ ਪੈਂਚਰ ਆਦਿ ਦੀਆਂ ਦੁਕਾਨਾਂ ਖੋਲ੍ਹਣ ਲਈ ਆਨਲਾਈਨ ਪਾਸ ਜਾਰੀ ਕੀਤੇ ਜਾ ਰਹੇ ਹਨ।
ਇਹ ਸਾਰੀਆਂ ਹਦਾਇਤਾਂ ਦਾ ਕਿਸਾਨਾਂ ਅਤੇ ਕੰਬਾਈਨ ਚਾਲਕਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਪੇਅਰ ਪਾਰਟਸ ਅਤੇ ਮਸ਼ੀਨਰੀ ਨਾਲ ਸਬੰਧ ਦੁਕਾਨਾਂ ਦੀ ਸਰਵਿਸ ਸਾਰਾ ਦਿਨ ਹੋਣੀ ਚਾਹੀਦੀ ਹੈ। ਕਿਉਂਕਿ ਜੇਕਰ ਦਿਨ ਸਮੇਂ ਕੋਈ ਮਸ਼ੀਨ ਖ਼ਰਾਬ ਹੋ ਜਾਂਦੀ ਹੈ ਤਾਂ ਕਿਸਾਨਾਂ ਦੇ 24 ਘੰਟੇ ਖ਼ਰਾਬ ਹੋਣਗੇ ਅਤੇ ਸਪੇਅਰ ਪਾਰਟ ਦਾ ਸਮਾਨ ਦੂਜੇ ਦਿਨ ਸਵੇਰ ਸਮੇਂ ਹੀ ਮਿਲ ਸਕੇਗਾ। ਜਦੋਂਕਿ ਰਿਪੇਅਰ ਵਰਕਸ਼ਾਪਾਂ ਅਤੇ ਪੈਂਚਰਾਂ ਆਦਿ ਦੀਆਂ ਜ਼ਰੂਰੀ ਦੁਕਾਨਾਂ ਲਈ ਜਾਰੀ ਕੀਤੀ ਈ-ਪਾਸ ਦੀ ਹਦਾਇਤ ਵੀ ਠੀਕ ਨਹੀਂ ਸਮਝੀ ਜਾ ਰਹੀ। ਕਿਉਂਕਿ ਜ਼ਿਆਦਾ ਵਰਕਸ਼ਾਪਾਂ ਵਾਲੇ ਮਿਸਤਰੀ ਅਤੇ ਪੈਂਚਰ ਲਗਾਉਣ ਵਾਲੇ ਅਨਪੜ੍ਹ ਹੋਣ ਕਾਰਨ ਆਪਣਾ ਆਨਲਾਈਨ ਫ਼ਾਰਮ ਭਰ ਕੇ ਪਾਸ ਬਨਵਾਉਣ ਤੋਂ ਅਸਮਰੱਥ ਹੀ ਹਨ। ਜਿਸ ਲਈ ਪਿੰਡਾਂ ਵਿੱਚ ਇਸ ਸਭ ਦੇ ਅਧਿਕਾਰ ਪੰਚਾਇਤਾਂ ਨੂੰ ਦਿੱਤੇ ਜਾਣ ਦੀ ਮੰਗ ਉਠ ਰਹੀ ਹੈ। ਇਸਤੋਂ ਇਲਾਵਾ ਟਰੈਕਟਰ ਬੈਟਰੀਆਂ, ਟਾਈਰਾਂ ਆਦਿ ਦੀਆ ਦੁਕਾਨਾਂ ਵੀ ਬੰਦ ਹੀ ਹਨ, ਜਿਸ ਕਰਕੇ ਵਾਢੀ ਸੀਜ਼ਨ ਕਰਕੇ ਮਸ਼ੀਨਰੀ ਵਾਲਿਆਂ ਨੂੰ ਸਮੱਸਿਆ ਝੱਲਣੀ ਪਵੇਗੀ।
ਇਸ ਤੋਂ ਇਲਾਵਾ ਮਸ਼ੀਨ ਮਾਲਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਇਸ ਵਾਰ ਸੱਟਾ ਹੀ ਖੇਡਣਾ ਪਵੇਗਾ। ਕਿਉਂਕਿ ਇਸ ਵਾਰ ਉਨ੍ਹਾਂ ਨੇ ਲੱਖਾਂ ਰੁਪਏ ਦਾ ਡੀਜ਼ਲ ਪਹਿਲਾਂ ਹੀ ਮਸ਼ੀਨਾਂ ਚਲਾਉਣ ਲਈ ਲੈ ਰੱਖਿਆ ਹੈ। ਪਰ ਕਣਕ ਦਾ ਮੰਡੀਕਰਨ ਦੇਰੀ ਨਾਲ ਹੋਵੇਗਾ, ਜਿਸ ਕਰਕੇ ਇਸ ਦੇ ਪੈਸੇ ਵੀ ਕਿਸਾਨਾਂ ਨੂੰ ਦੇਰੀ ਨਾਲ ਮਿਲਣਗੇ। ਇਸ ਦੇ ਨਤੀਜੇ ਵਜੋਂ ਉਹਨਾਂ ਨੂੰ ਵੀ ਫ਼ਸਲਾਂ ਦੀ ਵਢਾਈ ਦੇ ਪੈਸੇ 3 ਮਹੀਨੇ ਬਾਅਦ ਹੀ ਮਿਲਣ ਦੀ ਆਸ ਹੈ। ਉਹਨਾਂ ਸਰਕਾਰ ਨੂੰ ਇਸ ਸਬੰਧੀ ਬਦਲਾਅ ਕਰਨ ਦੀ ਮੰਗ ਕੀਤੀ ਹੈ।
ਉਧਰ ਇਸ ਸਬੰਧੀ ਖੇਤੀਬਾੜੀ ਅਧਿਕਾਰੀ ਨੇ ਸਰਕਾਰ ਵੱਲੋਂ ਜਾਰੀ ਨਿਰਦੇਸ਼ ਦੀ ਕਿਸਾਨਾਂ ਨੂੰ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ। ਸਰਕਾਰ ਨੇ ਸਵੇਰ 6 ਤੋਂ 9 ਵਜੇ ਤੱਕ ਖੇਤ ਜਾਣ ਅਤੇ ਸ਼ਾਮ 7 ਤੋਂ 9 ਵਜੇ ਤੱਕ ਘਰ ਪਰਤਣ ਦਾ ਸਮਾਂ ਹੋਵੇਗਾ। ਸਵੇਰ 9 ਤੋਂ ਸ਼ਾਮ 7 ਵਜੇ ਤੱਕ ਆਪਣਾ ਸਾਰਾ ਦਿਨ ਕੰਮ ਕਰ ਸਕਣਗੇ। ਕੰਬਾਈਨ ਸਵੇਰ 8 ਵਜੇ ਤੋਂ ਸ਼ਾਮ 7 ਵਜੇ ਤੱਕ ਚਲਾ ਸਕਣਗੇ। ਕੰਬਾਈਨ 15 ਅਪ੍ਰੈਲ ਤੋਂ ਬਾਅਦ ਹੀ ਚਲਾਉਣ ਦੀ ਹਦਾਇਤ ਹੈ। ਉਨ੍ਹਾਂ ਕਿਹਾ ਕਿ ਸਪੇਅਰ ਪਾਰਟ, ਪੈਂਚਰ ਆਦਿ ਵਾਲਿਆਂ ਦੇ ਈ-ਪਾਸ ਬਣਾਏ ਜਾ ਰਹੇ ਹਨ। ਜੇਕਰ ਇਸਦੇ ਬਾਵਜੂਦ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਔਖੇ ਸਮੇਂ ਵਿੱਚ ਇੱਕ ਦੂਜੇ ਦੀ ਮੱਦਦ ਕਰਕੇ ਵਾਢੀ ਦਾ ਕੰਮ ਨੇਪਰੇ ਚਾੜ੍ਹ ਲੈਣਾ ਚਾਹੀਦਾ ਹੈ।