ਬਰਨਾਲਾ: ਕੇਂਦਰੀ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ’ਚ ਅੱਜ ਪੰਜਾਬ ਬੰਦ ਦੌਰਾਨ ਹਰ ਵਰਗ ਵੱਲੋਂ ਹਮਾਇਤ ਕਰਕੇ ਸ਼ਮੂਲੀਅਤ ਕੀਤੀ ਗਈ। ਬਰਨਾਲਾ ਵਿਖੇ ਫ਼ਿਲਮ ਜਗਤ ਨਾਲ ਜੁੜੀਆਂ ਹਸਤੀਆਂ ਵੱਲੋਂ ਕਿਸਾਨਾਂ ਦੇ ਧਰਨਿਆਂ ਵਿੱਚ ਹਾਜ਼ਰੀ ਲਵਾ ਕੇ ਕਿਸਾਨੀ ਸੰਘਰਸ਼ ਦਾ ਸਾਥ ਦਿੱਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਅਦਾਕਾਰਾ ਰੁਪਿੰਦਰ ਰੂਪੀ ਅਤੇ ਸਿਮਰਨ ਅਕਸ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਖੇਤੀ ਬਿੱਲ ਰਾਜ ਸਭਾ ਅਤੇ ਲੋਕ ਸਭਾ ਵਿੱਚ ਪਾਸ ਕੀਤੇ ਗਏ ਹਨ। ਉਹ ਪੂਰਨ ਰੂਪ ਵਿੱਚ ਕਿਸਾਨ ਵਿਰੋਧੀ ਹਨ। ਇਨ੍ਹਾਂ ਬਿੱਲਾਂ ਨੂੰ ਲਾਗੂ ਹੋਣ ਨਾਲ ਕਿਸਾਨ ਪੂਰੀ ਤਰ੍ਹਾਂ ਬਰਬਾਦ ਹੋ ਜਾਣਗੇ।
ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਦਾ ਕਿਸਾਨ ਦੇਸ਼ ਦੇ 80 ਫ਼ੀਸਦੀ ਲੋਕਾਂ ਦਾ ਅਨਾਜ ਨਾਲ ਢਿੱਡ ਭਰਦਾ ਹੈ ਪਰ ਕੇਂਦਰ ਸਰਕਾਰ ਇਨ੍ਹਾਂ ਬਿੱਲਾਂ ਨੂੰ ਲਿਆ ਕੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਸਾਜ਼ਿਸ ਰਚ ਰਹੀ ਹੈ। ਜਿਸ ਦੇ ਉਹ ਪੂਰੀ ਤਰਾਂ ਵਿਰੁੱਧ ਹਨ।
ਉਨ੍ਹਾਂ ਕਿਹਾ ਕਿ ਪੰਜਾਬੀ ਫ਼ਿਲਮ ਇੰਡਸਟਰੀ ਪੂਰੀ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਖੜੀ ਹੈ। ਉਹ ਇਸ ਸੰਘਰਸ਼ ਵਿੱਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਕਰਨਗੇ।