ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਲਗਾਤਾਰ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ। ਇਸੇ ਸੰਘਰਸ਼ ਦਰਮਿਆਨ ਵੱਖ-ਵੱਖ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਵੀ ਆ ਰਹੀਆਂ ਹਨ। ਉਥੇ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਵੱਲੋਂ ਬੀਤੇ ਦਿਨੀਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਚੋਣ ਲੜਨ ਸਬੰਧੀ ਬਿਆਨ ਦਿੱਤਾ ਗਿਆ ਸੀ।
ਜਿਸ ਤੋਂ ਬਾਅਦ ਭਾਵੇਂ ਚਡੂਨੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੁਝ ਦਿਨਾਂ ਲਈ ਸਸਪੈਂਡ ਕਰ ਦਿੱਤਾ ਗਿਆ ਸੀ, ਪ੍ਰੰਤੂ ਇਹ ਲੋਕ ਚਰਚਾ ਜ਼ਰੂਰ ਬਣੀ ਹੋਈ ਹੈ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਇਸ ਸੰਬੰਧੀ ਪੰਜਾਬ ਦੀਆਂ ਦੋ ਵੱਡੀਆਂ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੀਨੀਅਰ ਆਗੂਆਂ ਮਨਜੀਤ ਸਿੰਘ ਧਨੇਰ ਅਤੇ ਸੁਖਦੇਵ ਸਿੰਘ ਕੋਕਰੀ ਕਲਾਂ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਚੋਣ ਲੜਨ ਤੋਂ ਸਿੱਧਾ ਇਨਕਾਰ ਕੀਤਾ ਹੈ।
ਇਸ ਸੰਬੰਧੀ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਨਾਮ 'ਤੇ ਪਾਰਟੀ ਬਣਾ ਕੇ ਚੋਣ ਲੜਨੀ ਚਾਹੀਦੀ ਹੈ ਅਤੇ ਇਸ ਨਾਲ ਲੋਕਾਂ ਦਾ ਭਲਾ ਹੋਵੇਗਾ, ਪ੍ਰੰਤੂ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ "ਕੱਠ ਲੋਹੇ ਦੀ ਲੱਠ ਸਿਰ ਵਿੱਚ ਜ਼ਾਲਮ ਦੇ" ਅਨੁਸਾਰ ਆਪਣੀ ਲੋਕ ਤਾਕਤ ਨੂੰ ਇਕਜੁੱਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਮੁੱਦਾ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਕਿਸਾਨ ਅੰਦੋਲਨ ਦੀ ਜਿੱਤ ਕਰਨਾ ਹੈ।
ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਫ਼ੈਸਲਾ ਹੈ ਕਿ ਅੰਦੋਲਨ ਜਿੱਤਣ ਤੱਕ ਕਿਸੇ ਚੋਣਾਂ ਵਿੱਚ ਹਿੱਸਾ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਕਾਰਨ ਦੇਸ਼ ਭਰ ਵਿੱਚ ਬੀਜੇਪੀ ਦਾ ਕਿਸਾਨਾਂ ਵੱਲੋਂ ਬਾਈਕਾਟ ਕੀਤਾ ਗਿਆ ਹੈ। ਜਿਸ ਦੇ ਚਲਦਿਆਂ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਕਿਸਾਨ ਜਥੇਬੰਦੀਆਂ ਜ਼ੋਰ ਲਗਾਉਣਗੀਆਂ। ਖ਼ਾਸਕਰ ਯੂਪੀ ਵਿੱਚ ਬੀਜੇਪੀ ਨੂੰ ਹਰਾਉਣ ਲਈ ਇਕ ਲਾਮਬੰਦੀ ਕਰਕੇ ਕਿਸਾਨ ਜੱਥੇਬੰਦੀਆਂ ਮੈਦਾਨ ਵਿੱਚ ਉਤਰਨਗੀਆਂ।
ਇਹ ਵੀ ਪੜ੍ਹੋ:ਖੱਟਕੜ੍ਹ ਕਲਾਂ ਪੁੱਜੇ ਨਵਜੋਤ ਸਿੱਧੂ ਦਾ ਕਿਸਾਨਾਂ ਨੇ ਕੀਤਾ ਵਿਰੋਧ
ਉੱਥੇ ਬੀਕੇਯੂ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਗੁਰਨਾਮ ਸਿੰਘ ਚਡੂਨੀ ਪਹਿਲਾਂ ਵੀ ਸਿਆਸਤ 'ਚ ਹੰਢਿਆ ਵਰਤਿਆ ਹੋਇਆ ਵਿਅਕਤੀ ਹੈ। ਚੋਣਾਂ ਲੜਨ ਸਬੰਧੀ ਉਸ ਵੱਲੋਂ ਦਿੱਤਾ ਗਿਆ ਬਿਆਨ ਸਿਆਸੀ ਲਾਹਾ ਲੈਣ ਵਾਲਾ ਹੈ। ਜਦਕਿ ਸੰਯੁਕਤ ਕਿਸਾਨ ਮੋਰਚੇ ਦਾ ਫ਼ੈਸਲਾ ਹੈ ਕਿ ਅੰਦੋਲਨ ਦੀ ਜਿੱਤ ਤੱਕ ਕਿਸੇ ਵੀ ਸਿਆਸੀ ਸਰਗਰਮੀ 'ਚ ਭਾਗ ਨਹੀਂ ਲਿਆ ਜਾਵੇਗਾ। ਜੇਕਰ ਕੋਈ ਵੀ ਜਥੇਬੰਦੀ ਜਾਂ ਉਸ ਦਾ ਲੀਡਰ ਸਿਆਸਤ ਵਿੱਚ ਭਾਗ ਲਵੇਗਾ ਤਾਂ ਉਸ ਤੋਂ ਸੰਯੁਕਤ ਕਿਸਾਨ ਮੋਰਚਾ ਕਿਨਾਰਾ ਕਰੇਗਾ।
ਇਹ ਵੀ ਪੜ੍ਹੋ:Agriculture Laws: ਦੂਜੇ ਦਿਨ ਵੀ ਸੰਸਦ ਬਾਹਰ ਅਕਾਲੀ ਦਲ-ਬਸਪਾ ਦਾ ਪ੍ਰਦਰਸ਼ਨ