ਬਰਨਾਲਾ: ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦਾ ਸਿਆਸੀ ਅਖਾੜਾ ਪੂਰੀ ਤਰ੍ਹਾ ਭਖਿਆ ਹੋਇਆ ਹੈ। ਇਸ ਦਰਮਿਆਨ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਵਲੋਂ ਇੱਕ ਦੂਜੇ ਉਪਰ ਲਗਾਤਾਰ ਸਿਆਸੀ ਹਮਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਨੁਮਾਇੰਦੇ ਅਤੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਆਮ ਆਦਮੀ ਪਾਰਟੀ ਨੂੰ ਕਿਸਾਨਾਂ ਦੇ ਮਾਮਲੇ ਵਿੱਚ ਘੇਰਿਆ ਗਿਆ ਹੈ।
ਕੇਵਲ ਢਿੱਲੋਂ ਨੇ ਆਪ ਦੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਅਤੇ ਆਪ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ ਨੂੰ ਪੰਜਾਬ ਦੇ ਕਿਸਾਨਾਂ ਤੋਂ ਮੁਆਫ਼ੀ ਮੰਗਣ ਲਈ ਕਿਹਾ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਤਿੰਨੇ ਖੇੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੁਨੀਆਂ ਦਾ ਸਭ ਤੋਂ ਵੱਡਾ ਸ਼ਾਂਤਮਈ ਸੰਘਰਸ਼ ਲੜਿਆ ਹੈ। ਇਸ ਸੰਘਰਸ਼ ਦੌਰਾਨ ਸਾਡੇ 750 ਤੋਂ ਵੱਧ ਕਿਸਾਨ ਸ਼ਹੀਦ ਹੋਏ ਹਨ। ਪ੍ਰੰਤੂ ਹੁਣ ਆਮ ਆਦਮੀ ਪਾਰਟੀ ਸਾਡੇ ਸ਼ਹੀਦ ਕਿਸਾਨਾਂ ਦਾ ਅਪਮਾਨ ਕਰ ਰਹੀ ਹੈ। ਕਿਸਾਨ ਜੱਥੇਬੰਦੀਆਂ ਭਾਵੇਂ ਸੰਯੁਕਤ ਸਮਾਜ ਮੋਰਚਾ ਬਣਾ ਕੇ ਚੋਣ ਲੜ ਰਹੀਆਂ ਹਨ।
ਚੋਣ ਲੜਨ ਦਾ ਅਧਿਕਾਰ ਹਰ ਇੱਕ ਨਾਗਰਿਕ ਨੂੰ ਸਾਡਾ ਸੰਵਿਧਾਨ ਦਿੰਦਾ ਹੈ। ਪ੍ਰੰਤੂ ਆਮ ਆਦਮੀ ਪਾਰਟੀ ਅਤੇ ਇਹਨਾਂ ਦੇ ਨੇਤਾ ਬੁਖਲਾਏ ਹੋਏ ਸਾਡੇ ਕਿਸਾਨਾਂ 'ਤੇ ਬੀਜੇਪੀ ਨਾਲ ਮਿਲੇ ਹੋਏ ਹੋਣ ਦਾ ਦੋਸ਼ ਲਗਾ ਰਹੇ ਹਨ। ਜੋ ਬੇਹੱਦ ਨਿੰਦਣਯੋਗ ਹੈ।
ਉਹਨਾਂ ਕਿਹਾ ਕਿ ਆਪ ਪਾਰਟੀ ਦੇ ਨੇਤਾ ਕਿਸਾਨਾਂ ਤੋਂ ਉਹਨਾਂ ਦੇ ਫ਼ੰਡ ਦਾ ਹਿਸਾਬ ਤਾਂ ਮੰਗ ਰਹੀਆਂ ਹਨ, ਪ੍ਰੰਤੂ ਆਮ ਆਦਮੀ ਪਾਰਟੀ ਨੇ 2017 ਵਿੱਚ ਆਮ ਆਦਮੀ ਪਾਰਟੀ ਨੂੰ ਆਏ ਫੰਡ ਦਾ ਅਜੇ ਤੱਕ ਕੋਈ ਹਿਸਾਬ ਨਹੀਂ ਦਿੱਤਾ। ਜਿਸ ਕਰਕੇ ਸਾਡੇ ਕਿਸਾਨਾਂ 'ਤੇ ਝੂਠੇ ਇਲਜ਼ਾਮ ਲਗਾਉਣ ਵਾਲੇ ਆਪ ਨੇਤਾਵਾਂ ਮੀਤ ਹੇਅਰ ਅਤੇ ਰਾਘਵ ਚੱਢਾ ਨੂੰ ਕਿਸਾਨਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਜੇਕਰ ਇਹਨਾਂ ਨੇ ਕਿਸਾਨਾਂ ਤੋਂ ਮੁਆਫ਼ੀ ਨਾ ਮੰਗੀ ਤਾਂ ਸਾਡੇ ਕਿਸਾਨ ਭਰਾ ਇਹਨਾਂ ਨੂੰ ਚੋਣਾਂ ਵਿੱਚ ਸਬਕ ਸਿਖਾ ਦੇਣਗੇ।
ਇਹ ਵੀ ਪੜ੍ਹੋ:'ਆਪ' ਦੀ ਵੀਡੀਓ 'ਤੇ ਵਿਵਾਦ: ਵਿਦਿਆ ਬਾਲਨ ਨੂੰ ਮੁੱਖ ਮੰਤਰੀ ਦੀ ਕੁਰਸੀ ਕਹਿਣ 'ਤੇ ਭੜਕੇ ਕਾਂਗਰਸੀ !