ਬਰਨਾਲਾ: ਵਿਧਾਨ ਸਭਾ ਹਲਕਾ ਭਦੌੜ ਵਿੱਚ ਕਾਂਗਰਸ (Vidhan Sabha constituency Bhadaur) ਪਾਰਟੀ ਵਿੱਚ ਜਾਨ ਪਾਉਣ ਦੇ ਇਰਾਦੇ ਨਾਲ ਚੋਣ ਲੜਨ ਉੱਤਰੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਹਾਲਤ ਜਿੱਥੇ ਪਹਿਲਾਂ ਹੀ ਮਾੜੀ ਚੱਲ ਰਹੀ ਹੈ। ਉੱਥੇ ਭਦੌੜ ਵਿੱਚ 70 ਪਰਿਵਾਰ ਹੋਰ ਟਰੱਕ ਯੂਨੀਅਨ ਦੇ ਪ੍ਰਧਾਨ ਤੇ ਕੌਂਸਲਰ ਜਗਦੀਪ ਸਿੰਘ ਜੱਗੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਗਏ।
ਕਾਂਗਰਸ ਛੱਡਣ ਵਾਲੇ ਆਗੂਆਂ ਅਤੇ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਗਈ ਹੈ। ਕਾਂਗਰਸ ਛੱਡਣ ਵਾਲੇ ਇੰਨ੍ਹਾਂ ਪਰਿਵਾਰਾਂ ਨੂੰ ਆਪ ਦੇ ਸੂਬਾ ਯੂਥ ਪ੍ਰਧਾਨ ਤੇ ਵਿਧਾਇਕ ਮੀਤ ਹੇਅਰ ਅਤੇ ਹਲਕਾ ਉਮੀਦਵਾਰ ਲਾਭ ਸਿੰਘ ਉੱਗੋਕੇ ਨੇ ਪਾਰਟੀ ਵਿੱਚ ਸ਼ਾਮਲ ਕੀਤਾ।
ਇਸ ਮੌਕੇ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਭਦੌੜ ਵਿੱਚ ਲੜਾਈ ਇੱਕ ਗਰੀਬ ਕਹਾਉਣ ਵਾਲੇ ਅਤੇ ਸੱਚਮੁੱਚ ਗਰੀਬ ਵਿਅਕਤੀ ਵਿਚਕਾਰ ਹੈ। ਉਨ੍ਹਾਂ ਕਿਹਾ ਕਿ ਇਸ ਦਾ ਫੈਸਲਾ ਭਦੌੜ ਹਲਕੇ ਦੇ ਇਨਕਲਾਬੀ ਲੋਕਾਂ ਨੇ ਕਰਨਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ’ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ, ਜਿਸ ਦੇ ਗਵਾਹ ਭਦੌੜ ਦੇ ਲੋਕ ਹੋਣਗੇ ਜੋ ਲਾਭ ਸਿੰਘ ਉੱਗੋਕੇ ਨੂੰ ਜਿਤਾਉਣਗੇ ਤੇ ਮੁੱਖ ਮੰਤਰੀ ਨੂੰ ਹਰਾ ਕੇ ਭੇਜਣਗੇ। ਮੀਤ ਹੇਅਰ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਜਗਦੀਪ ਸਿੰਘ ਜੱਗੀ ਵਰਗੇ ਹੀਰੇ ਵਰਕਰ ਗਵਾਉਣੇ ਇੰਨਾਂ ਚੋਣਾਂ ਵਿੱਚ ਮਹਿੰਗੇ ਪੈਣਗੇ। ਉਨ੍ਹਾਂ ਕਿਹਾ ਕਿ ਜੱਗੀ ਦਾ ਪੂਰੇ ਜ਼ਿਲ੍ਹੇ ਵਿੱਚ ਆਪ ਉਮੀਦਵਾਰਾਂ ਨੂੰ ਵੱਡਾ ਲਾਭ ਮਿਲੇਗਾ।
ਆਪ ਦੇ ਉਮੀਦਵਾਰ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਭਦੌੜ ਹਲਕੇ ਦੇ ਅਣਖੀ ਲੋਕ ਮੁੱਖ ਮੰਤਰੀ ਨੂੰ ਵਾਪਸ ਚਮਕੌਰ ਸਾਹਿਬ ਭੇਜ ਕੇ ਹੀ ਦਮ ਲੈਣਗੇ। ਓਧਰ ਕੌਂਲਸਰ ਜਗਦੀਪ ਸਿੰਘ ਜੱਗੀ ਨੇ ਕਿਹਾ ਕਿ ਕਾਂਗਰਸ ਵਿੱਚ ਮਿਹਨਤੀ ਵਰਕਰਾਂ ਦੀ ਕੋਈ ਕਦਰ ਨਹੀਂ ਹੈ ਅਤੇ ਇਹ ਚਾਪਲੂਸਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਦੇ ਹੋਰ ਆਗੂ ਵੀ ਆਪ ਵਿੱਚ ਸ਼ਾਮਲ ਕਰਵਾਏ ਜਾਣਗੇ।
ਇਹ ਵੀ ਪੜ੍ਹੋ: ਪੁਲਿਸ ਨੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੂੰ ਕੀਤਾ ਗ੍ਰਿਫਤਾਰ