ਰੂਪਨਗਰ: ਮਾਣਯੋਗ ਸੁਪਰੀਮ ਕੋਰਟ ਦੁਆਰਾ ਕੇਸ ‘ਗੌਰਵ ਕੁਮਾਰ ਬਾਂਸਲ ਬਨਾਮ ਯੂਨੀਅਨ ਆਫ ਇੰਡੀਆ’ ਵਿੱਚ ਦਿੱਤੀਆਂ ਹਦਾਇਤਾਂ ਅਨੁਸਾਰ ਜਿਸ ਕਿਸੇ ਵੀ ਵਿਅਕਤੀ ਦੀ ਕੋਰੋਨਾ ਕਾਲ ਵਿੱਚ ਕੋਰੋਨਾ ਨਾਲ ਮੌਤ ਹੋਈ ਹੈ ਉਸ ਵਿਅਕਤੀ ਦੇ ਵਾਰਸਾਂ ਨੂੰ 50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਪ੍ਰਾਵਧਾਨ ਹੈ। ਸੀ.ਜੇ.ਐਮ, ਮਾਨਵ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿੱਚ ਕੁੱਲ 423 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋਈ ਸੀ ਜਿਸ ਵਿੱਚੋਂ 259 ਵਿਅਕਤੀਆਂ ਦੇ ਵਾਰਸਾਂ ਨੂੰ ਮੁਆਵਜਾ ਦਿੱਤਾ ਜਾ ਚੁੱਕਾ ਹੈ।
ਹੁਣ ਤੱਕ ਜਿਹੜੇ ਵਾਰਸਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਕੋਰੋਨਾ ਕਾਰਨ ਹੋਈ ਮੌਤ ਦਾ ਮੁਆਵਜ਼ਾ ਨਹੀਂ ਮਿਲ ਸਕਿਆ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਡੀ.ਐਮ ਦਫਤਰ ਜਾਂ ਜ਼ਿਲ੍ਹਾ ਮਾਲ ਅਫਸਰ ਨਾਲ ਸੰਪਰਕ ਕਰ ਸਕਦੇ ਹਨ। ਜੇਕਰ ਕਿਸੇ ਵੀ ਵਿਅਕਤੀ ਨੂੰ ਮੁਆਵਜੇ ਲੈਣ ਸਬੰਧੀ ਕਿਸੇ ਕਾਗਜ਼ ਜਾਂ ਫਾਰਮ ਭਰਨ ਵਿੱਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਦੇ ਸਿੱਖਿਅਤ ਵਕੀਲਾਂ, ਪੈਰਾ ਲੀਗਲ ਵਲੰਟੀਅਰਾਂ ਅਤੇ ਦਫਤਰੀ ਅਮਲੇ ਨੂੰ ਮਿਲ ਸਕਦੇ ਹਨ ਜਾਂ ਫੋਨ ਨੰ. 01881-220171 ਤੇ ਸੰਪਰਕ ਕਰ ਸਕਦੇ ਹਨ, ਜੋ ਕਿ ਉਨ੍ਹਾਂ ਦੀ ਫਾਰਮ ਭਰਨ ਅਤੇ ਮੁਆਵਜੇ ਦਿਵਾਉਣ ਵਿੱਚ ਸਹਾਇਤਾ ਕਰਨਗੇ।
ਮੁਆਵਜ਼ਾ ਅਪਲਾਈ ਕਰਨ ਦਾ ਇੱਕ ਫਾਰਮ ਭਰਨ ਦੀ ਲੋੜ ਪੈਂਦੀ ਹੈ ਅਤੇ ਮ੍ਰਿਤਕ ਵਿਅਕਤੀ ਦੇ ਪਛਾਣ ਕਾਰਡ ਦੀ ਕਾਪੀ, ਕਲੇਮ ਕਰਤਾ ਦੇ ਪਛਾਣ ਦੀ ਕਾਪੀ, ਕਲੇਮ ਕਰਤਾ ਅਤੇ ਮ੍ਰਿਤਕ ਵਿਅਕਤੀ ਦੇ ਸਬੰਧ ਦਾ ਪਛਾਣ ਕਾਰਡ, ਕੋਵਿਡ-19 ਪੋਜੀਟਿਵ ਟੈਸਟ ਦੀ ਕਾਪੀ, ਹਸਪਤਾਲ ਦੁਆਰਾ ਜਾਰੀ ਹੋਏ ਮੌਤ ਦੇ ਕਾਰਨ ਦਾ ਸੰਖੇਪ ਸਾਰ, (ਫਾਰਮ 4 ਏ, ਮ੍ਰਿਤਕ ਵਿਅਕਤੀ ਦੀ ਮੌਤ ਦੇ ਅਸਲ ਸਰਟੀਫਿਕੇਟ, ਜਿਸ ਵਿੱਚ ਮੌਤ ਦੇ ਕਾਰਨ ਕੋਰੋਨਾ ਲਿਖਿਆ ਹੋਵੇ) ਕਾਨੂੰਨੀ ਵਾਰਸਾਂ ਸਬੰਧੀ ਸਰਟੀਫਿਕੇਟ, ਕਲੇਮ ਕਰਤਾ ਦੇ ਬੈਂਕ ਖਾਤੇ ਦਾ ਰੱਦ ਹੋਇਆ ਚੈਕ, ਮ੍ਰਿਤਕ ਵਿਅਕਤੀ ਦੇ ਕਾਨੂੰਨੀ ਵਾਰਸਾ ਦਾ ਇਤਰਾਜਹੀਣ ਸਰਟੀਫਿਕੇਟ (ਜਿੱਥੇ ਕਲੇਮ ਕਰਤਾ ਇੱਕ ਹੋਵੇ) ਦੀ ਲੋੜ ਹੁੰਦੀ ਹੈ ਅਤੇ ਜਿਹੜੇ ਕਿਸੇ ਹਸਪਤਾਲ ਵਿੱਚ ਮੌਤ ਹੋਈ ਹੈ ਉਥੇ ਤੋਂ ਮੌਤ ਦੇ ਕਾਰਨ ਦਾ ਸਰਟੀਫਿਕੇਟ ਲੈਣਾ ਹੁੰਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਜੇਕਰ ਇਸ ਸਾਰੇ ਪ੍ਰਕਿਰਿਆ ਦੌਰਾਨ ਕਿਸੇ ਵੀ ਪੜਾਅ ’ਤੇ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕਰਕੇ ਇਸ ਦੇ ਸਿੱਖਿਅਤ ਵਕੀਲਾਂ ਅਤੇ ਪੈਰਾ ਲੀਗਲ ਵਲੰਟੀਅਰਾਂ ਦੀ ਸਹਾਇਤਾ ਲੈ ਕੇ ਮੁਆਵਜ਼ਾ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਹਰ ਇੱਕ ਪੀੜਤ ਜਿਸ ਦੇ ਕਿਸੇ ਵੀ ਪ੍ਰਵਾਰਿਕ ਮੈਂਬਰ ਦੀ ਮੌਤ ਕੋਰੋਨਾ ਕਾਰਨ ਹੋਈ ਹੈ ਉਸ ਨੂੰ ਇਹ ਮੁਆਵਜਾ ਜ਼ਰੂਰ ਪ੍ਰਾਪਤ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਯੂਕਰੇਨ ਵਿੱਚ ਫਸਿਆ ਧਮਾਈ ਦਾ ਨੌਜਵਾਨ