ਬਰਨਾਲਾ: ਪੰਜਾਬ ਵਿੱਚ ਸਰਕਾਰੀ ਸਕੂਲਾਂ ਵਿੱਚ ਖਾਣਾ ਬਣਾਉਣ ਵਾਲੀਆਂ ਮਿਡ ਡੇ ਮੀਲ ਕੁੱਕ ਵਰਕਰਾਂ ਦਿ ਯੂਨੀਅਨ ਮਿਡ ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ ਸੀਟੂ ਨੇ ਭਦੌੜ ਦੇ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਕਰਨ ਉਪਰੰਤ ਆਪਣੀਆਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕਰਦਿਆਂ ਭਦੌੜ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕੱਢਿਆ। ਇਸ ਮੌਕੇ ਯੂਨੀਅਨ ਦੀ ਸੂਬਾ ਪ੍ਰਧਾਨ ਹਰਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸਾਰਾ ਦਿਨ ਚੁੱਲ੍ਹੇ 'ਤੇ ਖਾਣਾ ਬਣਾਉਣ (Protest by Mid Day Meal Workers in Bhadaur) ਲਈ ਡਿਊਟੀ ਲਗਾਈ ਜਾਂਦੀ ਹੈ, ਪਰ ਉਨ੍ਹਾਂ ਨੂੰ ਸਿਰਫ 3000 ਹਜ਼ਾਰ ਰੁਪਿਆ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ, ਜੋ ਕਿ ਬਹੁਤ ਹੀ ਘੱਟ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜੂਨ ਜੁਲਾਈ ਦੇ ਮਹੀਨਿਆਂ ਵਿੱਚ ਵੀ ਚੁੱਲ੍ਹੇ ਅੱਗੇ ਸਾਰਾ ਦਿਨ ਰਹਿ ਕੇ ਸਾਰੇ ਬੱਚਿਆਂ ਅਤੇ ਟੀਚਰਾਂ ਅਤੇ ਹੋਰ ਕੰਮਾਂ ਲਈ ਗਰਮੀ ਵਿਚ ਵੀ ਚੁੱਲ੍ਹੇ ਅੱਗੇ ਬੈਠਣਾ ਪੈਂਦਾ ਹੈ, ਪਰ ਉਸ ਦੇ ਬਦਲੇ ਉਨ੍ਹਾਂ ਨੂੰ ਨਿਗੂਣੀ ਤਨਖ਼ਾਹ ਦਿੱਤੀ ਜਾਂਦੀ ਹੈ ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਧੋਬੀ ਭੱਤਾ ਜਾਂ ਕਿਸੇ ਹੋਰ ਤਰ੍ਹਾਂ ਦਾ ਭੱਤਾ ਦਿੱਤਾ ਜਾਂਦਾ ਹੈ।
ਇਹ ਹਨ ਮੰਗਾਂ :
- ਕਿਰਤ ਕਾਨੂੰਨਾਂ ਵਿੱਚ ਕੀਤੇ ਮਜਦੂਰ ਵਿਰੋਧੀ ਬਦਲਾਅ ਅਤੇ ਨਵੇਂ ਚਾਰ ਲੇਬਰ ਕੋਡ ਨੂੰ ਰੱਦ ਕੀਤਾ ਜਾਵੇ ਅਤੇ ਇਨ੍ਹਾਂ ਵਿਰੁੱਧ ਅਸੈਂਬਲੀ ਵਿਚ ਮਤਾ ਪਾਸ ਕੀਤਾ ਜਾਵੇ।
- ਮਿਡ ਡੇਅ ਮੀਲ ਵਰਕਰਾਂ ਦੇ ਮਾਣ ਭੱਤੇ ਵਿਚ ਵਾਧਾ ਕੀਤਾ ਜਾਵੇ।
- ਮਿਡ ਡੇ ਮੀਲ ਵਰਕਰਾਂ ਨੂੰ ਚੌਥਾ ਦਰਜਾ ਸਰਕਾਰੀ ਮੁਲਾਜ਼ਮਾਂ ਵਿੱਚ ਮੰਨਿਆ ਜਾਵੇ ਤੇ ਇਹ ਮੰਨੇ ਜਾਣ ਤੱਕ ਉਨ੍ਹਾਂ ਨੂੰ 45ਵੀਂ, 46ਵੀਂ ਕੌਮੀ ਕਿਰਤ ਕਾਨਫਰੰਸ ਦੀਆਂ ਸਿਫਾਰਸ਼ਾਂ ਮੁਤਾਬਕ ਮਜ਼ਦੂਰ ਮੰਨ ਕੇ ਸਾਲ ਦੇ ਸਾਰੇ 12 ਮਹੀਨਿਆਂ ਦੀ ਘੱਟੋ ਘੱਟ ਪ੍ਰਤੀ ਮਹੀਨਾ 26000 ਰੁਪਏ ਤਨਖ਼ਾਹ ਤੇ ਹੋਰ ਸਹੂਲਤਾਂ ਪੱਕੇ ਵਰਕਰਾਂ ਦੇ ਬਰਾਬਰ ਦਿੱਤੀਆਂ ਜਾਣ।
- ਜਦੋਂ ਤੱਕ ਇਹ ਲਾਗੂ ਨਹੀਂ ਹੁੰਦਾ, ਉਦੋਂ ਤਕ ਹਰਿਆਣਾ ਦੇ ਕੁੱਕ ਵਰਕਰਾਂ ਦੇ ਬਰਾਬਰ ਮਾਸਕ 7000 ਰੁਪਏ ਮਾਣ ਭੱਤਾ, ਸਾਲਾਨਾ ਦੋ ਵਰਦੀਆਂ ਤੇ ਬੀਮਾ ਸਮੇਤ ਹੋਰ ਸਹੂਲਤਾਂ ਦਿੱਤੀਆਂ ਜਾਣ।
- ਮਿਡ ਡੇਅ ਮੀਲ ਵਰਕਰਾਂ ਨੂੰ 180 ਦਿਨ ਦੀ ਜਣੇਪਾ ਛੁੱਟੀ ਤਨਖਾਹ ਸਮੇਤ ਦਿੱਤੀ ਜਾਵੇ।
- ਮਿਡ ਡੇ ਮੀਲ ਵਰਕਰਾਂ ਨੂੰ ਸੁਰੱਖਿਆ ਅਤੇ ਜਨ ਸ੍ਰੀ ਬੀਮਾ ਯੋਜਨਾ ਵਿਚ ਕਵਰ ਕੀਤਾ ਜਾਵੇ, ਮਿਡ ਡੇ ਮੀਲ ਵਰਕਰਾਂ ਲਈ ਵੀ ਆਂਗਣਵਾੜੀ ਵਰਕਰਾਂ ਵਾਂਗ ਰਿਟਾਇਰਮੈਂਟ ਦੀ ਉਮਰ 70 ਸਾਲ ਕੀਤੀ ਜਾਵੇ ਰਿਟਾਇਰਡ ਹੋਣ ਤੇ ਦੋ ਲੱਖ ਰੁਪਏ ਦੀ ਗਰੈਚੂਇਟੀ ਦਿੱਤੀ ਜਾਵੇ।
- ਕਿਸੇ ਵੀ ਵਰਕਰ ਦੀ ਕੰਮ ਸਮੇਂ ਮੌਤ ਹੋ ਜਾਣ 'ਤੇ ਪੰਜ ਲੱਖ ਰੁਪਏ ਅਤੇ ਜ਼ਖ਼ਮੀ ਹੋਣ ਤੇ ਇੱਕ ਲੱਖ ਰੁਪਏ ਦਿੱਤਾ ਜਾਵੇ।
- ਸਾਰੇ ਵਰਕਰਾਂ ਨੂੰ ਨਿਯੁਕਤੀ ਪੱਤਰ ਤੇ ਪਛਾਣ ਪੱਤਰ ਜਾਰੀ ਕੀਤੇ ਜਾਣ।
- ਮਿਡ ਡੇਅ ਮੀਲ ਸਕੀਮ ਲਈ ਸਾਰੇ ਦੇਸ਼ ਅੰਦਰ ਇਕ ਤਰ੍ਹਾਂ ਦੀਆਂ ਸੇਵਾ ਸ਼ਰਤਾਂ ਲਾਗੂ ਕੀਤੀਆਂ ਜਾਣ।
- ਮੌਜੂਦਾ ਸਮੇਂ ਲਈ ਕੰਮ ਕਰਦੇ ਕਿਸੇ ਵੀ ਮਿੱਡ ਡੇ ਮੀਲ ਵਰਕਰ ਨੂੰ ਹਟਾਇਆ ਨਾ ਜਾਵੇ ਅਤੇ ਹਟਾਏ ਗਏ ਵਰਕਰਾਂ ਨੂੰ ਬਹਾਲ ਕੀਤਾ ਜਾਵੇ ਆਂਗਣਵਾੜੀ ਚੋਂ ਆਏ ਪ੍ਰੀ ਨਰਸਰੀ ਬੱਚਿਆਂ ਦੇ ਵਾਧੇ ਕਾਰਨ ਉਨ੍ਹਾਂ ਲਈ ਹੋਰ ਕੁੱਕ ਵਰਕਰਾਂ ਅਤੇ ਮਿਡ ਡੇਅ ਮੀਲ ਰਾਸ਼ਨ ਵਿੱਚ ਵਾਧਾ ਕੀਤਾ ਜਾਵੇ।
- ਮਿਡ ਡੇ ਮੀਲ ਸਕੀਮ ਲਈ ਬਜਟ ਵਿਚ ਕਟੌਤੀਆਂ ਕਰਨੀਆਂ ਬੰਦ ਕਰ ਕੇ ਇਸ ਦੇ ਬਜਟ ਵਿੱਚ ਵਾਧਾ ਕੀਤਾ ਜਾਵੇ।
- ਮਿਡ ਡੇ ਮੀਲ ਸਕੀਮ ਦਾ ਕਿਸੇ ਵੀ ਤਰ੍ਹਾਂ ਨਿੱਜੀਕਰਨ ਕਰਨਾ ਗ਼ੈਰ ਸਰਕਾਰੀ ਸੰਗਠਨਾਂ ਦੇ ਹਵਾਲੇ ਕਰਨਾ ਤੁਰੰਤ ਬੰਦ ਕੀਤਾ ਜਾਵੇ।
- ਮਿਡ ਡੇ ਮੀਲ ਸਕੀਮ ਵਿੱਚ ਨੌ ਤੋਂ ਬਾਰਾਂ ਜਮਾਤ ਤੱਕ ਦੇ ਸਕੂਲੀ ਬੱਚਿਆਂ ਨੂੰ ਵੀ ਸ਼ਾਮਲ ਕੀਤਾ ਜਾਵੇ ਅਤੇ ਸਾਰੇ ਸਕੂਲਾਂ ਦਾ ਇਸ ਦਾ ਵਿਸਥਾਰ ਕੀਤਾ ਜਾਵੇ।
- ਹਰ ਸਕੂਲ ਵਿਚ ਘੱਟੋ ਘੱਟ ਦੋ ਕੁੱਕ ਵਰਕਰ ਨਿਯੁਕਤ ਕੀਤੇ ਜਾਣ ਭਾਂਡਿਆਂ ਦੀ ਸਫਾਈ ਆਦਿ ਲਈ ਵੱਖਰੇ ਵਰਕਰ ਭਰਤੀ ਕੀਤੇ ਜਾਣ।
ਸੋ, ਉਪਰੋਕਤ ਮੰਗਾਂ ਨੂੰ ਲੈ ਕੇ ਅੱਜ ਉਹ ਰੋਸ ਮਾਰਚ ਕਰ ਰਹੇ ਹਨ ਅਤੇ ਐਮਐਲਏ ਹਲਕਾ ਭਦੌੜ ਲਾਭ ਸਿੰਘ ਉਗੋਕੇ ਦੇ ਨਾਮ 'ਤੇ ਮੰਗ ਪੱਤਰ ਦੇ ਰਹੇ ਹਨ ਅਤੇ ਇਸ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਪੰਜਾਬ ਦੀ ਸਰਕਾਰ ਬਣਨ ਸਮੇਂ ਬਣੇ ਸਿੱਖਿਆ ਮੰਤਰੀ ਸ੍ਰੀ ਮੀਤ ਹੇਅਰ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਦੇ ਭਰੋਸੇ ਵਜੋਂ ਉਨ੍ਹਾਂ ਨੇ ਸਾਨੂੰ ਇਹ ਕਿਹਾ ਸੀ ਕਿ ਜਲਦ ਹੀ ਉਨ੍ਹਾਂ ਦੀ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਰਵਾ ਕੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਵਾਉਣਗੇ, ਪਰ ਅੱਜ ਤੱਕ ਇਸ ਸਬੰਧੀ ਕੋਈ ਵੀ ਮੰਤਰੀ ਜਾਂ ਐਮਐਲਏ ਨੇ ਕੁਝ ਵੀ ਨਹੀਂ ਕੀਤਾ।
ਵਿਧਾਇਕ ਉਗੋਕੇ ਨਾਲ ਰੋਸ: ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਮੇਂ ਸਮੇਂ ਦੀਆਂ ਸਰਕਾਰਾਂ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤੇ ਗਏ ਹਨ, ਪਰ ਅਜੇ ਤਕ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਉਨ੍ਹਾਂ ਨੇ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਤਾਂ ਆਮ ਆਦਮੀ ਪਾਰਟੀ ਲਈ ਘਰ ਘਰ ਫਿਰ ਕੇ ਪ੍ਰਚਾਰ ਕੀਤਾ ਸੀ, ਪਰ ਅੱਜ ਜਦੋਂ ਉਨ੍ਹਾਂ ਨੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਮੰਗ ਪੱਤਰ ਦੇਣ ਸਬੰਧੀ ਭਦੌੜ ਬੁਲਾਇਆ, ਤਾਂ ਉਨ੍ਹਾਂ ਨੇ ਅੱਜ ਮੰਗ ਪੱਤਰ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੇ ਤਪਾ ਵਿਖੇ ਦਫ਼ਤਰ ਵਿੱਚ ਜਾ ਕੇ ਮੰਗ ਪੱਤਰ ਦੇ ਆਓ।
ਇਸ 'ਤੇ ਉਨ੍ਹਾਂ ਵੱਲੋਂ ਸਖ਼ਤ ਪ੍ਰਤੀਕਰਮ ਲੈਂਦਿਆਂ ਲਾਭ ਸਿੰਘ ਉਗੋਕੇ ਨੂੰ ਇਹ ਕਹਿ ਦਿੱਤਾ ਕਿ ਜਦੋਂ ਤੁਸੀਂ ਐਮਐਲਏ ਭਦੌੜ ਦੇ ਹੋ ਅਤੇ ਵੋਟਾਂ ਵੀ ਭਦੌੜ ਦੇ ਨਾਮ 'ਤੇ ਤੁਹਾਨੂੰ ਪਈਆਂ ਹਨ, ਤਾਂ ਭਦੌੜ ਆ ਕੇ ਮੰਗ ਪੱਤਰ ਕਿਉਂ ਨਹੀਂ ਲੈ ਸਕਦੇ, ਜਿਸ ਉੱਤੇ ਵਿਧਾਇਕ ਨੇ ਕਿਹਾ ਕਿ ਫਿਲਹਾਲ ਮੈਂ ਗੁਜਰਾਤ ਚੋਣਾਂ ਦੇ ਸੰਬੰਧ ਵਿਚ ਆਇਆ ਹੋਇਆ ਹਾਂ ਅਤੇ ਸਾਡੇ ਆਮ ਆਦਮੀ ਪਾਰਟੀ ਦੇ ਆਗੂ ਨੂੰ ਤੁਹਾਡੇ ਕੋਲ ਭੇਜਦਾ ਹਾਂ ਜੋ ਤੁਹਾਡੇ ਤੋਂ ਮੰਗ ਪੱਤਰ ਲੈ ਜਾਵੇਗਾ।
ਮਿਲਿਆ ਮੰਗਾਂ ਪੂਰੀਆਂ ਕੀਤੇ ਜਾਣ ਦਾ ਭਰੋਸਾ: ਆਪਣੀਆਂ ਮੰਗਾਂ ਸੰਬੰਧੀ ਆਪਣੇ ਸਾਥੀਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੀਤਾ ਗਿਆ ਜਿਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਤਰਲੋਚਨ ਸਿੰਘ ਜੱਗਾ ਨੇ ਉਨ੍ਹਾਂ ਤੋਂ ਆ ਕੇ ਮੰਗ ਪੱਤਰ ਲੈ ਲਿਆ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਹ ਮੰਗ ਪੱਤਰ ਮਾਣਯੋਗ ਐਮਐਲਏ ਕੋਲ ਪਹੁੰਚਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਮੰਗਾਂ ਮੰਨਣ ਸਬੰਧੀ ਵੀ ਉਨ੍ਹਾਂ ਨੂੰ ਕਿਹਾ ਜਾਵੇਗਾ। ਇਸ ਤੋਂ ਬਾਅਦ ਮਿਡ ਡੇ ਮੀਲ ਵਰਕਰਜ਼ ਦੀਆਂ ਮੈਂਬਰ ਅਤੇ ਅਹੁਦੇਦਾਰਾਂ ਨੇ ਆਪਣਾ ਮਾਰਚ ਬੰਦ ਕਰ ਦਿੱਤਾ ਅਤੇ ਕਿਹਾ ਕਿ ਜੇਕਰ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਇਸ ਤੋਂ ਵੀ ਤਿੱਖਾ ਸੰਘਰਸ਼ ਕਰਨਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਇਸ ਸਮੇਂ ਮੰਗ ਪੱਤਰ ਲੈਣ ਆਏ ਆਮ ਆਦਮੀ ਪਾਰਟੀ ਦੇ ਆਗੂ ਤਰਲੋਚਨ ਸਿੰਘ ਜੱਗਾ ਨੇ ਕਿਹਾ ਕਿ ਉਨ੍ਹਾਂ ਨੂੰ ਹਲਕਾ ਭਦੌੜ ਵਿਧਾਇਕ ਲਾਭ ਸਿੰਘ ਉਗੋਕੇ ਨੇ ਫੋਨ ਕਰ ਕੇ ਮੰਗ ਪੱਤਰ ਲੈਣ ਲਈ ਕਿਹਾ ਸੀ, ਕਿਉਂਕਿ ਐੱਮਐੱ ਏ ਸਾਹਿਬ ਖ਼ੁਦ ਦੋ ਰਾਜਾਂ ਵਿੱਚ ਵੋਟਾਂ ਹੋਣ ਕਾਰਨ ਬਾਹਰ ਹਨ ਅਤੇ ਮੇਰੇ ਵੱਲੋਂ ਅੱਜ ਇਹ ਮਿਡ ਡੇ ਮੀਲ ਵਰਕਰਜ਼ ਯੂਨੀਅਨ ਵੱਲੋਂ ਮੰਗ ਪੱਤਰ ਲਿਆ ਗਿਆ ਹੈ, ਜੋ ਕਿ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਭੇਜ ਦਿੱਤਾ ਜਾਵੇਗਾ ਅਤੇ ਇਸ ਇਸ ਯੂਨੀਅਨ ਦੀਆਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਨਿੱਜੀ ਤੌਰ 'ਤੇ ਵੀ ਕਿਹਾ ਜਾਵੇਗਾ।
ਇਹ ਵੀ ਪੜ੍ਹੋ: ਸਟੇਜ ਤੋਂ ਬੋਲੇ ਆਪ ਵਿਧਾਇਕ ਸੇਖੋਂ, ਕਿਹਾ- ਚੋਣਾਂ ਵਿੱਚ ਰੁਝੇ ਹੋਣ ਕਾਰਨ ਮੁੱਖ ਮੰਤਰੀ ਮਾਨ ਪੰਜਾਬ ਨੂੰ ਨਹੀਂ ਦੇ ਪਾ ਰਹੇ ਸਮਾਂ