ਬਰਨਾਲਾ: ਪਿੰਡ ਬੀਹਲਾ ਖ਼ੁਰਦ ਵਿੱਚ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਪਰੇਸ਼ਾਨ ਹੋਏ ਵਿਅਕਤੀ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਥਾਣਾ ਟੱਲੇਵਾਲ ਦੀ ਪੁਲਿਸ ਨੇ ਪਿੰਡ ਦੇ ਹੀ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ, ਪਰ ਮ੍ਰਿਤਕ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਥਾਣਾ ਟੱਲੇਵਾਲ ਅੱਗੇ ਬਰਨਾਲਾ ਮੋਗਾ ਮੁੱਖ ਮਾਰਗ 'ਤੇ ਰੱਖ ਕੇ ਧਰਨਾ ਲਗਾਇਆ।
ਮ੍ਰਿਤਕ ਦੇ ਪੁੱਤਰ ਅਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਹੀ ਰਹਿਣ ਵਾਲੇ ਹਰਜਿੰਦਰ ਸਿੰਘ ਪੁੱਤਰ ਜ਼ੋਰਾ ਸਿੰਘ ਅਤੇ ਪਰਮ ਰਾਜ ਸਿੰਘ ਪੁੱਤਰ ਹਰਜਿੰਦਰ ਸਿੰਘ ਦੋਨੋਂ ਬਾਪ ਬੇਟੇ ਨਾਲ ਉਨ੍ਹਾਂ ਦੇ ਭਰਾ ਦੀ ਉੱਠਣੀ ਬੈਠਣੀ ਸੀ। ਉਸ ਦਾ ਭਰਾ ਸੁਖਪਾਲ ਜਦ ਦੁਬਈ ਚਲਾ ਗਿਆ ਤਾਂ, ਉਕਤ ਦੋਹਾਂ ਨੇ ਸਾਡੇ ਬਾਪੂ ਅਤੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਕਿ ਅਸੀਂ ਤੁਹਾਡੇ ਮੁੰਡੇ ਤੋਂ ਨੌਂ ਲੱਖ ਰੁਪਿਆ ਲੈਣਾ ਹੈ। ਇਸ 'ਤੇ ਪਰਿਵਾਰ ਨੇ ਕਿਹਾ ਕਿ ਸਾਨੂੰ ਇਸ ਬਾਰੇ ਕੁਝ ਪਤਾ ਨਹੀਂ ਅਤੇ ਜੇਕਰ ਕੋਈ ਪੈਸੇ ਲੈਣ ਦੇਣ ਦੀ ਲਿਖਤ ਹੈ, ਤਾਂ ਦਿਖਾ ਦਿਓ ਜਿਸ ਤੋਂ ਬਾਅਦ ਦੋਵਾਂ ਪਿਓ ਪੁੱਤਾਂ ਵਲੋ ਉਨ੍ਹਾਂ ਨੂੰ ਘਰ ਆ ਕੇ ਅਤੇ ਥਾਣੇ ਸ਼ਿਕਾਇਤ ਕਰ ਕੇ ਵਾਰ ਵਾਰ ਧਮਕਾਇਆ ਜਾ ਰਿਹਾ ਸੀ। ਇਸ ਨੂੰ ਸਹਿਣ ਨਾ ਕਰਦੇ ਹੋਏ ਉਸ ਦੇ ਬਾਪ ਨੇ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ।
ਮ੍ਰਿਤਕ ਚਮਕੌਰ ਸਿੰਘ ਦੇ ਸਾਲੇ ਦੇ ਲੜਕੇ ਨੇ ਦੱਸਿਆ ਕਿ ਪਿੰਡ ਦੇ ਜੋ ਦੋਨੋਂ ਪਿਓ ਪੁੱਤ ਉਸ ਦੇ ਫੁੱਫੜ ਨੂੰ ਪੈਸੇ ਲੈਣ ਲਈ ਧਮਕੀਆਂ ਦਿੰਦੇ ਸਨ। ਉਨ੍ਹਾਂ ਤੋਂ ਵਾਰ ਵਾਰ ਸਬੂਤ ਮੰਗਣ 'ਤੇ ਵੀ ਕੋਈ ਵੀ ਸਬੂਤ ਨਹੀਂ ਦਿੱਤਾ ਅਤੇ ਨਾ ਹੀ ਇਸ ਦਾ ਉਨ੍ਹਾਂ ਕੋਲ ਕੋਈ ਸਬੂਤ ਹੈ ਸਗੋਂ ਦੋਨੋਂ ਪਿਓ ਪੁੱਤ ਉਸ ਦੇ ਫੁੱਫੜ ਨੂੰ ਕੁਝ ਖਾ ਕੇ ਮਰਨ ਦੀਆਂ ਧਮਕੀਆਂ ਵੀ ਦਿੰਦੇ ਸਨ। ਉਨ੍ਹਾਂ ਅੱਗੇ ਕਿਹਾ ਕਿ ਦੋ ਦਿਨ ਤੋਂ ਪੁਲਿਸ ਨੇ ਐਫਆਈਆਰ ਦਰਜ ਕਰਨ ਤੋਂ ਸਿਵਾਏ ਕੁਝ ਨਹੀਂ ਕੀਤਾ। ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਵੇਗਾ ਜਦੋਂ ਤੱਕ ਪੁਲਿਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਲੈਂਦੀ।
ਥਾਣਾ ਟੱਲੇਵਾਲ ਤੋਂ ਐਸਐਚਓ ਅਮਨਦੀਪ ਕੌਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਮ੍ਰਿਤਕ ਚਮਕੌਰ ਸਿੰਘ ਦੀ ਪਤਨੀ ਸਵਰਨ ਕੌਰ ਦੇ ਬਿਆਨਾਂ ਦੇ ਆਧਾਰ ਉੱਤੇ ਦੋ ਵਿਅਕਤੀਆਂ ਹਰਜਿੰਦਰ ਸਿੰਘ ਅਤੇ ਪਰਮਰਾਜ ਦੋਨੋਂ ਵਾਸੀਅਨ ਬੀਹਲਾ ਖੁਰਦ 'ਤੇ ਮੁੱਕਮਦਾਂ ਦਰਜ ਕਰ ਲਿਆ ਗਿਆ ਹੈ ਤੇ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਪਟਿਆਲਾ ਤੋਂ ਕੋਰੋਨਾ ਵਾਇਰਸ ਦੇ 4 ਨਵੇਂ ਮਾਮਲੇ ਆਏ ਸਾਹਮਣੇ