ਬਰਨਾਲਾ: ਫਾਸਟੈਗ ਸੇਵਾ ਹੁਣ ਲੋਕਾਂ ਲਈ ਮੁਸੀਬਤ ਬਣਦੀ ਨਜ਼ਰ ਆ ਰਹੀ ਹੈ। ਘਰ 'ਚ ਖੜੀ ਗੱਡੀ ਦਾ ਟੋਲ ਟੈਕਸ ਬਠਿੰਡਾ ਚੰਡੀਗੜ ਨੈਸ਼ਨਲ ਹਾਈਵੇ ਨੰਬਰ 7 'ਤੇ ਸਥਿਤ ਬਡਬਰ ਟੋਲ ਪਲਾਜ਼ 'ਤੇ ਕੱਟ ਲਿਆ ਗਿਆ ਅਤੇ ਸ਼ਿਕਾਇਤ ਕਰਨ 'ਤੇ ਵੀ ਕੋਈ ਕਾਰਵਾਈ ਨਹੀਂ ਹੋਈ ਹੈ। ਜਿਸਨੂੰ ਲੈ ਕੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਸਰਕਾਰੀ ਅਧਿਆਪਕ ਹਰਿੰਦਰ ਕੁਮਾਰ ਨੇ ਦੱਸਿਆ ਕਿ 27 ਨਵੰਬਰ ਨੂੰ ਉਹ ਸੰਗਰੂਰ ਜਾ ਰਹੇ ਸਨ ਤਾਂ ਇਸੇ ਦੌਰਾਨ ਉਨ੍ਹਾਂ ਨੇ ਚੰਡੀਗਡ ਬਠਿੰਡਾ ਨੈਸ਼ਨਲ ਹਾਈਵੇ 'ਤੇ ਸਥਿਤ ਬਡਬਰ ਟੋਲ ਪਲਾਜ਼ਾ ਤੋਂ ਫਾਸਟੈਗ ਪੇਟੀਐਮ ਦੇ ਰਾਹੀਂ ਖਰੀਦਿਆ। ਪਰ ਇਹ ਫਾਸਟੈਗ ਉਨ੍ਹਾਂ ਦੀ ਲੁੱਟ ਦਾ ਜ਼ਰੀਆ ਬਣ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ 27 ਨਵੰਬਰ ਨੂੰ ਫਾਸਟੈਗ ਖ਼ਰੀਦਣ ਦੇ ਬਾਅਦ ਉਹ ਸੰਗਰੂਰ ਗਏ ਅਤੇ ਫਾਸਟੈਗ ਤੋਂ ਉਨ੍ਹਾਂ ਦੇ ਖ਼ਾਤੇ 'ਚ 85 ਰੁਪਏ ਕੱਟ ਲਏ ਗਏ।
ਉਹ ਉਸੇ ਦਿਨ ਸੰਗਰੂਰ ਤੋਂ ਵਾਪਸ ਆਏ ਅਤੇ ਫ਼ਿਰ ਤੋਂ ਉਨ੍ਹਾਂ ਦੇ ਖ਼ਾਤੇ 'ਚੋਂ 85 ਰੁਪਏ ਕੱਟ ਲਏ ਗਏ। ਇਸ ਤਰ੍ਹਾਂ ਇੱਕ ਦਿਨ ਉਨ੍ਹਾਂ ਦੇ ਆਉਣ ਜਾਣ 'ਤੇ 170 ਰੁਪਏ ਕੱਟ ਲਏ ਗਏ। ਜਦੋਂਕਿ ਇੱਕ ਦਿਨ ਦਾ ਟੋਲ 125 ਰੁਪਏ ਬਣਦਾ ਹੈ, ਜਿਸਦੀ ਸ਼ਿਕਾਇਤ ਕਰਨ ਦੇ ਲਈ ਉਨ੍ਹਾਂ ਨੇ ਐਨਐਚਏਆਈ ਦੇ ਕਸਟਮਰ ਕੇਅਰ ਨੰਬਰ 'ਤੇ ਫ਼ੋਨ ਲਗਾਇਆ। ਪਰ ਕਸਟਮਰ ਕੇਅਰ 'ਤੇ ਕਿਸੇ ਨੇ ਫ਼ੋਨ ਨਹੀਂ ਉਠਾਇਆ, ਜਿਸ ਦੇ ਬਾਅਦ ਉਨ੍ਹਾਂ ਇੱਕ ਹੋਰ ਹੈਲਪਲਾਈਨ ਨੰਬਰ 'ਤੇ ਇਸਦੀ ਸ਼ਿਕਾਇਤ ਦਰਜ ਕਰਵਾਈ। ਜਿਸ ਦਾ ਕੋਈ ਵੀ ਨਿਪਟਾਰਾ ਨਹੀਂ ਹੋਇਆ।
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ 30 ਨਵੰਬਰ ਨੂੰ ਸ਼ਾਮ ਨੂੰ ਲਗਭਗ 5.30 ਵਜੇ ਉਸ ਨੂੰ ਇੱਕ ਹੋਰ ਮੈਸੇਜ ਆਇਆ ਕਿ ਉਨ੍ਹਾਂ ਦੀ ਗੱਡੀ ਬਡਬਰ ਟੋਲ ਪਲਾਜ਼ੇ ਤੋਂ ਕਰਾਸ ਹੋਈ ਹੈ। ਇਸ ਲਈ ਉਸ ਦੇ ਖ਼ਾਤੇ ਵਿੱਚੋਂ 85 ਰੁਪਏ ਹੋ ਕੱਟ ਲਏ ਗਏ। ਜਦੋਂਕਿ ਉਸ ਦਿਨ ਉਨ੍ਹਾਂ ਦੀ ਗੱਡੀ ਸਾਰਾ ਦਿਨ ਘਰ 'ਚ ਹੀ ਖੜੀ ਸੀ। ਜਿਸਦੀ ਸ਼ਿਕਾਇਤ ਕਰਨ ਦੇ ਲਈ ਉਹ ਕਈ ਦਿਨ ਤੋਂ ਯਤਨ ਕਰ ਰਹੇ ਹਨ, ਪ੍ਰੰਤੂ ਇਸ ਦੀ ਕੋਈ ਸ਼ਿਕਾਇਤ ਦੇ ਲਈ ਐਨਐਚਏਆਈ ਨੇ ਟੋਲ ਪਲਾਜ਼ਾ ਜਾਂ ਜ਼ਿਲ੍ਹੇ 'ਚ ਕੋਈ ਵੀ ਅਧਿਕਾਰੀ ਤੈਨਾਨ ਨਹੀਂ ਕੀਤਾ ਹੈ।
ਇਸ ਸਬੰਧੀ ਉਨ੍ਹਾਂ ਨੇ ਪੇਟੀਐਮ ਦੇ ਟੋਲ ਫ਼੍ਰੀ ਨੰਬਰ 'ਤੇ ਵੀ ਸ਼ਿਕਾਇਤ ਦਰਜ਼ ਕਰਵਾਈ, ਪ੍ਰੰਤੂ ਉਨ੍ਹਾਂ ਇਸ ਮਾਮਲੇ ਤੋਂ ਪੱਲਾ ਝਾੜਦਿਆਂ ਕਿਹਾ ਕਿ ਉਹ ਇਸ ਮਾਮਲੇ 'ਤੇ ਕੁੱਝ ਨਹੀਂ ਕਰ ਸਕਦੇ। ਉਨ੍ਹਾਂ ਨੇ ਦੱਸਿਆ ਕਿ ਉਹ ਪੜੇ ਲਿਖ਼ੇ ਹਨ ਅਤੇ ਇੱਕ ਸਰਕਾਰੀ ਅਧਿਆਪਕ ਹਨ। ਜਦੋਂ ਉਨ੍ਹਾਂ ਦੀ ਇਸ ਤਰ੍ਹਾਂ ਲੁੱਟ ਹੋ ਰਹੀ ਹੈ ਤਾਂ ਆਮ ਆਦਮੀ ਜੋ ਲੋਕ ਅਨਪੜ ਹਨ, ਜਿਨ੍ਹਾਂ ਨੂੰ ਈ-ਵਾਲੇਟ, ਡਿਜ਼ੀਟਲ ਪੇਮੈਂਟ ਬਾਰੇ ਪਤਾ ਵੀ ਨਹੀਂ ਹੈ, ਉਨ੍ਹਾਂ ਦਾ ਕੀ ਹੋਵੇਗਾ? ਉਨ੍ਹਾਂ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਉਹ ਪਹਿਲਾਂ ਬਠਿੰਡਾ ਦੇ ਨਜ਼ਦੀਕ ਸਥਿਤ ਟੋਲ ਪਲਾਜ਼ੇ ਤੋਂ ਨਿਕਲੇ ਤਾਂ ਉਨ੍ਹਾਂ ਦਾ ਟੋਲ ਟੈਕਸ ਸਹੀ ਕੱਟਿਆ, ਪ੍ਰੰਤੂ ਬਡਬਰ ਟੋਲ ਪਲਾਜ਼ੇ 'ਤੇ ਉਨ੍ਹਾਂ ਨਾਲ ਦੋ ਵਾਰ ਠੱਗੀ ਹੋ ਚੁੱਕੀ ਹੈ। ਹੋ ਸਕਦਾ ਹੈ ਕਿ ਬਡਬਰ ਟੋਲ ਪਲਾਜ਼ੇ ਤੋਂ ਖ਼ਰੀਦਿਆ ਉਨ੍ਹਾਂ ਦਾ ਫਾਸਟੈਗ ਦਾ ਕਿਸੇ ਨੇ ਕਲੋਨ ਬਣਾ ਕੇ ਉਸਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ ਹੋਵੇ।
ਇਸ ਮਾਮਲੇ ਸਬੰਧੀ ਬਲਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਫਾਸਟੈਗ ਦੇ ਨਾਮ 'ਤੇ ਆਮ ਜਨਤਾ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਟੋਲ ਟੈਕਸ 'ਤੇ ਸ਼ਰੇਆਮ ਗੁੰਡਾਗਰਦੀ ਹੁੰਦੀ ਹੈ। ਟੋਲ ਪਲਾਜ਼ਾ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਡਰਾਉਣ ਲਈ ਬਾਊਂਸਰ ਵੀ ਰੱਖੇ ਹੋਏ ਹਨ ਅਤੇ ਜ਼ਿਲ੍ਹਾਂ ਪ੍ਰਸ਼ਾਸ਼ਨ ਦਾ ਕੋਈ ਵੀ ਅਧਿਕਾਰੀ ਟੋਲ ਪਲਾਜ਼ਾ 'ਤੇ ਇਸ ਦੀ ਸ਼ਿਕਾਇਤ ਕਰਨ ਲਈ ਤੈਨਾਤ ਨਹੀਂ ਕੀਤਾ ਗਿਆ।
ਇਸ ਪੂਰੇ ਮਾਮਲੇ 'ਤੇ ਟੋਲ ਪਲਾਜ਼ਾ ਦੇ ਅਧਿਕਾਰੀ ਰਜਨੀਕਾਂਤ ਸਿਨਹਾ ਪੱਲਾ ਝਾੜਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਅਜੇ ਇੱਕ ਦਿਨ ਪਹਿਲਾਂ ਹੀ ਇਸ ਟੋਲ ਪਲਾਜ਼ਾ ਦਾ ਚਾਰਜ ਲਿਆ ਹੈ ਅਤੇ ਇਸ ਤੋਂ ਪਹਿਲਾਂ ਕੋਈ ਹੋਰ ਕੰਪਨੀ ਸੀ, ਜੋ ਟੋਲ ਪਲਾਜ਼ਾ ਦਾ ਸੰਚਾਲਨ ਕਰਦੀ ਸੀ। ਇਹ ਟੈਕਨੀਕਲ ਖ਼ਰਾਬੀ ਦੇ ਕਾਰਨ ਹੋਇਆ ਹੋ ਸਕਦਾ ਹੈ। ਪੀੜਤ ਵਲੋਂ ਸਿਕਾਇਤ ਨਾ ਸੁਨਣ ਅਤੇ ਫ਼ੋਨ ਨਾ ਉਠਾਉਣ ਦੇ ਸਵਾਲ ਦੇ ਜਵਾਬ 'ਚ ਉਨ੍ਹਾਂ ਗੋਲਮਾਲ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਬਡਬਰ ਟੋਲ ਪਲਾਜ਼ਾ 'ਤੇ ਸਥਿਤ ਫ਼ੋਨ ਚੱਲ ਰਿਹਾ ਹੈ। ਉਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਜਾਂਚ ਕਰਕੇ ਪੀੜਤ ਦੇ ਵੱਧ ਕੱਟੇ ਗਏ ਪੈਸੇ ਵਾਪਸ ਕਰਵਾਉਣ ਦਾ ਭਰੋਸਾ ਦਿੱਤਾ।
ਉੱਥੇ ਹੀ ਇਸ ਸਬੰਧੀ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫ਼ੂਲਕਾ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ। ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਕੋਈ ਟੈਕਨੀਕਲ ਖ਼ਰਾਬੀ ਦੇ ਕਾਰਨ ਪੀੜਤ ਦੇ ਵੱਧ ਪੈਸੇ ਕੱਟੇ ਗਏ ਹੋਣ। ਇਸ ਸਬੰਧੀ ਐਨਐਚਏਆਈ ਦੇ ਅਧਿਕਾਰੀਆਂ ਨਾਲ ਗੱਲ ਕਰਾਂਗੇ ਅਤੇ ਬਡਬਰ ਟੋਲ ਪਲਾਜ਼ਾ 'ਚ ਸ਼ਿਕਾਇਤ ਸੈਂਟਰ ਵੀ ਬਣਾਉਣ ਲਈ ਕਹਿਣਗੇ।