ਬਰਨਾਲਾ: ਕੋਰੋਨਾ ਮਹਾਂਮਾਰੀ ਦੇ ਬਾਵਜੂਦ ਲੋਕਾਂ ਅੰਦਰ ਤਿਉਹਾਰਾਂ ਨੂੰ ਲੈ ਕੇ ਪੂਰਾ ਉਤਸਾਹ ਹੈ। ਦੀਵਾਲੀ ਤੋਂ ਦੋ ਦਿਨ ਪਹਿਲਾਂ ਧਨਤੇਰਸ ਵਾਲੇ ਦਿਨ ਬਰਨਾਲਾ ਦੇ ਬਜ਼ਾਰਾਂ 'ਚ ਲੋਕ ਖਰੀਦਦਾਰੀ ਕਰਦੇ ਨਜ਼ਰ ਆਏ। ਭਾਂਡਿਆਂ ਅਤੇ ਗਹਿਣਿਆਂ ਦੀਆਂ ਦੁਕਾਨਾਂ 'ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਖਰੀਦਦਾਰੀ ਕੀਤੀ।
ਇਸ ਮੌਕੇ ਖਰੀਦਦਾਰੀ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਦੀਵਾਲੀ ਤੋਂ ਦੋ ਦਿਨ ਪਹਿਲਾਂ ਧਨਤੇਰਸ ਦਾ ਤਿਉਹਾਰ ਆਉਂਦਾ ਹੈ, ਇਸ ਦਿਨ ਖਰੀਦਦਾਰੀ ਕਰਨ ਨੂੰ ਚੰਗਾ ਮੰਨਿਆ ਜਾਂਦਾ ਹੈ, ਜਿਸ ਕਰਕੇ ਉਨ੍ਹਾਂ ਵੱਲੋਂ ਨਵੇਂ ਬਰਤਨਾਂ ਅਤੇ ਗਹਿਣਿਆਂ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ। ਭਾਂਡਿਆਂ ਤੋਂ ਇਲਾਵਾ ਲੋਕ ਸੋਨੇ ਚਾਂਦੀ ਦੇ ਗਹਿਣੀਆਂ ਦੀ ਵੀ ਖਰੀਦ ਕਰਦੇ ਹਨ।
ਪੰਜਾਬ ਵਿੱਚ ਸਰਦੀਆਂ ਦਾ ਸੀਜ਼ਨ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਵੀ ਮੰਨਿਆ ਜਾਂਦਾ ਹੈ, ਜਿਸ ਲਈ ਤਿਆਰੀਆਂ ਤਿਉਹਾਰਾਂ ਦੌਰਾਨ ਹੀ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਧਨਤੇਰਸ ਵਾਲੇ ਦਿਨ ਗਹਿਣੇ ਖਰੀਦਣ ਦੀ ਸ਼ੁਰੂਆਤ ਕਰਨਾ ਚੰਗਾ ਸ਼ਗਨ ਮੰਨਿਆ ਜਾਂਦਾ ਹੈ।
ਉਧਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਕੋਰੋਨਾ ਵਾਇਰਸ ਕਾਰਨ ਪਿਛਲੇ ਸਾਲਾਂ ਦੇ ਮੁਕਾਬਲੇ ਗਾਹਕਾਂ ਦੀ ਗਿਣਤੀ ਘੱਟ ਹੈ, ਪਰ ਫਿਰ ਵੀ ਜੋ ਗਾਹਕ ਪਹੁੰਚ ਰਹੇ ਹਨ ਉਨ੍ਹਾਂ ਵਿੱਚ ਕਾਫ਼ੀ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਕਾਰਨ ਪਿੰਡਾਂ ਵਿਚੋਂ ਗਾਹਕ ਘੱਟ ਗਿਣਤੀ ਵਿਚ ਪਹੁੰਚ ਰਹੇ ਹਨ।
ਭਾਵੇਂ ਮਹਾਂਮਾਰੀ ਕਾਰਨ ਪਿਛਲੀ ਵਾਰ ਨਾਲੋਂ ਘੱਟ ਲੋਕ ਧਨਤੇਰਸ ਮੌਕੇ ਖਰੀਦਦਾਰੀ ਕਰਨ ਨਿਕਲੇ ਹਨ, ਪਰ ਫਿਰ ਵੀ ਸੋਨੇ ਅਤੇ ਚਾਂਦੀ ਦੇ ਸਿੱਕੇ ਖਰੀਦਣ ਦੇ ਗਾਹਕ ਵੱਧ ਹਨ।