ਬਰਨਾਲਾ: ਜ਼ਿਲ੍ਹੇ ਅਤੇ ਸ਼ਹਿਰ ਵਿੱਚ ਆਵਾਰਾ ਪਸ਼ੂ ਵੱਡੀ ਸਮੱਸਿਆ ਬਣ ਚੁੱਕੇ ਹਨ। ਰੋਜ਼ਾਨਾ ਇਹਨਾਂ ਆਵਾਰਾ ਪਸ਼ੂਆਂ ਕਾਰਨ ਸੜਕਾਂ ਉਪਰ ਵੱਡੇ ਸੜਕ ਹਾਦਸੇ ਵਾਪਰ ਰਹੇ ਹਨ। ਜਿਸ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਪਰ ਇਸਦੇ ਬਾਵਜੂਦ ਸਰਕਾਰ ਅਤੇ ਬਰਨਾਲਾ ਜ਼ਿਲ੍ਹੇ ਦਾ ਪ੍ਰਸ਼ਾਸ਼ਨ ਇਸ ਸਮੱਸਿਆ ਵੱਲ ਧਿਆਨ ਹੀ ਨਹੀਂ ਦੇ ਰਿਹਾ। ਸਰਕਾਰ ਅਤੇ ਪ੍ਰਸ਼ਾਸਨ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਲੰਬੇ ਸਮੇਂ ਤੋਂ ਨਾਕਾਮ ਹੈ।
ਅਕਾਲੀ ਅਤੇ ਕਾਂਗਰਸੀ ਸਰਕਾਰਾਂ ਮੌਕੇ ਦੀ ਸਮੱਸਿਆ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਵੀ ਜਿਉਂ ਦੀ ਤਿਉਂ ਬਰਕਰਾਰ ਬਣੀ ਹੋਈ ਹੈ। ਬਰਨਾਲਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਪਸ਼ੂਆਂ ਦੇ ਘੁੰਮ ਰਹੇ ਝੁੰਡ ਤਿਉਹਾਰਾਂ ਦੇ ਰੰਗ ਨੂੰ ਫਿੱਕਾ ਕਰ ਰਹੇ ਹਨ। ਆਮ ਲੋਕਾਂ ਅਤੇ ਦੁਕਾਨਦਾਰਾਂ ਲਈ ਵੀ ਵੱਡੀ ਪ੍ਰੇਸ਼ਾਨੀ ਬਣ ਰਹੇ ਹਨ। ਪੰਜਾਬ ਸਰਕਾਰ ਵਲੋਂ ਵੱਖ-ਵੱਖ ਤਰੀਕੇ ਲਏ ਜਾ ਰਹੇ ਗਊ ਸੈਸ 'ਤੇ ਵੀ ਸਵਾਲ ਉਠਾਇਆ ਜਾ ਰਿਹਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਗਊ ਸੈਸ ਲੈਣ ਦੇ ਬਾਵਜੂਦ ਸਰਕਾਰ ਆਵਾਰਾ ਪਸ਼ੂਆਂ ਦੀ ਸੰਭਾਲ ਨਹੀਂ ਕਰ ਰਹੀ ਅਤੇ ਇਹ ਗਊ ਸੈਸ ਗਊਆਂ ਦੀ ਸੰਭਾਲ 'ਤੇ ਨਹੀਂ ਖਰਚਿਆ ਜਾ ਰਿਹਾ। ਜਦਕਿ ਬਰਨਾਲਾ ਦੇ ਡੀਸੀ ਵਲੋਂ ਸਰਕਾਰੀ ਗਊਸ਼ਾਲਾ ਵਿੱਚ ਆਵਾਰਾ ਪਸ਼ੂਆਂ ਨੂੰ ਰੱਖਣ ਦੇ ਚੰਗੇ ਪ੍ਰਬੰਧਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਬਰਨਾਲਾ ਸ਼ਹਿਰ ਨਿਵਾਸੀ ਕਿੱਟੀ ਵਰਮਾ ਅਤੇ ਐਡਵੋਕੇਟ ਦੀਪਕ ਜਿੰਦਲ ਨੇ ਦੱਸਿਆ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਬਣ ਚੁੱਕੀ ਹੈ। ਬਰਨਾਲਾ ਜ਼ਿਲ੍ਹੇ ਵਿੱਚ ਇੱਕ ਸਰਕਾਰੀ ਗਊਸ਼ਾਲਾ ਅਤੇ ਹੋਰ ਅਨੇਕਾਂ ਗਊਸ਼ਾਲਾਵਾਂ ਹੋਣ ਦੇ ਬਾਵਜੂਦ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਸਕਿਆ। ਸੜਕਾਂ ਉਪਰ ਖੜੇ ਅਤੇ ਬੈਠੇ ਪਸ਼ੂ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਪਿਛਲੇ ਦਿਨੀਂ ਉਹਨਾਂ ਦੇ ਇੱਕ ਮਿੱਤਰ ਦੀ ਇਸੇ ਤਰ੍ਹਾਂ ਆਵਾਰਾ ਪਸ਼ੂ ਕਾਰਨ ਹੋਏ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ।
ਉਹਨਾਂ ਕਿਹਾ ਕਿ ਕਈ ਵਾਰ ਇਹ ਪਸ਼ੂ ਆਪਸ ਵਿੱਚ ਲੜਦੇ ਹੋਏ ਰਾਹਗੀਰਾਂ ਵਿੱਚ ਟੱਕਰ ਮਾਰਦੇ ਹਨ, ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਉਹਨਾਂ ਕਿਹਾ ਕਿ 2015 ਵਿੱਚ ਸਰਕਾਰ ਵਲੋਂ ਗਊ ਸੈਸ ਦੇ ਨਾਮ 'ਤੇ ਟੈਕਸ ਇਕੱਠਾ ਕੀਤਾ ਜਾਂਦਾ ਹੈ। ਸਰਕਾਰ ਵਹੀਕਲਾਂ, ਸ਼ਰਾਬ, ਪਾਣੀ, ਪੈਟਰੋਲ, ਸੀਮਿੰਟ, ਬਿਜਲੀ ਬਿੱਲ ਤੋਂ ਗਊ ਸੈਸ ਇਕੱਠਾ ਕਰ ਰਹੀ ਹੈ। ਪਰ ਇਹ ਟੈਕਸ ਗਊਵੰਸ਼ਾਂ ਉਪਰ ਸਹੀ ਤਰੀਕੇ ਨਾਲ ਖ਼ਰਚ ਨਹੀਂ ਹੋ ਰਿਹਾ, ਜਿਸ ਕਾਰਨ ਇਹਨਾਂ ਪਸ਼ੂਆਂ ਦੀ ਸਹੀ ਤਰੀਕੇ ਸੰਭਾਲ ਨਹੀਂ ਹੋ ਰਹੀ।
ਉਹਨਾਂ ਕਿਹਾ ਕਿ ਇਹਨਾਂ ਪਸ਼ੂਆਂ ਦਾ ਰੰਗ ਵੀ ਕਾਲਾ ਹੈ ਅਤੇ ਰਾਤ ਸਮੇਂ ਇਹ ਹਨੇਰੇ ਵਿੱਚ ਦਿਖਾਈ ਨਾ ਦੇਣ ਕਰਕੇ ਸੜਕ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ। ਉਹਨਾਂ ਕਿਹਾ ਕਿ ਰਿਫ਼ਲੈਕਟਰ ਇਸ ਸਮੱਸਿਆ ਦਾ ਪੱਕਾ ਹੱਲ ਨਹੀਂ ਹੈ। ਇਸਦੇ ਪੱਕੇ ਹੱਲ ਲਈ ਸਰਕਾਰ ਵਲੋਂ ਬਾਕਾਇਦਾ ਸੜਕਾਂ ਉਪਰ ਘੁੰਮ ਰਹੇ ਪਸ਼ੂਆਂ ਨੁੰ ਗਊਸ਼ਾਲਾਵਾਂ ਵਿੱਚ ਛੱਡਿਆ ਜਾਵੇ ਅਤੇ ਸਰਕਾਰੀ ਗਊਸ਼ਾਲਾਵਾਂ ਵਿੱਚ ਇਹਨਾਂ ਪਸ਼ੂਆਂ ਦੀ ਸੰਭਾਲ ਕਰੇ।
ਇਸ ਮੌਕੇ ਬਰਨਾਲਾ ਜ਼ਿਲ੍ਹੇ ਦੀ ਮਨਾਲ ਸਰਕਾਰੀ ਗਊਸ਼ਾਲਾ ਦੇ ਪ੍ਰਬੰਧਕ ਯੁਵਰਾਜ ਨੇ ਦੱਸਿਆ ਕਿ ਪ੍ਰਸ਼ਾਸਨ ਆਵਾਰਾ ਘੁੰਮ ਰਹੀਆਂ ਗਊਆਂ ਨੂੰ ਫ਼ੜ ਕੇ ਮਨਾਲ ਗਊਸ਼ਾਲਾ ਵਿੱਚ ਛੱਡ ਤਾਂ ਆਉਂਦਾ ਹੈ, ਪਰ ਉਥੋਂ ਦੇ ਪ੍ਰਬੰਧ ਆਮ ਲੋਕ ਹੀ ਚਲਾ ਰਹੇ ਹਨ। ਰੋਜ਼ਾਨਾ ਸ਼ਹਿਰ ਦੇ ਲੋਕ ਇਸ ਗਊਸ਼ਾਲਾ ਦੀਆਂ ਗਊਆਂ ਲਈ ਹਰਾ ਚਾਰਾ ਅਤੇ ਹੋਰ ਖਾਣ ਦਾ ਸਮਾਨ ਭੇਜ ਰਹੇ ਹਨ। ਜਦਕਿ ਸਰਕਾਰ ਇਸ ਗਊਸ਼ਾਲਾ ਵਿੱਚ ਕੋਈ ਪ੍ਰਬੰਧ ਨਹੀਂ ਕਰ ਰਹੀ। ਜਿਸ ਕਰਕੇ ਸਰਕਾਰ ਤੇ ਪ੍ਰਸ਼ਾਸਨ ਨੁੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।
ਉਥੇ ਇਸ ਸਬੰਧੀ ਬਰਨਾਲਾ ਦੇ ਡਿਪਟੀ ਕਮਿਸ਼ਨਰ ਹਰੀਸ਼ ਨਈਅਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਲ ਇੱਕ ਸਰਕਾਰੀ ਗਊਸ਼ਾਲਾ ਪਿੰਡ ਮਨਾਲ ਵਿੱਚ ਮੌਜੂਦ ਹੈ। ਜਿੱਥੇ 650 ਦੇ ਕਰੀਬ ਪਸ਼ੂ ਇਸ ਵੇਲੇ ਮੌਜੂਦ ਹਨ। ਇਹਨਾਂ ਪਸ਼ੂਆਂ ਦੀ ਸੰਭਾਲ ਲਈ ਪਸ਼ੂ ਪਾਲਣ ਵਿਭਾਗ ਮੱਦਦ ਕਰਦਾ ਹੈ। ਪਸ਼ੂਆਂ ਲਈ ਪਾਣੀ, ਚਾਰੇ ਵਗੈਰਾ ਦਾ ਪ੍ਰਬੰਧ ਵੀ ਚੰਗਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਗਊ ਸੈਸ ਇਹਨਾਂ ਪਸ਼ੂਆਂ ਦੀ ਸੰਭਾਲ ਵਿੱਚ ਹੀ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੜਕਾਂ ਉਪਰ ਘੁੰਮ ਰਹੇ ਆਵਾਰਾ ਪਸ਼ੂਆਂ ਨੂੰ ਸਮੇਂ ਸਮੇਂ 'ਤੇ ਪ੍ਰਸ਼ਾਸਨ ਵਲੋਂ ਫ਼ੜ ਕੇ ਗਊਸ਼ਾਲਾ ਵਿੱਚ ਛੱਡਿਆ ਜਾਂਦਾ ਹੈ।
ਇਹ ਵੀ ਪੜ੍ਹੋ: VC ਵਿਵਾਦ 'ਤੇ ਬੇਬਾਕੀ ਨਾਲ ਬੋਲੇ ਰਾਜਪਾਲ, ਕਿਹਾ ਪੰਜਾਬ 'ਚ ਗੁਪਤ ਤਰੀਕੇ ਨਾਲ ਨਿਯੁਕਤੀ ਠੀਕ ਨਹੀਂ