ਬਰਨਾਲਾ: ਦੇਸ਼ ਭਰ ’ਚ ਪੈਟਰੋਲ ਤੇ ਡੀਜ਼ਲ ਦੀਆਂ ਲਗਾਤਾਰ ਕੀਮਤਾਂ ਵਧ ਰਹੀਆਂ ਹਨ। ਜਿਸ ਕਰਕੇ ਦੇਸ਼ ਵਿੱਚ ਮਹਿੰਗਾਈ ਦੀ ਦਰ ਵੀ ਵਧਦੀ ਜਾ ਰਹੀ ਹੈ। ਲਗਾਤਾਰ ਵਧ ਰਹੇ ਪੈਟਰੋਲ ਦੀਆਂ ਕੀਮਤਾਂ ਕਾਰਨ ਲੋਕਾਂ ਵੱਲੋਂ ਜਿੱਥੇ ਮੋਟਰਸਾਈਕਲ ਚਲਾਉਣੇ ਬੰਦ ਕੀਤੇ ਜਾ ਰਹੇ ਹਨ, ਉੱਥੇ ਨਵੇਂ ਮੋਟਰਸਾਈਕਲਾਂ ਦੀ ਖ਼ਰੀਦ ਵੀ ਘਟਾ ਦਿੱਤੀ ਗਈ ਹੈ। ਜਦਕਿ ਦੂਜੇ ਪਾਸੇ ਲੋਕਾਂ ਵੱਲੋਂ ਚਾਰਜਿੰਗ ਵਾਲੇ ਸਕੂਟਰੀਆਂ ਨੂੰ ਜਿਆਦਾ ਖਰੀਦਿਆ ਜਾ ਰਿਹਾ ਹੈ।
ਦੱਸ ਦਈਏ ਕਿ ਬੈਟਰੀਆਂ ਵਾਲੀਆਂ ਸਕੂਟਰੀਆਂ ਦੀ ਮੰਗ ਪਹਿਲਾਂ ਦੇ ਮੁਕਾਬਲੇ ਜਿਆਦਾ ਹੋ ਗਈ ਹੈ। ਜੇਕਰ ਗੱਲ ਕੀਤੀ ਜਾਵੇ ਬਰਨਾਲਾ ਜ਼ਿਲ੍ਹੇ ਦੀ ਤਾਂ ਇੱਥੇ ਇਸਦਾ ਰੁਝਾਨ ਖਾਸਕਰ ਕੇ ਪਿੰਡਾਂ ਵਿੱਚ ਵਧੇਰਾ ਦੇਖਣ ਨੂੰ ਮਿਲ ਰਿਹਾ ਹੈ। ਜ਼ਿਲ੍ਹੇ ਦੇ ਪਿੰਡ ਚੀਮਾ ਵਿੱਚ ਹੁਣ ਤੱਕ 200 ਤੋਂ ਵਾਧੂ ਬੈਟਰੀ ਵਾਲੀਆਂ ਸਕੂਟਰੀਆਂ ਖ਼ਰੀਦੀਆਂ ਜਾ ਚੁੱਕੀਆਂ ਹਨ।
ਇਸ ਸਬੰਧ ਚ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪੈਟਰੋਲ ਦੇ ਰੇਟ 100 ਤੋਂ ਪਾਰ ਕਰ ਚੁੱਕੇ ਹਨ। ਜਿਸ ਕਰਕੇ ਮੋਟਰਸਾਈਕਲਾਂ ਦਾ ਖ਼ਰਚਾ ਆਮ ਨਾਲੋਂ ਬਹੁਤ ਜ਼ਿਆਦਾ ਵਧ ਗਿਆ ਹੈ। ਇਸੇ ਕਾਰਨ ਹੀ ਬੈਟਰੀ ਵਾਲੀਆਂ ਸਕੂਟਰੀਆਂ ਦੀ ਮੰਗ ਵਧੀ ਹੈ। ਇਹ ਸਕੂਟਰੀਆਂ ਲੈਣੀ ਉਨ੍ਹਾਂ ਦੀ ਮਜਬੂਰੀ ਬਣ ਗਈ ਹੈ। 60-70 ਹਜ਼ਾਰ ਵਾਲੇ ਚਾਲੂ ਹਾਲਤ ਵਿੱਚ ਮੋਟਰਸਾਈਕਲਾਂ ਨੂੰ ਘਰਾਂ ਵਿੱਚ ਖੜਾਉਣ ਲਈ ਉਹ ਮਜਬੂਰ ਹਨ। ਕਿਉਂਕਿ ਮਹਿੰਗੇ ਪੈਟਰੋਲ ਦਾ ਖਰਚਾ ਉਨ੍ਹਾਂ ਦੀਆਂ ਜੇਬਾਂ ਨਹੀਂ ਝੱਲ ਸਕਦੀਆਂ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਸਕੂਟਰੀਆਂ ਨੂੰ ਖ਼ਰੀਦਣ ਲਈ ਹੋ ਰਹੇ ਵਾਧੂ ਖਰਚ ਲਈ ਵੀ ਸਰਕਾਰਾਂ ਜ਼ਿੰਮੇਵਾਰ ਹਨ।
ਬੈਟਰੀ ਵਾਲੀਆਂ ਸਕੂਟਰੀਆਂ ਦੀ ਏਜੰਸੀ ਵਾਲੇ ਵਿਅਕਤੀ ਨੇ ਦੱਸਿਆ ਕਿ ਬਰਨਾਲਾ ਦੇ ਜ਼ਿਲ੍ਹੇ ਭਰ ਵਿੱਚ ਇਸ ਵੇਲੇ ਦੱਸ ਤੋਂ ਜਿਆਦਾ ਇਨ੍ਹਾਂ ਸਕੂਟਰੀਆਂ ਦੀਆਂ ਏਜੰਸੀਆਂ ਨਵੀਂਆਂ ਖੁੱਲ੍ਹ ਗਈਆਂ ਹਨ। ਪੈਟਰੋਲ ਦੀਆਂ ਕੀਮਤਾਂ ਵਧਣ ਕਾਰਨ ਲੋਕਾਂ ਦਾ ਰੁਝਾਨ ਇਨ੍ਹਾਂ ਸਕੂਟਰੀਆਂ ਵੱਲ ਵਧਿਆ ਹੈ। ਦੂਜੇ ਪਾਸੇ ਪਿਛਲੇ ਕਈ ਸਾਲਾਂ ਤੋਂ ਚਾਰਜਿੰਗ ਸਕੂਟਰੀਆਂ ਵੇਚਣ ਦਾ ਕੰਮ ਕਰਨ ਵਾਲੇ ਕਪਿਲ ਕੁਮਾਰ ਦਾਦੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਨ੍ਹਾਂ ਸਕੂਟਰੀਆਂ ਵੱਲ ਲੋਕਾਂ ਦਾ ਰੁਝਾਨ ਨਹੀਂ ਦੇਖਿਆ। ਪੈਟਰੋਲ ਦੀਆਂ ਕੀਮਤਾਂ ਵਧਣ ਕਾਰਨ ਹੀ ਲੋਕ ਚਾਰਜਿੰਗ ਸਕੂਟਰੀਆਂ ਲੈਣ ਲੱਗੇ ਹਨ।