ਬਰਨਾਲਾ: ਮਹਿਲ ਕਲਾਂ ਵਿਖੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਮੌਜੂਦ ਵਰਕਰਾਂ ਨੇ ਢੀਂਡਸਾ ਪਰਿਵਾਰ ਨਾਲ ਚੱਲਣ ਦਾ ਫ਼ੈਸਲਾ ਲਿਆ।
ਮੀਟਿੰਗ ਵਿੱਚ ਪੁੱਜੇ ਵਰਕਰਾਂ ਤੇ ਆਗੂਆਂ ਨੂੰ ਸੰਬੋਧਨ ਕਰਦਿਆਂ ਢੀਂਡਸਾ ਨੇ ਕਿਹਾ ਕਿ ਪੰਜਾਬ ਵਿਚ ਅੱਜ ਵੀ 80 ਫ਼ੀਸਦੀ ਲੋਕ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਹਨ। ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤਾਂ ਤੇ ਮਾਣ ਨੂੰ ਵਾਪਸ ਲਿਆਉਣ ਲਈ ਵੱਡੀ ਗਿਣਤੀ ਵਿੱਚ ਟਕਸਾਲੀ ਅਕਾਲੀ ਆਗੂ ਉਨ੍ਹਾਂ ਦਾ ਸਾਥ ਦੇ ਰਹੇ ਹਨ। ਉਨ੍ਹਾਂ ਦਾ ਉਦੇਸ਼ ਪਾਰਟੀ ਨੂੰ ਖ਼ਤਮ ਕਰਨਾ ਨਹੀਂ ਹੈ, ਸਗੋਂ ਬਾਦਲਾਂ ਤੋਂ ਮੁਕਤ ਕਰਵਾਉਣਾ ਹੈ।
ਉੱਥੇ ਹੀ ਜਦੋਂ ਪਰਮਿੰਦਰ ਢੀਂਡਸਾ ਨੂੰ 2 ਜਨਵਰੀ ਨੂੰ ਸੰਗਰੂਰ ਵਿਖੇ ਹੋਣ ਵਾਲੀ ਰੈਲੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਨੂੰ ਉਸ ਰੈਲੀ ਨਾਲ ਕੋਈ ਫ਼ਰਕ ਨਹੀਂ ਪੈਂਦਾ ਤੇ ਨਾ ਹੀ ਉਸ ਰੈਲੀ ਸਬੰਧੀ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਦਾ ਮਕਸਦ ਆਪਣੇ ਮਿਸ਼ਨ ਬਾਰੇ ਵਰਕਰਾਂ ਨੂੰ ਜਾਣੂ ਕਰਵਾਉਣਾ ਹੈ, ਤੇ ਉਹ ਉਸ ਸਬੰਧੀ ਵਰਕਰਾਂ ਨਾਲ ਮੀਟਿੰਗ ਕਰਦੇ ਰਹਿਣਗੇ। ਢੀਂਡਸਾ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਪਾਰਟੀ ਤੋਂ ਨਹੀਂ ਦੁਖ਼ੀ, ਸਗੋਂ ਪਾਰਟੀ ਦੀ ਅਗਵਾਈ ਕਰਨ ਵਾਲਿਆਂ ਤੋਂ ਦੁਖ਼ੀ ਹਨ।
ਤੁਹਾਨੂੰ ਇੱਥੇ ਦੱਸ ਦਈਏ ਕਿ ਪਿਛਲੇ ਦਿਨੀਂ ਹੋਈ ਕੋਰ ਕਮੇਟੀ ਦੀ ਬੈਠਕ ਵਿੱਚ ਢੀਂਡਸਾ ਪਰਿਵਾਰ ਨੂੰ ਅਕਾਲੀ ਦਲ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਢੀਂਡਸਾ ਪਰਿਵਾਰ ਤੇ ਅਕਾਲੀਆਂ ਵਿਚਕਾਰ ਸ਼ਬਦੀ ਹਮਲੇ ਲਗਾਤਾਰ ਜਾਰੀ ਹੈ। ਇਸ ਦੇ ਨਾਲ ਹੀ ਦੋਹਾਂ ਵਿਚਕਾਰ ਦੂਰੀਆਂ ਵੀ ਕਾਫ਼ੀ ਵੱਧ ਗਈਆਂ ਹਨ।
2019 ਦੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਕੰਮ ਗਿਣਵਾਉਣ ਵਾਲਾ ਢੀਂਡਸਾ ਪਰਿਵਾਰ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਅਕਾਲੀਆਂ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਦੀ ਗੱਲ ਕਰ ਰਿਹਾ ਹੈ। ਹੁਣ ਵੇਖਣ ਵਾਲੀ ਗੱਲ ਇਹ ਹੈ ਕੀ ਢੀਂਡਸਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲਕਿਆਂ ਤੋਂ ਮੁਕਤ ਕਰਵਾਉਣ ਵਿੱਚ ਸਫ਼ਲ ਹੋਵੇਗਾ ਜਾਂ ਨਹੀਂ?